6.5 ਅਰਬ ਡਾਲਰ ਦੇ ਸਿਹਤ ਸਕੀਮਾਂ ਘੁਟਾਲੇ ਵਿੱਚ 90 ਡਾਕਟਰਾਂ ਸਣੇ 455 ਵਿਰੁੱਧ ਦੋਸ਼ ਅਇਦ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਨਿਆਂ ਵਿਭਾਗ ਨੇ ਐਲਾਨ ਕੀਤਾ ਕਿ 45 ਰਾਜਾਂ ਵਿੱਚ ਡਾਕਟਰਾਂ ਅਤੇ ਨਰਸ ਪ੍ਰੈਕਟੀਸ਼ਨਰਾਂ ਸਮੇਤ 450 ਤੋਂ ਵੱਧ ਲੋਕਾਂ ਤੇ ਵਿਸ਼ਵਵਿਆਪੀ ਸਿਹਤ ਸੰਭਾਲ ਧੋਖਾਧੜੀ ਸਕੀਮਾਂ ਦੇ ਸਬੰਧ ਵਿੱਚ ਦੋਸ਼ ਲਗਾਏ ਗਏ ਹਨ ਜੋ ਕਿ ਕੁੱਲ 6.5 ਅਰਬ ਡਾਲਰਾਂ ਦੀ ਧੋਖਾਧੜੀ ਹੈ। ਨਿਆਂ ਵਿਭਾਗ ਵੱਲੋਂ ਜਾਰੀ ਬਿਆਨ ਅਨੁਸਾਰ 45 ਰਾਜਾਂ ਵਿੱਚ 455 ਵਿਅਕਤੀਆਂ ਜਿਨਾਂ ਵਿੱਚ 90 ਤੋਂ ਵੱਧ ਡਾਕਟਰ ਸ਼ਾਮਲ ਹਨ ਤੇ ਝੂਠੇ ਮੈਡੀਕੇਅਰ ਅਤੇ ਮੈਡੀਕੇਡ ਦਾਅਵਿਆਂ ਦੇ ਦੋਸ਼ ਲਗਾਏ ਗਏ ਹਨ ਜਿਨਾਂ ਕਾਰਨ ਮਰੀਜ਼ਾਂ ਨੂੰ ਨੁਕਸਾਨ ਪਹੁੰਚਿਆ। 2026 ਨੈਸ਼ਨਲ ਹੈਲਥ ਕੇਅਰ ਫਰਾਡ ਟੇਕਡਾਊਨ ਨਾਮਕ ਇਸ ਕਾਰਵਾਈ ਵਿੱਚ ਐਰੀਜ਼ੋਨਾ ਵਿੱਚ 1ਅਰਬ ਡਾਲਰ ਦੀ ਸਕੀਮ, ਵਰਜੀਨੀਆ ਵਿੱਚ ਬੇਘਰਿਆਂ ਨੂੰ ਨਿਸ਼ਾਨਾ ਬਣਾਉਣ ਵਾਲੀ 4.9 ਲੱਖ ਡਾਲਰ ਦੀ ਮੈਡੀਕੇਡ ਸਕੀਮ, ਅਤੇ ਕੈਲੀਫੋਰਨੀਆ ਵਿੱਚ 27.7 ਲੱਖ ਡਾਲਰ ਦੀ ਮੈਡੀਕੇਅਰ ਹਾਸਪਾਈਸ ਧੋਖਾਧੜੀ ਸ਼ਾਮਲ ਹੈ। ਅਧਿਕਾਰੀਆਂ ਨੇ ਕਿਹਾ ਕਿ ਇਹ ਅਮਰੀਕੀ ਇਤਿਹਾਸ ਵਿੱਚ ਸਿਹਤ-ਸੰਭਾਲ ਧੋਖਾਧੜੀ ਵਿਰੁੱਧ ਸਰਕਾਰ ਦੀ ਸਭ ਤੋਂ ਵੱਡੀ ਕਾਰਵਾਈ ਹੈ। ਇਸ ਧੋਖਾਧੜੀ ਕਾਰਨ ਕੁਝ ਮਰੀਜ਼ਾਂ ਦੀ ਮੌਤ ਵੀ ਹੋਈ ਹੈ। ਐਫ ਬੀ ਆਈ ਡਾਇਰੈਕਟਰ ਕਾਸ਼ ਪਟੇਲ ਨੇ ਵਾਸ਼ਿੰਗਟਨ, ਡੀ ਸੀ ਵਿੱਚ ਰੌਬਰਟ ਐਫ. ਕੈਨੇਡੀ ਡਿਪਾਰਟਮੈਂਟ ਆਫ਼ ਜਸਟਿਸ ਬਿਲਡਿੰਗ ਵਿਖੇ ਇੱਕ ਪੱਤਰਕਾਰ ਕਾਨਫਰੰਸ ਵਿੱਚ ਸਿਹਤ ਸੰਭਾਲ ਨਾਲ ਸਬੰਧਤ ਧੋਖਾਧੜੀ ਵਿਰੁੱਧ ਹਾਲ ਹੀ ਵਿੱਚ ਕੀਤੀਆਂ ਗਈਆਂ ਕਾਰਵਾਈਆਂ ਬਾਰੇ ਵੇਰਵੇ ਸਹਿਤ ਦੱਸਿਆ। ਉਨਾਂ ਕਿਹਾ ਕਿ ਧੋਖਾਧੜੀ ਵਿੱਚ ਹਰ ਗ੍ਰਿਫਤਾਰੀ ਅਮਰੀਕੀ ਟੈਕਸਦਾਤਾਵਾਂ ਨੂੰ ਲੁੱਟਣ ਵਾਲੇ ਅਧਿਕਾਰੀਆਂ ਲਈ ਇੱਕ ਸਪੱਸ਼ਟ ਸੰਦੇਸ਼ ਹੈ ਕਿ ਉਹ ਆਪਣੇ ਅਪਰਾਧਾਂ ਤੋਂ ਬਚ ਨਹੀਂ ਸਕਣਗੇ।