1 ਜੁਲਾਈ ਤੋਂ ਪਾਸਪੋਰਟ ਸੇਵਾਵਾਂ ਮਹਿੰਗੀਆਂ, ਕੇਂਦਰ ਸਰਕਾਰ ਨੇ ਜਾਰੀ ਕੀਤੀ ਨਵੀਂ ਫੀਸ ਸੂਚੀ

ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਪਾਸਪੋਰਟ ਅਤੇ ਇਸ ਨਾਲ ਜੁੜੀਆਂ ਵੱਖ-ਵੱਖ ਸੇਵਾਵਾਂ ਦੀਆਂ ਫੀਸਾਂ ਵਿੱਚ ਸੋਧ ਕਰਦਿਆਂ ਨਵੇਂ ਰੇਟ ਜਾਰੀ ਕਰ ਦਿੱਤੇ ਹਨ। ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਨਵੇਂ ਨਿਯਮਾਂ ਅਨੁਸਾਰ ਇਹ ਫੀਸਾਂ 1 ਜੁਲਾਈ 2026 ਤੋਂ ਲਾਗੂ ਹੋਣਗੀਆਂ।

ਨਵੀਂ ਫੀਸ ਸੂਚੀ ਦੇ ਲਾਗੂ ਹੋਣ ਨਾਲ ਨਵਾਂ ਪਾਸਪੋਰਟ ਬਣਵਾਉਣਾ, ਪਾਸਪੋਰਟ ਰੀਨਿਊ ਕਰਵਾਉਣਾ ਅਤੇ ਹੋਰ ਸਬੰਧਤ ਸੇਵਾਵਾਂ ਪਹਿਲਾਂ ਨਾਲੋਂ ਮਹਿੰਗੀਆਂ ਹੋ ਜਾਣਗੀਆਂ। ਕੁਝ ਸ਼੍ਰੇਣੀਆਂ ਵਿੱਚ ਅਰਜ਼ੀਕਾਰਾਂ ਨੂੰ ਪਹਿਲਾਂ ਦੇ ਮੁਕਾਬਲੇ 2,000 ਰੁਪਏ ਤੱਕ ਵੱਧ ਫੀਸ ਅਦਾ ਕਰਨੀ ਪੈ ਸਕਦੀ ਹੈ।

ਸਰਕਾਰ ਨੇ ਦੱਸਿਆ ਕਿ ਪਾਸਪੋਰਟ ਫੀਸ ਵਿੱਚ ਇਹ ਵੱਡਾ ਬਦਲਾਅ ਕਰੀਬ 14 ਸਾਲਾਂ ਬਾਅਦ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਸਾਲ 2012 ਵਿੱਚ ਪਾਸਪੋਰਟ ਸੇਵਾਵਾਂ ਦੀਆਂ ਫੀਸਾਂ ਵਿੱਚ ਸੋਧ ਕੀਤੀ ਗਈ ਸੀ। ਨਵੇਂ ਨਿਯਮਾਂ ਨਾਲ ਪਾਸਪੋਰਟ ਨਿਯਮ 1980 ਅਧੀਨ ਲਾਗੂ ਪੁਰਾਣੀ ਫੀਸ ਸੂਚੀ ਨੂੰ ਵੀ ਬਦਲ ਦਿੱਤਾ ਜਾਵੇਗਾ।

ਨਵੇਂ ਨਿਯਮਾਂ ਅਨੁਸਾਰ ਗੁੰਮ ਜਾਂ ਨੁਕਸਾਨੇ ਗਏ ਪਾਸਪੋਰਟ ਦੀ ਥਾਂ ਨਵਾਂ ਪਾਸਪੋਰਟ ਜਾਰੀ ਕਰਵਾਉਣ, ਪੁਲਿਸ ਕਲੀਅਰੈਂਸ ਸਰਟੀਫਿਕੇਟ (PCC), ਸਰੇਂਡਰ ਸਰਟੀਫਿਕੇਟ ਅਤੇ ਹੋਰ ਸਬੰਧਤ ਸੇਵਾਵਾਂ ਦੀਆਂ ਫੀਸਾਂ ਵਿੱਚ ਵੀ ਵਾਧਾ ਕੀਤਾ ਗਿਆ ਹੈ।

ਜੇਕਰ 36 ਪੰਨਿਆਂ ਵਾਲਾ ਪਾਸਪੋਰਟ ਗੁੰਮ ਜਾਂਦਾ ਹੈ ਤਾਂ ਆਮ ਪ੍ਰਕਿਰਿਆ ਤਹਿਤ ਉਸ ਦੀ ਥਾਂ ਨਵਾਂ ਪਾਸਪੋਰਟ ਬਣਵਾਉਣ ਲਈ 5,000 ਰੁਪਏ ਫੀਸ ਅਦਾ ਕਰਨੀ ਹੋਵੇਗੀ, ਜਦਕਿ ਤਤਕਾਲ ਸੇਵਾ ਲਈ ਇਹ ਫੀਸ 7,500 ਰੁਪਏ ਹੋਵੇਗੀ। ਇਸੇ ਤਰ੍ਹਾਂ 60 ਪੰਨਿਆਂ ਵਾਲੇ ਪਾਸਪੋਰਟ ਦੇ ਰਿਪਲੇਸਮੈਂਟ ਲਈ ਆਮ ਸ਼੍ਰੇਣੀ ਵਿੱਚ 6,000 ਰੁਪਏ ਅਤੇ ਤਤਕਾਲ ਸੇਵਾ ਲਈ 8,500 ਰੁਪਏ ਫੀਸ ਨਿਰਧਾਰਤ ਕੀਤੀ ਗਈ ਹੈ।

ਵਿਦੇਸ਼ ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ 1 ਜੁਲਾਈ 2026 ਤੋਂ ਦੇਸ਼ ਭਰ ਦੇ ਸਾਰੇ ਪਾਸਪੋਰਟ ਸੇਵਾ ਕੇਂਦਰਾਂ 'ਤੇ ਨਵੀਆਂ ਫੀਸਾਂ ਹੀ ਲਾਗੂ ਹੋਣਗੀਆਂ।