ਨਿਊਜ਼ੀਲੈਂਡ ’ਚ ਭਾਰਤੀ ਰੈਸਟੋਰੈਂਟ ਮਾਲਕ ਨੂੰ ਕਰੀਬ 4 ਲੱਖ ਡਾਲਰ ਦਾ ਜੁਰਮਾਨਾ

ਆਕਲੈਂਡ,  &ndash ਨਿਊਜ਼ੀਲੈਂਡ ਦੇ ਆਕਲੈਂਡ ਸਥਿਤ ਇੱਕ ਭਾਰਤੀ ਰੈਸਟੋਰੈਂਟ ਅਤੇ ਉਸ ਦੇ ਮਾਲਕ ਨੂੰ ਪ੍ਰਵਾਸੀ ਕਰਮਚਾਰੀਆਂ ਦੇ ਸ਼ੋਸ਼ਣ ਦੇ ਮਾਮਲੇ ਵਿੱਚ ਕਰੀਬ 4 ਲੱਖ ਡਾਲਰ ਦਾ ਜੁਰਮਾਨਾ ਅਤੇ ਹਰਜਾਨਾ ਅਦਾ ਕਰਨ ਦੇ ਹੁਕਮ ਦਿੱਤੇ ਗਏ ਹਨ।

ਇਹ ਮਾਮਲਾ ਆਕਲੈਂਡ ਦੇ ਭਾਰਤੀ ਰੈਸਟੋਰੈਂਟ &lsquoਦ ਇੰਡੀਅਨ ਟੇਸਟ&rsquo ਅਤੇ ਇਸ ਦੇ ਸਾਬਕਾ ਡਾਇਰੈਕਟਰ ਕ੍ਰਿਸ਼ਨਾ ਖੰਡੇਲਵਾਲ ਨਾਲ ਸਬੰਧਤ ਹੈ। ਨਿਊਜ਼ੀਲੈਂਡ ਦੀ ਐਂਪਲਾਇਮੈਂਟ ਰਿਲੇਸ਼ਨਜ਼ ਅਥਾਰਟੀ ਅਤੇ ਲੇਬਰ ਇੰਸਪੈਕਟੋਰੇਟ ਵੱਲੋਂ ਨੌਂ ਮਹੀਨੇ ਚੱਲੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਰੈਸਟੋਰੈਂਟ ਵਿੱਚ ਕੰਮ ਕਰ ਰਹੇ ਸੱਤ ਪ੍ਰਵਾਸੀ ਕਰਮਚਾਰੀਆਂ ਨਾਲ ਗੰਭੀਰ ਸ਼ੋਸ਼ਣ ਕੀਤਾ ਗਿਆ।

ਜਾਂਚ ਅਨੁਸਾਰ ਕਰਮਚਾਰੀਆਂ ਤੋਂ ਹਫ਼ਤੇ ਵਿੱਚ 60 ਤੋਂ 90 ਘੰਟੇ ਤੱਕ ਕੰਮ ਕਰਵਾਇਆ ਜਾਂਦਾ ਸੀ, ਪਰ ਉਨ੍ਹਾਂ ਨੂੰ ਸਿਰਫ਼ 30 ਘੰਟਿਆਂ ਦੀ ਤਨਖ਼ਾਹ ਦਿੱਤੀ ਜਾਂਦੀ ਸੀ। ਕੁਝ ਕਰਮਚਾਰੀਆਂ ਤੋਂ ਨੌਕਰੀ ਦੇ ਸ਼ੁਰੂਆਤੀ ਦਿਨਾਂ ਦੌਰਾਨ ਇੱਕ ਤੋਂ ਦੋ ਹਫ਼ਤੇ ਤੱਕ ਬਿਨਾਂ ਤਨਖ਼ਾਹ ਦੇ ਕੰਮ ਵੀ ਲਿਆ ਗਿਆ।

ਇਸ ਤੋਂ ਇਲਾਵਾ ਕਰਮਚਾਰੀਆਂ ਨੂੰ ਸਰਕਾਰ ਵੱਲੋਂ ਨਿਰਧਾਰਤ ਘੱਟੋ-ਘੱਟ ਤਨਖ਼ਾਹ ਨਹੀਂ ਦਿੱਤੀ ਗਈ, ਸਾਲਾਨਾ ਛੁੱਟੀਆਂ ਦੇ ਹੱਕ ਤੋਂ ਵਾਂਝਾ ਰੱਖਿਆ ਗਿਆ ਅਤੇ ਤਨਖ਼ਾਹਾਂ ਵਿੱਚੋਂ ਗ਼ੈਰ-ਕਾਨੂੰਨੀ ਕਟੌਤੀਆਂ ਕੀਤੀਆਂ ਗਈਆਂ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਕੁਝ ਕਰਮਚਾਰੀਆਂ ਤੋਂ ਨੌਕਰੀ ਜਾਰੀ ਰੱਖਣ ਦੇ ਬਦਲੇ ਵੱਡੀਆਂ ਰਕਮਾਂ ਵੀ ਵਸੂਲ ਕੀਤੀਆਂ ਗਈਆਂ।

ਅਧਿਕਾਰੀਆਂ ਨੇ ਰੈਸਟੋਰੈਂਟ ਪ੍ਰਬੰਧਨ ਵੱਲੋਂ ਕਰਮਚਾਰੀਆਂ ਦੀ ਤਨਖ਼ਾਹ, ਕੰਮ ਦੇ ਘੰਟਿਆਂ ਅਤੇ ਛੁੱਟੀਆਂ ਸਬੰਧੀ ਸਹੀ ਰਿਕਾਰਡ ਨਾ ਰੱਖਣ ਨੂੰ ਵੀ ਕਾਨੂੰਨੀ ਉਲੰਘਣਾ ਕਰਾਰ ਦਿੱਤਾ ਹੈ।

ਐਂਪਲਾਇਮੈਂਟ ਰਿਲੇਸ਼ਨਜ਼ ਅਥਾਰਟੀ ਨੇ ਕ੍ਰਿਸ਼ਨਾ ਖੰਡੇਲਵਾਲ &rsquoਤੇ ਨਿੱਜੀ ਤੌਰ &rsquoਤੇ 177,300 ਡਾਲਰ ਦਾ ਜੁਰਮਾਨਾ ਲਗਾਇਆ ਹੈ, ਜਦਕਿ ਲਗਭਗ 200,000 ਡਾਲਰ ਪ੍ਰਭਾਵਿਤ ਕਰਮਚਾਰੀਆਂ ਨੂੰ ਬਕਾਇਆ ਤਨਖ਼ਾਹ ਅਤੇ ਹਰਜਾਨੇ ਵਜੋਂ ਅਦਾ ਕਰਨ ਦੇ ਹੁਕਮ ਦਿੱਤੇ ਗਏ ਹਨ।

ਲੇਬਰ ਇੰਸਪੈਕਟੋਰੇਟ ਦੇ ਮੈਨੇਜਰ ਸੈਮ ਮਿਲਜ਼ ਨੇ ਕਿਹਾ ਕਿ ਇਹ ਫ਼ੈਸਲਾ ਉਨ੍ਹਾਂ ਮਾਲਕਾਂ ਲਈ ਸਖ਼ਤ ਚੇਤਾਵਨੀ ਹੈ ਜੋ ਪ੍ਰਵਾਸੀ ਮਜ਼ਦੂਰਾਂ ਦੀ ਕਾਨੂੰਨੀ ਜਾਣਕਾਰੀ ਦੀ ਘਾਟ ਜਾਂ ਮਜ਼ਬੂਰੀ ਦਾ ਫਾਇਦਾ ਚੁੱਕ ਕੇ ਉਨ੍ਹਾਂ ਦਾ ਸ਼ੋਸ਼ਣ ਕਰਦੇ ਹਨ।

ਉਨ੍ਹਾਂ ਕਿਹਾ ਕਿ ਨਿਊਜ਼ੀਲੈਂਡ ਦੇ ਰੁਜ਼ਗਾਰ ਕਾਨੂੰਨਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਨਿਯੋਗਤਾ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਮਜ਼ਦੂਰਾਂ ਦੇ ਹੱਕਾਂ ਦੀ ਰੱਖਿਆ ਲਈ ਸਖ਼ਤ ਕਾਰਵਾਈ ਜਾਰੀ ਰਹੇਗੀ।