ਕੈਨੇਡਾ ਦੀ ਸਿਹਤ ਪ੍ਰਣਾਲੀ 'ਤੇ ਵਧਿਆ ਦਬਾਅ, ਐਮਰਜੈਂਸੀ ਰੂਮਾਂ ਵਿੱਚ ਮਰੀਜ਼ਾਂ ਨੂੰ ਘੰਟਿਆਂ ਨਹੀਂ, ਦਿਨਾਂ ਤੱਕ ਕਰਨੀ ਪੈ ਰਹੀ ਉਡੀਕ

ਵਿੰਨੀਪੈੱਗ: ਕੈਨੇਡਾ ਦੇ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਅਤੇ ਬੈੱਡਾਂ ਦੀ ਕਮੀ ਕਾਰਨ ਐਮਰਜੈਂਸੀ ਸੇਵਾਵਾਂ ਉੱਤੇ ਦਬਾਅ ਲਗਾਤਾਰ ਵਧ ਰਿਹਾ ਹੈ। ਨਵੀਂ ਸਿਹਤ ਰਿਪੋਰਟ ਮੁਤਾਬਕ ਐਮਰਜੈਂਸੀ ਰੂਮਾਂ ਵਿੱਚ ਮਰੀਜ਼ਾਂ ਨੂੰ ਪਹਿਲਾਂ ਦੇ ਮੁਕਾਬਲੇ ਕਾਫ਼ੀ ਵੱਧ ਸਮਾਂ ਉਡੀਕ ਕਰਨੀ ਪੈ ਰਹੀ ਹੈ।

ਰਿਪੋਰਟ ਅਨੁਸਾਰ 2024-25 ਦੌਰਾਨ ਹਸਪਤਾਲ ਵਿੱਚ ਦਾਖਲ ਕੀਤੇ ਗਏ ਹਰ 10 ਵਿੱਚੋਂ ਇੱਕ ਮਰੀਜ਼ ਨੂੰ ਐਮਰਜੈਂਸੀ ਵਿਭਾਗ ਵਿੱਚ 48 ਘੰਟਿਆਂ ਤੋਂ ਵੱਧ ਉਡੀਕ ਕਰਨੀ ਪਈ। ਕੁਝ ਸਾਲ ਪਹਿਲਾਂ ਦੇ ਮੁਕਾਬਲੇ ਇਹ ਉਡੀਕ ਸਮਾਂ ਕਾਫ਼ੀ ਵਧ ਗਿਆ ਹੈ, ਜਿਸ ਨਾਲ ਸਿਹਤ ਸੇਵਾਵਾਂ ਉੱਤੇ ਪੈ ਰਹੇ ਦਬਾਅ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।

ਅੰਕੜਿਆਂ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਦੇਸ਼ ਦੇ ਲਗਭਗ 17 ਫ਼ੀਸਦੀ ਬਾਲਗਾਂ ਕੋਲ ਕੋਈ ਪੱਕਾ ਪਰਿਵਾਰਕ ਡਾਕਟਰ ਨਹੀਂ ਹੈ। ਇਸ ਤੋਂ ਇਲਾਵਾ ਜਿਨ੍ਹਾਂ ਕੋਲ ਫੈਮਲੀ ਡਾਕਟਰ ਹਨ, ਉਨ੍ਹਾਂ ਨੂੰ ਵੀ ਸ਼ਾਮ ਦੇ ਸਮੇਂ ਜਾਂ ਵੀਕੈਂਡ ਦੌਰਾਨ ਸਮੇਂ ਸਿਰ ਡਾਕਟਰੀ ਸਹਾਇਤਾ ਨਹੀਂ ਮਿਲਦੀ।

ਮਾਹਿਰ ਡਾਕਟਰਾਂ ਨਾਲ ਮੁਲਾਕਾਤ, ਐੱਮਆਰਆਈ, ਸੀਟੀ ਸਕੈਨ ਅਤੇ ਹੋਰ ਜਾਂਚਾਂ ਲਈ ਵੀ ਮਰੀਜ਼ਾਂ ਨੂੰ ਕਈ ਹਫ਼ਤਿਆਂ ਜਾਂ ਮਹੀਨਿਆਂ ਤੱਕ ਉਡੀਕ ਕਰਨੀ ਪੈਂਦੀ ਹੈ। ਇਸ ਕਾਰਨ ਬਹੁਤ ਸਾਰੇ ਲੋਕਾਂ ਦੀ ਸਿਹਤ ਗੰਭੀਰ ਹੋਣ ਤੋਂ ਬਾਅਦ ਹੀ ਉਹ ਐਮਰਜੈਂਸੀ ਵਿਭਾਗ ਦਾ ਰੁਖ ਕਰਦੇ ਹਨ।

ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਸਭ ਤੋਂ ਵੱਡੀ ਚੁਣੌਤੀ ਉਸ ਵੇਲੇ ਸਾਹਮਣੇ ਆਉਂਦੀ ਹੈ ਜਦੋਂ ਡਾਕਟਰ ਮਰੀਜ਼ ਨੂੰ ਹਸਪਤਾਲ ਵਿੱਚ ਦਾਖਲ ਕਰਨ ਦਾ ਫ਼ੈਸਲਾ ਕਰਦੇ ਹਨ, ਪਰ ਖਾਲੀ ਬੈੱਡ ਉਪਲਬਧ ਨਾ ਹੋਣ ਕਾਰਨ ਮਰੀਜ਼ਾਂ ਨੂੰ ਲੰਬੇ ਸਮੇਂ ਤੱਕ ਐਮਰਜੈਂਸੀ ਰੂਮ ਵਿੱਚ ਹੀ ਰੱਖਣਾ ਪੈਂਦਾ ਹੈ। ਇਸ ਨਾਲ ਨਾ ਸਿਰਫ਼ ਨਵੇਂ ਮਰੀਜ਼ਾਂ ਲਈ ਸੇਵਾਵਾਂ ਪ੍ਰਭਾਵਿਤ ਹੁੰਦੀਆਂ ਹਨ, ਸਗੋਂ ਪੂਰੇ ਸਿਹਤ ਪ੍ਰਬੰਧ 'ਤੇ ਵੀ ਵਾਧੂ ਦਬਾਅ ਪੈਂਦਾ ਹੈ।