ਪੋਲੈਂਡ ਵਿੱਚ ਦੋ ਯਾਤਰੀ ਰੇਲਗੱਡੀਆਂ ਆਪਸ ਵਿੱਚ ਟਕਰਾਈਆਂ, ਕਈ ਡੱਬੇ ਪਟੜੀ ਤੋਂ ਉਤਰੇ, ਦਰਜਨਾਂ ਯਾਤਰੀ ਜ਼ਖ਼ਮੀ

ਵਾਰਸਾ,  : ਪੋਲੈਂਡ ਦੇ ਪੱਛਮੀ-ਮੱਧ ਖੇਤਰ ਵਿੱਚ ਵੀਰਵਾਰ ਸ਼ਾਮ ਦੋ ਯਾਤਰੀ ਰੇਲਗੱਡੀਆਂ ਦੀ ਆਪਸੀ ਟੱਕਰ ਨਾਲ ਹੜਕੰਪ ਮਚ ਗਿਆ। ਹਾਦਸੇ ਤੋਂ ਬਾਅਦ ਕਈ ਡੱਬੇ ਪਟੜੀ ਤੋਂ ਉਤਰ ਗਏ ਅਤੇ ਕਈ ਯਾਤਰੀ ਜ਼ਖ਼ਮੀ ਹੋਣ ਦੀ ਸੂਚਨਾ ਮਿਲੀ ਹੈ।

ਮੁੱਢਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਬਿਆਲੋਸ਼ਲੀਵੇ ਇਲਾਕੇ ਨੇੜੇ ਸ਼ਾਮ ਕਰੀਬ 6 ਵਜੇ ਵਾਪਰਿਆ। ਇੱਕ ਰੇਲਗੱਡੀ ਕੋਲੋਬਰਜ਼ੇਗ ਤੋਂ ਵਾਰਸਾ ਵੱਲ ਜਾ ਰਹੀ ਸੀ, ਜਦਕਿ ਦੂਜੀ ਪੀਲਾ ਤੋਂ ਬਿਡਗੋਸ਼ਚ ਲਈ ਰਵਾਨਾ ਹੋਈ ਸੀ। ਦੋਵਾਂ ਟਰੇਨਾਂ ਵਿੱਚ ਮਿਲਾਕੇ ਲਗਭਗ 200 ਯਾਤਰੀ ਸਵਾਰ ਸਨ।

ਹਾਦਸੇ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ, ਐਂਬੂਲੈਂਸ ਅਤੇ ਹੋਰ ਐਮਰਜੈਂਸੀ ਬਚਾਅ ਟੀਮਾਂ ਤੁਰੰਤ ਮੌਕੇ 'ਤੇ ਪਹੁੰਚ ਗਈਆਂ। ਜ਼ਖ਼ਮੀਆਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲਾਂ ਵਿੱਚ ਭੇਜਿਆ ਗਿਆ, ਜਦਕਿ ਹੋਰ ਯਾਤਰੀਆਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣ ਦੀ ਕਾਰਵਾਈ ਕੀਤੀ ਗਈ।

ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਤਸਵੀਰਾਂ ਅਤੇ ਵੀਡੀਓਜ਼ ਵਿੱਚ ਕਈ ਡੱਬੇ ਪਟੜੀ ਤੋਂ ਉਤਰੇ ਹੋਏ ਅਤੇ ਯਾਤਰੀਆਂ ਨੂੰ ਰੇਲਵੇ ਲਾਈਨਾਂ ਦੇ ਨੇੜੇ ਖੜ੍ਹੇ ਦੇਖਿਆ ਜਾ ਸਕਦਾ ਹੈ।

ਅਧਿਕਾਰੀਆਂ ਨੇ ਦੱਸਿਆ ਹੈ ਕਿ ਹਾਦਸੇ ਦੇ ਸਹੀ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਟੱਕਰ ਕਿਸ ਕਾਰਨ ਹੋਈ। ਬਚਾਅ ਅਤੇ ਰਾਹਤ ਕਾਰਜ ਜਾਰੀ ਹਨ ਅਤੇ ਜ਼ਖ਼ਮੀਆਂ ਦੀ ਗਿਣਤੀ ਅਤੇ ਨੁਕਸਾਨ ਸਬੰਧੀ ਹੋਰ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।