ਵੇਨੇਜ਼ੁਏਲਾ ਵਿੱਚ ਭੂਚਾਲ ਕਾਰਨ ਭਾਰੀ ਤਬਾਹੀ, ਹੁਣ ਤੱਕ 235 ਮੌਤਾਂ, 4,300 ਤੋਂ ਵੱਧ ਲੋਕ ਜ਼ਖ਼ਮੀ

ਦੱਖਣੀ ਅਮਰੀਕੀ ਦੇਸ਼ ਵੇਨੇਜ਼ੁਏਲਾ ਵਿੱਚ ਆਏ ਭਿਆਨਕ ਭੂਚਾਲ ਨੇ ਵੱਡੇ ਪੱਧਰ 'ਤੇ ਤਬਾਹੀ ਮਚਾ ਦਿੱਤੀ ਹੈ। ਮਹਿਜ਼ ਇੱਕ ਮਿੰਟ ਦੇ ਅੰਦਰ 7.2 ਅਤੇ 7.5 ਤੀਬਰਤਾ ਦੇ ਦੋ ਸ਼ਕਤੀਸ਼ਾਲੀ ਭੂਚਾਲ ਆਉਣ ਕਾਰਨ ਕਈ ਸ਼ਹਿਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਹੁਣ ਤੱਕ ਘੱਟੋ-ਘੱਟ 235 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ 4,300 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ।

ਅਧਿਕਾਰੀਆਂ ਮੁਤਾਬਕ ਮ੍ਰਿਤਕਾਂ ਦੀ ਗਿਣਤੀ ਵਿੱਚ ਹੋਰ ਵਾਧਾ ਹੋ ਸਕਦਾ ਹੈ, ਕਿਉਂਕਿ ਅਜੇ ਵੀ ਕਈ ਲੋਕ ਮਲਬੇ ਹੇਠਾਂ ਫਸੇ ਹੋਏ ਹਨ।

ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਸੈਂਕੜਿਆਂ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਸ਼ੁਰੂਆਤੀ ਰਿਪੋਰਟਾਂ ਅਨੁਸਾਰ ਕਰੀਬ 250 ਇਮਾਰਤਾਂ ਪੂਰੀ ਤਰ੍ਹਾਂ ਜਾਂ ਅੰਸ਼ਕ ਤੌਰ 'ਤੇ ਤਬਾਹ ਹੋ ਗਈਆਂ ਹਨ। ਇਸ ਤੋਂ ਇਲਾਵਾ ਲਗਭਗ 200 ਲੋਕਾਂ ਦੇ ਮਲਬੇ ਹੇਠਾਂ ਫਸੇ ਹੋਣ ਦਾ ਖਦਸ਼ਾ ਹੈ। ਬਚਾਅ ਟੀਮਾਂ ਲਗਾਤਾਰ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਜੁਟੀਆਂ ਹੋਈਆਂ ਹਨ ਅਤੇ ਮਲਬਾ ਹਟਾ ਕੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੀਆਂ ਹਨ।

ਇਸ ਭਿਆਨਕ ਆਫ਼ਤ ਕਾਰਨ ਹਜ਼ਾਰਾਂ ਲੋਕ ਜ਼ਖ਼ਮੀ ਹੋਏ ਹਨ ਅਤੇ ਵੱਡੀ ਗਿਣਤੀ ਵਿੱਚ ਪਰਿਵਾਰ ਬੇਘਰ ਹੋ ਗਏ ਹਨ।

ਇਸੇ ਦੌਰਾਨ, ਲਾਪਤਾ ਵਿਅਕਤੀਆਂ ਦੀ ਜਾਣਕਾਰੀ ਦਰਜ ਕਰਨ ਵਾਲੀ ਇੱਕ ਆਨਲਾਈਨ ਵੈੱਬਸਾਈਟ 'ਤੇ 46,000 ਤੋਂ ਵੱਧ ਲੋਕਾਂ ਨੂੰ ਲਾਪਤਾ ਦਰਸਾਇਆ ਗਿਆ ਹੈ। ਹਾਲਾਂਕਿ, ਅਧਿਕਾਰੀਆਂ ਨੇ ਅਜੇ ਤੱਕ ਇਸ ਅੰਕੜੇ ਦੀ ਸੁਤੰਤਰ ਪੁਸ਼ਟੀ ਨਹੀਂ ਕੀਤੀ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸਹੀ ਜਾਣਕਾਰੀ ਇਕੱਠੀ ਕਰਨ ਅਤੇ ਪ੍ਰਭਾਵਿਤ ਲੋਕਾਂ ਦਾ ਪਤਾ ਲਗਾਉਣ ਦਾ ਕੰਮ ਲਗਾਤਾਰ ਜਾਰੀ ਹੈ।