ਈਰਾਨ ਜਾਣ ਵਾਲੇ ਭਾਰਤੀਆਂ ਲਈ ਚੇਤਾਵਨੀ, ਦੂਤਘਰ ਨੇ ਜਾਰੀ ਕੀਤੀ ਤਾਜ਼ਾ ਐਡਵਾਇਜ਼ਰੀ

ਤੇਹਰਾਨ,  : ਈਰਾਨ ਵਿੱਚ ਮੌਜੂਦਾ ਸੁਰੱਖਿਆ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਤੇਹਰਾਨ ਸਥਿਤ ਭਾਰਤੀ ਦੂਤਘਰ ਨੇ ਭਾਰਤੀ ਨਾਗਰਿਕਾਂ ਲਈ ਨਵੀਂ ਯਾਤਰਾ ਐਡਵਾਇਜ਼ਰੀ ਜਾਰੀ ਕੀਤੀ ਹੈ। ਦੂਤਘਰ ਨੇ ਕਿਹਾ ਹੈ ਕਿ ਹਾਲਾਤਾਂ ਵਿੱਚ ਕੁਝ ਸੁਧਾਰ ਦੇ ਬਾਵਜੂਦ ਭਾਰਤੀ ਨਾਗਰਿਕਾਂ ਨੂੰ ਗੈਰ-ਜ਼ਰੂਰੀ ਯਾਤਰਾ ਤੋਂ ਬਚਣਾ ਚਾਹੀਦਾ ਹੈ।
ਐਡਵਾਇਜ਼ਰੀ ਅਨੁਸਾਰ ਜੋ ਭਾਰਤੀ ਨਾਗਰਿਕ ਇਸ ਵੇਲੇ ਈਰਾਨ ਵਿੱਚ ਰਹਿ ਰਹੇ ਹਨ ਜਾਂ ਜਿਨ੍ਹਾਂ ਲਈ ਉੱਥੇ ਜਾਣਾ ਬਹੁਤ ਜ਼ਰੂਰੀ ਹੈ, ਉਹ ਵਿਸ਼ੇਸ਼ ਸਾਵਧਾਨੀ ਵਰਤਣ। ਦੂਤਘਰ ਨੇ ਲੋਕਾਂ ਨੂੰ ਸਥਾਨਕ ਖ਼ਬਰਾਂ ਅਤੇ ਸਰਕਾਰੀ ਹਦਾਇਤਾਂ &rsquoਤੇ ਲਗਾਤਾਰ ਨਜ਼ਰ ਰੱਖਣ ਦੀ ਅਪੀਲ ਕੀਤੀ ਹੈ।
ਭਾਰਤੀ ਦੂਤਘਰ ਨੇ ਸਾਰੇ ਭਾਰਤੀ ਨਾਗਰਿਕਾਂ ਨੂੰ ਆਪਣੀ ਜਾਣਕਾਰੀ ਦੂਤਘਰ ਕੋਲ ਦਰਜ ਕਰਵਾਉਣ ਲਈ ਵੀ ਕਿਹਾ ਹੈ ਤਾਂ ਜੋ ਕਿਸੇ ਵੀ ਐਮਰਜੈਂਸੀ ਸਥਿਤੀ ਵਿੱਚ ਤੁਰੰਤ ਸਹਾਇਤਾ ਮੁਹੱਈਆ ਕਰਵਾਈ ਜਾ ਸਕੇ।
ਐਮਰਜੈਂਸੀ ਮਦਦ ਲਈ ਦੂਤਘਰ ਨੇ ਕਈ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਹਨ ਅਤੇ ਲੋੜ ਪੈਣ &rsquoਤੇ ਨਾਗਰਿਕਾਂ ਨੂੰ ਤੁਰੰਤ ਸੰਪਰਕ ਕਰਨ ਦੀ ਸਲਾਹ ਦਿੱਤੀ ਹੈ।
ਇਹ ਐਡਵਾਇਜ਼ਰੀ ਉਸ ਵੇਲੇ ਜਾਰੀ ਕੀਤੀ ਗਈ ਹੈ ਜਦੋਂ ਹਾਲ ਹੀ ਵਿੱਚ ਅਮਰੀਕਾ ਅਤੇ ਈਰਾਨ ਦਰਮਿਆਨ ਤਣਾਅ ਘਟਾਉਣ ਲਈ ਇੱਕ ਸਮਝੌਤੇ ਦੀ ਘੋਸ਼ਣਾ ਕੀਤੀ ਗਈ ਹੈ। ਭਾਰਤ ਸਰਕਾਰ ਨੇ ਇਸ ਕਦਮ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਖੇਤਰੀ ਸਥਿਰਤਾ ਅਤੇ ਸ਼ਾਂਤੀ ਲਈ ਸੰਵਾਦ ਅਤੇ ਕੂਟਨੀਤਿਕ ਯਤਨ ਸਭ ਤੋਂ ਪ੍ਰਭਾਵਸ਼ਾਲੀ ਰਸਤਾ ਹਨ।
ਵਿਦੇਸ਼ ਮੰਤਰਾਲੇ ਨੇ ਦੁਹਰਾਇਆ ਕਿ ਭਾਰਤ ਹਮੇਸ਼ਾ ਵਿਵਾਦਾਂ ਦੇ ਸ਼ਾਂਤੀਪੂਰਨ ਹੱਲ ਅਤੇ ਤਣਾਅ ਘਟਾਉਣ ਦੇ ਯਤਨਾਂ ਦਾ ਸਮਰਥਨ ਕਰਦਾ ਆਇਆ ਹੈ।