ਕੈਲਗਰੀ ਪੁਲਿਸ ਦਾ ਵੱਡਾ ਐਕਸ਼ਨ: ਜਬਰੀ ਵਸੂਲੀ ਗਿਰੋਹ ਨਾਲ ਜੁੜੇ 16 ਸ਼ੱਕੀਆਂ ਦੀ ਪਛਾਣ ਜਨਤਕ

ਵਿਨੀਪੈੱਗ: ਕੈਨੇਡਾ ਦੇ ਅਲਬਰਟਾ ਸੂਬੇ ਦੇ ਕੈਲਗਰੀ ਸ਼ਹਿਰ ਵਿੱਚ ਦੱਖਣੀ ਏਸ਼ੀਆਈ ਭਾਈਚਾਰੇ, ਖ਼ਾਸ ਕਰਕੇ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਜਾ ਰਹੀ ਜਬਰੀ ਵਸੂਲੀ ਦੀਆਂ ਘਟਨਾਵਾਂ ਖ਼ਿਲਾਫ਼ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਜਾਂਚ ਨੂੰ ਅੱਗੇ ਵਧਾਉਂਦੇ ਹੋਏ ਪੁਲਿਸ ਨੇ ਇਸ ਮਾਮਲੇ ਨਾਲ ਸਬੰਧਤ 16 ਸ਼ੱਕੀ ਵਿਅਕਤੀਆਂ ਦੀ ਪਛਾਣ ਅਤੇ ਉਨ੍ਹਾਂ ਦੀਆਂ ਤਸਵੀਰਾਂ ਜਨਤਕ ਕਰ ਦਿੱਤੀਆਂ ਹਨ।

ਕੈਲਗਰੀ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਜਾਰੀ ਕੀਤੀਆਂ ਤਸਵੀਰਾਂ ਵਿੱਚ ਦਰਸਾਏ ਗਏ ਵਿਅਕਤੀਆਂ ਬਾਰੇ ਕੋਈ ਵੀ ਜਾਣਕਾਰੀ ਹੋਵੇ ਤਾਂ ਉਹ ਤੁਰੰਤ ਪੁਲਿਸ ਨਾਲ ਸੰਪਰਕ ਕਰਨ, ਤਾਂ ਜੋ ਜਾਂਚ ਨੂੰ ਹੋਰ ਤੇਜ਼ੀ ਨਾਲ ਅੱਗੇ ਵਧਾਇਆ ਜਾ ਸਕੇ।

ਜਾਂਚ ਦੀ ਅਗਵਾਈ ਕਰ ਰਹੇ ਅਧਿਕਾਰੀਆਂ ਅਨੁਸਾਰ ਕਈ ਸ਼ੱਕੀ ਵੱਖ-ਵੱਖ ਨਾਵਾਂ ਅਤੇ ਉਪਨਾਵਾਂ ਦੀ ਵਰਤੋਂ ਕਰਦੇ ਰਹੇ ਹਨ, ਜਿਸ ਕਾਰਨ ਉਨ੍ਹਾਂ ਦੀ ਅਸਲ ਪਛਾਣ ਕਰਨਾ ਚੁਣੌਤੀਪੂਰਨ ਰਿਹਾ। ਕੁਝ ਵਿਅਕਤੀਆਂ ਕੋਲ ਇੱਕ ਤੋਂ ਵੱਧ ਦੇਸ਼ਾਂ ਦੇ ਪਛਾਣ ਦਸਤਾਵੇਜ਼ ਹੋਣ ਦੀ ਵੀ ਜਾਣਕਾਰੀ ਸਾਹਮਣੇ ਆਈ ਹੈ, ਜਿਸ ਕਾਰਨ ਜਾਂਚ ਹੋਰ ਗੁੰਝਲਦਾਰ ਬਣ ਗਈ।

ਪੁਲਿਸ ਦਾ ਕਹਿਣਾ ਹੈ ਕਿ ਇਸ ਕਾਰਵਾਈ ਦਾ ਮਕਸਦ ਭਾਈਚਾਰੇ ਵਿੱਚ ਸੁਰੱਖਿਆ ਦਾ ਮਾਹੌਲ ਬਣਾਈ ਰੱਖਣਾ ਅਤੇ ਜਬਰੀ ਵਸੂਲੀ ਵਰਗੇ ਸੰਗਠਿਤ ਅਪਰਾਧਾਂ 'ਤੇ ਨੱਥ ਪਾਉਣਾ ਹੈ। ਅਧਿਕਾਰੀਆਂ ਨੇ ਭਰੋਸਾ ਦਿਵਾਇਆ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ ਅਤੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਲਿਆਉਣ ਲਈ ਹਰ ਸੰਭਵ ਕਦਮ ਚੁੱਕੇ ਜਾ ਰਹੇ ਹਨ।