ਭਾਜਪਾ ਦਾ ਪੰਜਾਬ ਵਿਰੋਧੀ ਏਜੰਡਾ ਬੇਨਕਾਬ ਹੋ ਚੁੱਕਾ ਹੈ, ਪੰਜਾਬ ਦੇ ਲੋਕ ਇਸ ਦੀਆਂ ਸਾਜ਼ਿਸ਼ਾਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਣਗੇ: ਕੁਲਦੀਪ ਸਿੰਘ ਧਾਲੀਵਾਲ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) 'ਤੇ ਪੰਜਾਬ ਦੀ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਭੰਗ ਕਰਨ ਦੇ ਸਿੱਧੇ ਦੋਸ਼ ਲਗਾਏ ਹਨ। ਧਾਲੀਵਾਲ ਨੇ ਕਿਹਾ ਕਿ ਕਰੀਬ ਇੱਕ ਮਹੀਨਾ ਪਹਿਲਾਂ ਜਦੋਂ ਬੰਬ ਧਮਾਕੇ ਹੋਏ ਸਨ, ਉਸ ਸਮੇਂ ਵੀ ਉਨ੍ਹਾਂ ਨੇ ਡੰਕੇ ਦੀ ਚੋਟ 'ਤੇ ਕਿਹਾ ਸੀ ਕਿ ਭਾਜਪਾ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀ ਹੈ। ਅੱਜ ਉਨ੍ਹਾਂ ਦੀ ਉਹ ਗੱਲ 100 ਫ਼ੀਸਦੀ ਸੱਚ ਸਾਬਤ ਹੋ ਗਈ ਹੈ।

ਮੰਗਲਵਾਰ ਨੂੰ ਇੱਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਪੰਜਾਬ ਵਿੱਚ ਕੀਤੇ ਜਾ ਰਹੇ ਇਤਿਹਾਸਕ ਲੋਕ-ਹਿੱਤ ਦੇ ਕੰਮਾਂ ਕਾਰਨ ਭਾਜਪਾ ਬੁਰੀ ਤਰ੍ਹਾਂ ਬੌਖਲਾ ਗਈ ਹੈ। ਇਸੇ ਘਬਰਾਹਟ ਵਿੱਚ ਪੰਜਾਬ ਨੂੰ ਅਸਥਿਰ ਕਰਨ ਲਈ ਭਾਜਪਾ ਖ਼ਤਰਨਾਕ ਚਾਲਾਂ ਚੱਲ ਰਹੀ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਨਵੇਂ ਨਿਯੁਕਤ ਸ਼ਹਿਰੀ ਪ੍ਰਧਾਨ ਸਰਬਜੋਤ ਵੀ ਮੌਜੂਦ ਸਨ।