ਇਟਲੀ ਦੇ ਸ਼ਹਿਰ ਬਰੇਸ਼ੀਆ ਦੀ ਜੇਲ ਵਿੱਚ ਜਿਣਸੀ ਛੇੜ-ਛਾੜ ਦੇ ਦੋਸ਼ਾਂ ਤਹਿਤ ਜੇਲ ਕੱਟ ਰਹੇ 23 ਸਾਲਾ ਪੰਜਾਬੀ ਨੌਜਵਾਨ ਵਲੋ ਖੁਦਕਸ਼ੀ

 ਰੋਮ ਇਟਲੀ 26 ਜੂਨ (ਗੁਰਸ਼ਰਨ ਸਿੰਘ ਸੋਨੀ) ਉੱਤਰੀ ਇਟਲੀ ਦੇ ਸੂਬੇ ਲੰਬਾਰਦੀਆ ਦੇ ਜਿਲ੍ਹਾ ਬਰੇਸ਼ੀਆ ਅਧੀਨ ਆਉਂਦੇ ਸ਼ਹਿਰ ਕਨਚੇਸੀਉ ਦੀ ਵਾਟਰ ਪਾਰਕ ਵਿੱਚ ਐਤਵਾਰ ਵਾਲੇ ਦਿਨ 13 ਕੁ ਸਾਲ ਦੀਆਂ ਚਾਰ ਕੁੜੀਆਂ ਨਾਲ ਜਿਸਮਾਨੀ ਛੇੜ ਖਾਨੀ ਕਰਕੇ ਪੁਲਿਸ ਹਿਰਾਸਤ ਵਿੱਚ ਇੱਕ 23 ਸਾਲਾ ਪੰਜਾਬੀ ਨੌਜਵਾਨ ਵਲੋ ਜੇਲ ਦੇ ਇੱਕ ਸੈੱਲ ਵਿੱਚ ਖੁਦਕਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਇਟਾਲੀਅਨ ਮੀਡੀਆ ਦੀ ਰਿਪੋਰਟ ਮੁਤਾਵਿਕ ਇਸ ਨੌਜਵਾਨ ਨੂੰ ਐਤਵਾਰ ਸਾਮ ਨੂੰ ਵਾਟਰ ਪਾਰਕ ਦੇ ਨਜਦੀਕੀ ਸ਼ਹਿਰ ਵਿੱਲਾ ਕਰਚੀਨਾ ਦੀ ਪੁਲਿਸ ਵਲੋਂ ਗ੍ਰਿਫਤਾਰ ਕੀਤਾ ਗਿਆ ਸੀ। ਉਪਰੰਤ ਇਸ ਪੰਜਾਬੀ ਨੌਜਵਾਨ ਨੂੰ ਕੰਟੋਨ ਮੋਮਬੈਲੋ ਜੇਲ ਭੇਜ ਦਿੱਤਾ ਗਿਆ ਸੀ।ਜਿੱਥੇ ਕਿ ਉਸ ਨੂੰ ਕੁੱਝ ਘੰਟਿਆਂ ਬਅਦ ਹੀ ਜੇਲ ਦੇ ਸੈਲ ਵਿੱਚ ਮ੍ਰਿਤਕ ਪਾਇਆ ਗਿਆ। ਬਰੇਸ਼ੀਆ ਦੇ ਜਿਲਾ ਮੈਜਿਸਟਰੇਟ ਨੇ ਇਸ ਘਟਨਾ ਦੀ ਉੱਚ ਪੱਧਰੀ ਜਾਂਚ ਅਤੇ ਪੋਸਟ ਮਾਰਟਮ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਮ੍ਰਿਤਕ ਨੌਜਵਾਨ ਇਟਲੀ ਵਿੱਚ ਰਾਜਨੀਤਿਕ ਸ਼ਰਨ ਲੈ ਕੇ ਰਹਿੰਦਾ ਸੀ। ਖਬਰ ਲਿਖੇ ਜਾਣ ਤੱਕ ਇਟਾਲੀਅਨ ਪੁਲਿਸ ਨੇ ਇਸ ਨੌਜਵਾਨ ਦੀ ਪਹਿਚਾਣ ਜਨਤਕ ਨਹੀਂ ਕੀਤੀ।
ਇਸ ਸਬੰਧੀ ਪੰਜਾਬ ਤੋ ਪ੍ਰਾਪਤ ਜਾਣਕਾਰੀ ਮੁਤਾਵਿਕ ਮ੍ਰਿਤਕ ਦੀ ਪਹਿਚਾਣ ਸੁਖਵਿੰਦਰ ਸਿੰਘ ਸੋਨੂੰ ਪੁੱਤਰ ਗੁਰਮੀਤ ਸਿੰਘ ,ਪਿੰਡ ਮਿਆਣੀ , ਜਿਲਾ ਹੁਸ਼ਿਆਰਪੁਰ ਵਜੋਂ ਹੋਈ ਹੈ। ਪ੍ਰੈਸ ਨੂੰ ਜਾਚਕਾਰੀ ਦਿੰਦਿਆਂ ਮ੍ਰਿਤਕ ਦੇ ਪਿਤਾ ਗੁਰਮੀਤ ਸਿੰਘ ਨੇ ਦੱਸਿਆ ਕਿ ਪੰਜ ਸਾਲ ਪਹਿਲਾਂ ਕਰਜਾ ਚੁੱਕ ਕੇ ਉਸ ਨੂੰ ਇਟਲੀ ਭੇਜਿਆ ਸੀ ਅਤੇ ਉਹ ਦੋ ਭੈਣਾਂ ਦਾ ਇਕਲੌਤਾ ਭਰਾ ਸੀ । ਕੁੱਝ ਸਮਾਂ ਪਹਿਲਾਂ ਉਸ ਦੀ ਮਾਤਾ ਦੀ ਵੀ ਮੌਤ ਹੋ ਗਈ ਸੀ। ਉਹਨ ਮੁਤਾਵਿਕ ਸੁਖਵਿੰਦਰ ਸਿੰਘ ਚੰਗੇ ਸੁਭਾਅ ਦਾ ਲੜਕਾ ਸੀ ਅਤੇ ਜੋ ਇਲਜਾਮ ਉਸ ਉੱਪਰ ਲੱਗਗ ਹਨ ਉਹ ਗਲਤ ਹਨ। ਉਹਨਾਂ ਪੰਜਾਬ ਦੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੂੰ ਅਪੀਲ ਕੀਤੀ ਕਿ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ ਅਤੇ ਮ੍ਰਿਤਕ ਸਰੀਰ ਨੂੰ ਭਾਰਤ ਲਿਆਉਣ ਵਿੱਚ ਪਰਿਵਾਰ ਦੀ ਮੱਦਦ ਕੀਤੀ ਜਾਵੇ।