ਕੈਨੇਡਾ-ਇੰਡੀਆ ਸੁਖਾਵੇਂ ਸਬੰਧ ਦੁਨੀਆ ਭਰ ਲਈ ਲਾਹੇਵੰਦ- ਸੰਧੂ

ਸਰੀ (ਕੈਨੇਡਾ)- ਕੈਨੇਡਾ ਦੀ ਨਾਮਵਰ ਸੰਸਥਾ ਫਰੈਂਡਜ਼ ਆਫ਼ ਕੈਨੇਡਾ-ਇੰਡੀਆ ਫਾਊਂਡੇਸ਼ਨ ਵੱਲੋਂ ਸਰੀ ਦੇ ਰਿਫਲੈਕਸ਼ਨ ਬੈਂਕੁਟ ਹਾਲ ਵਿਖੇ ਇੱਕ ਪ੍ਰਭਾਵਸ਼ਾਲੀ ਸਮਾਗਮ ਰਾਹੀਂ ਭਾਰਤ ਦੇ ਰਾਜਸਭਾ ਮੈਂਬਰ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨਾਲ ਗੈਰ ਸਿਆਸੀ ਲੋਕ ਮਿਲਣੀ ਦਾ ਆਯੋਜਨ ਕੀਤਾ ਗਿਆ। ਸਮਾਗਮ ਦੇ ਆਰੰਭ ਵਿਚ 23 ਜੂਨ1985 ਨੂੰ ਵਾਪਰੇ ਏਅਰ ਇੰਡੀਆ ਬੰਬ ਧਮਾਕੇ ਚ ਮਾਰੇ ਗਏ 329 ਬੇਗੁਨਾਹ ਲੋਕਾਂ ਨੂੰ ਇੱਕ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ। ਉਪਰੰਤ ਫਾਊਂਡੇਸ਼ਨ ਦੇ ਪ੍ਰਧਾਨ ਮਨਿੰਦਰ ਸਿੰਘ ਗਿੱਲ ਨੇ ਮੁੱਖ ਮਹਿਮਾਨ ਅਤੇ ਹਾਜ਼ਰੀਨ ਨੂੰ ਜੀ ਆਇਆਂ ਕਹਿੰਦਿਆਂ ਕੈਨੇਡਾ ਵਿਚ ਵੱਸੇ ਭਾਰਤੀ ਤੇ ਖਾਸਕਰ ਪੰਜਾਬੀ ਭਾਈਚਾਰੇ ਵੱਲੋਂ ਆਪਣੀ ਮਾਤਰਭੂਮੀ ਭਾਰਤ ਦੀ ਤਰੱਕੀ ਲਈ ਪਾਏ ਜਾ ਰਹੇ ਯੋਗਦਾਨ ਦਾ ਭਾਵਪੂਰਤ ਢੰਗ ਨਾਲ ਜ਼ਿਕਰ ਕੀਤਾ। ਭਾਰਤ-ਕੈਨੇਡਾ ਸਬੰਧਾਂ ਦੇ ਮੁੜ ਲੀਹ ਤੇ ਆਉਣ ਨੂੰ ਇੱਕ ਸ਼ੁੱਭ ਸ਼ਗਨ ਦੱਸਦਿਆਂ ਗਿੱਲ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਸੁਹਿਰਦ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਦੋਹਾਂ ਦੇਸ਼ਾਂ ਦੇ ਸਬੰਧਾਂ ਨੂੰ ਸਥਾਈ ਬਣਾਉਣ ਲਈ ਫਾਊਂਡੇਸ਼ਨ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ।
ਆਪਣੇ ਸੰਬੋਧਨ ਦੌਰਾਨ ਮੁੱਖ ਮਹਿਮਾਨ ਸਤਨਾਮ ਸਿੰਘ ਸੰਧੂ ਨੇ ਸਮਾਗਮ ਦੇ ਆਯੋਜਨ ਲਈ ਫਾਊਂਡੇਸ਼ਨ ਤੇ ਪ੍ਰਧਾਨ ਮਨਿੰਦਰ ਸਿੰਘ ਗਿੱਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਿਆਸੀ ਰੰਗਤ ਵਾਲੀ ਰਵਾਇਤ ਤੋਂ ਹਟਕੇ ਹੋਣ ਵਾਲੇ ਅਜਿਹੇ ਆਯੋਜਨ ਹੀ ਭਾਈਚਾਰਕ ਮਸਲਿਆਂ ਦੇ ਹੱਲ ਅਤੇ ਚਿਰ ਸਥਾਈ ਸਬੰਧਾਂ ਲਈ ਸਹਾਈ ਸਾਬਤ ਹੁੰਦੇ ਹਨ। ਭਾਰਤ-ਕੈਨੇਡਾ ਵਿਚਕਾਰ ਪੀਡੇ ਹੋ ਰਹੇ ਰਿਸ਼ਤੇ 'ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਸੰਧੂ ਨੇ ਕਿਹਾ ਕਿ ਬਹੁਤ ਜਲਦ ਅਮਲ ਵਿੱਚ ਆਉਣ ਜਾ ਰਹੀ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੈਨੇਡਾ ਫੇਰੀ ਭਵਿੱਖ ਦੀ ਖੁਸ਼ਹਾਲੀ ਲਈ ਬਹੁਤ ਸਾਰੇ ਸੁਪਨਿਆਂ ਨੂੰ ਸੱਚ ਕਰੇਗੀ। ਉਨ੍ਹਾਂ ਕਿਹਾ ਕਿ ਬਹੁਤ ਜਲਦ ਜਿੱਥੇ ਹੋਰ ਵਪਾਰਕ ਖੇਤਰਾਂ ਵਿੱਚ ਸਾਨੂੰ ਦੋਹਾਂ ਦੇਸ਼ਾਂ ਵਿੱਚ ਨਵੇਂ ਫੈਸਲੇ ਨਜ਼ਰ ਆਉਣਗੇ ਉੱਥੇ ਵਿੱਦਿਅਕ ਖੇਤਰ ਵਿੱਚ ਵੀ ਸਾਂਝ ਨੂੰ ਹੋਰ ਪਕੇਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਰਤੀ ਭਾਈਚਾਰੇ ਦੀ ਕੈਨੇਡਾ ਵਿਚ ਤਰੱਕੀ ਅਤੇ ਹਿੱਸੇਦਾਰੀ ਸਾਡੇ ਲਈ ਮਾਣ ਵਾਲੀ ਗੱਲ ਹੈ। ਬੀਤੇ ਵਿੱਚ ਆਜ਼ਾਦੀ ਤੋਂ ਬਾਅਦ ਹੋਰਨਾਂ ਪਾਰਟੀਆਂ ਦੇ ਯੋਗਦਾਨ ਤੇ ਕਿਸੇ ਕਿਸਮ ਦੇ ਕਿੰਤੂ ਤੋਂ ਪ੍ਰਹੇਜ਼ ਕਰਦਿਆਂ ਸੰਧੂ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਿਚ ਭਾਰਤ ਦੀ ਹੋਈ ਅਥਾਹ ਤਰੱਕੀ ਇੱਕ ਮਿਸਾਲ ਹੈ ਜੋ ਸਰਕਾਰ ਦੇ 12 ਸਾਲ ਦੇ ਕਾਰਜਕਾਲ ਤੇ ਹਾਂ ਪੱਖੀ ਮੋਹਰ ਹੈ। ਗੁਰਬਖਸ਼ ਸਿੰਘ ਖੇੜਾ ਵੱਲੋਂ ਕੀਤੀ ਮੰਗ ਦੇ ਅਧਾਰ ਤੇ ਸੰਧੂ ਨੇ ਵਾਅਦਾ ਕੀਤਾ ਕਿ ਵੈਨਕੂਵਰ ਤੋਂ ਚੰਡੀਗੜ੍ਹ/ਅਮ੍ਰਿਤਸਰ ਫਲਾਈਟ ਸ਼ੁਰੂ ਕਰਨ ਸਬੰਧੀ ਯਤਨ ਆਖਰੀ ਪੜਾਅ ਤੇ ਹਨ ਤੇ ਜਲਦ ਸੁਖਦ ਖਬਰ ਆਵੇਗੀ।
ਇਸ ਮੌਕੇ ਸਟੇਜ ਦੀ ਸੁਚੱਜਤਾ ਨਾਲ ਕਾਰਵਾਈ ਚਲਾਉਂਦਿਆਂ ਫਾਊਂਡੇਸ਼ਨ ਦੇ ਉੱਪ ਪ੍ਰਧਾਨ ਤੇ ਬੈਰਿਸਟਰ ਲਵਲੀਨ ਸਿੰਘ ਗਿੱਲ ਨੇ ਸਤਨਾਮ ਸਿੰਘ ਸੰਧੂ ਦੇ ਵਿੱਦਿਆ ਦੇ ਖੇਤਰ ਵਿੱਚ ਪਾਏ ਯੋਗਦਾਨ ਦਾ ਵੇਰਵਾ ਸਾਂਝਾ ਕੀਤਾ। ਇਕੱਠ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਡਾ. ਗੁਲਜ਼ਾਰ ਚੀਮਾ ਨੇ ਭਾਰਤ-ਕੈਨੇਡਾ ਸਬੰਧਾਂ 'ਚ ਹੋ ਰਹੀ ਪ੍ਰਗਤੀ ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਵਿਦੇਸ਼ੀ ਦਖਲਅੰਦਾਜ਼ੀ ਦੇ ਨਾਂ ਤੇ ਦੇਸ਼ ਹਿੱਤ ਦੇ ਅਜਿਹੇ ਸੁਹਿਰਦ ਯਤਨ ਤਾਰਪੀਡੋ ਨਹੀਂ ਹੋਣੇ ਚਾਹੀਦੇ। ਲਕਸ਼ਮੀ ਨਰਾਇਣ ਮੰਦਰ ਸੁਸਾਇਟੀ ਦੇ ਆਗੂ ਵਿਨੈ ਸ਼ਰਮਾ ਨੇ ਸੁਸਾਇਟੀ ਵੱਲੋਂ ਸੰਧੂ ਦਾ ਸਵਾਗਤ ਕਰਦਿਆਂ ਕੁੱਝ ਸ਼ਰਾਰਤੀ ਤੱਤਾਂ ਵੱਲੋਂ ਹਿੰਦੂ ਸਿੱਖ ਭਾਈਚਾਰਿਆਂ 'ਚ ਪਾੜਾ ਪਾਉਣ ਦੇ ਯਤਨਾਂ 'ਤੇ ਚਿੰਤਾ ਦਾ ਇਜ਼ਹਾਰ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਫਾਊਂਡੇਸ਼ਨ ਦੇ ਡਾਇਰੈਕਟਰ ਬੂਟਾ ਸਿੰਘ ਢਿੱਲੋਂ, ਬਲਬੀਰ ਸਿੰਘ ਪੱਡਾ, ਮਨਜੀਤ ਸਿੰਘ ਬਹੁਗੁਣ, ਬਲਦੇਵ ਸਿੰਘ ਭੰਮ, ਪ੍ਰੀਤਪਾਲ ਸਿੰਘ ਵੜੈਚ, ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਬਲਬੀਰ ਸਿੰਘ ਚੰਗਿਆੜਾ, ਰੇਡੀਓ ਸਵਿਫਟ ਦੇ ਮਾਲਕ ਕੁਲਵੰਤ ਸਿੰਘ ਢੇਸੀ, ਉੱਘੇ ਕਾਰੋਬਾਰੀ ਪਰਮਜੀਤ ਸਿੰਘ ਖੋਸਲਾ, ਸਾਬਕਾ ਫੈਡਰਲ ਮਨਿਸਟਰ ਗੁਰਮੰਤ ਸਿੰਘ ਗਰੇਵਾਲ, ਲਕਸ਼ਮੀ ਨਰਾਇਣ ਮੰਦਰ ਦੇ ਪ੍ਰਧਾਨ ਸਤੀਸ਼ ਕੁਮਾਰ, ਉੱਘੇ ਰੇਡੀਓ ਹੋਸਟ ਜਸਬੀਰ ਸਿੰਘ ਰੋਮਾਣਾ, ਹਰਜੀਤ ਸਿੰਘ ਗਿੱਲ, ਦਵਿੰਦਰ ਸਿੰਘ ਬੈਨੀਪਾਲ, ਰਮਿੰਦਰ ਸਿੰਘ ਕੰਗ, ਸਾਂਝਾ ਟੀਵੀ ਦੇ ਮਾਲਕ ਬਿੱਲ ਸੰਧੂ, ਹਰਪ੍ਰੀਤ ਸਿੰਘ ਧਾਲੀਵਾਲ, ਮਮਤਾ ਫਾਊਂਡੇਸ਼ਨ ਦੇ ਮੱਖਣ ਸਿੰਘ ਟੁੱਟ, ਪ੍ਰੋਫੈਸਰ ਮੋਹਨ ਸਿੰਘ ਫਾਊਂਡੇਸ਼ਨ ਦੇ ਸਾਹਿਬ ਸਿੰਘ ਥਿੰਦ, ਪ੍ਰੋ. ਗੁਰਦੇਵ ਸਿੰਘ, ਡਾ. ਹਾਕਮ ਸਿੰਘ ਭੁੱਲਰ, ਡਾ. ਮਾਂਗਟ ਵੀ ਮੌਜੂਦ ਸਨ।