ਉੱਤਰਾਖੰਡ ਵਿੱਚ ਨਿਹੰਗ ਸਿੰਘਾਂ ਤੇ ਪੁਲੀਸ ਦਰਮਿਆਨ ਟਕਰਾਅ ਖਤਮ, ਹਿਮਾਚਲ ਸਰਹੱਦ 'ਤੇ ਭਾਰੀ ਸੁਰੱਖਿਆ ਜਾਰੀ

ਸਿਰਮੌਰ ਜ਼ਿਲ੍ਹੇ ਦੇ ਪਾਉਂਟਾ ਸਾਹਿਬ ਨੇੜੇ ਕੁਲਹਾਲ ਬਾਰਡਰ ਚੈੱਕ ਪੋਸਟ 'ਤੇ ਨਿਹੰਗ ਸਿੰਘਾਂ ਦੇ ਇੱਕ ਵੱਡੇ ਸਮੂਹ ਅਤੇ ਸੁਰੱਖਿਆ ਕਰਮਚਾਰੀਆਂ ਵਿਚਕਾਰ ਤਣਾਅਪੂਰਨ ਟਕਰਾਅ ਦੇ ਸ਼ੁੱਕਰਵਾਰ ਨੂੰ ਖਤਮ ਹੋ ਗਿਆ। ਹਿਮਾਚਲ ਪ੍ਰਦੇਸ਼-ਉੱਤਰਾਖੰਡ ਸਰਹੱਦ 'ਤੇ ਸਥਿਤੀ ਆਮ ਵਾਂਗ ਬਹਾਲ ਹੋ ਗਈ ਹੈ। ਅਧਿਕਾਰੀਆਂ ਨਾਲ ਗੱਲਬਾਤ ਤੋਂ ਬਾਅਦ ਇਹ ਸਮੂਹ ਸ਼ੁੱਕਰਵਾਰ ਸਵੇਰੇ ਹਿਮਾਚਲ ਪ੍ਰਦੇਸ਼ ਦੇ ਪਾਉਂਟਾ ਸਾਹਿਬ ਲਈ ਰਵਾਨਾ ਹੋ ਗਿਆ। ਪੁਲੀਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮੁਲਾਕਾਤ ਤੋਂ ਬਾਅਦ ਨਿਹੰਗ ਸਵੇਰੇ ਤੜਕੇ ਪੁਲਿਸ ਦੀ ਸੁਰੱਖਿਆ ਹੇਠ ਵਾਹਨਾਂ ਵਿੱਚ ਦੇਹਰਾਦੂਨ ਦੇ ਗੁਰਦੁਆਰਾ ਤੋਂ ਰਵਾਨਾ ਹੋ ਗਏ।
ਹਾਲਾਂਕਿ ਉੱਤਰਾਖੰਡ ਵਿੱਚ ਕਰਣਪ੍ਰਯਾਗ ਵਿਵਾਦ ਨਾਲ ਜੁੜੇ ਹਾਲੀਆ ਘਟਨਾਕ੍ਰਮ ਦੇ ਮੱਦੇਨਜ਼ਰ ਅਧਿਕਾਰੀਆਂ ਨੇ ਅੰਤਰ-ਰਾਜੀ ਸਰਹੱਦ 'ਤੇ ਉੱਚ ਪੱਧਰੀ ਸੁਰੱਖਿਆ ਬਰਕਰਾਰ ਰੱਖੀ ਹੈ।
ਜ਼ਿਕਰਯੋਗ ਹੈ ਕਿ ਇਹ ਘਟਨਾਕ੍ਰਮ ਉਦੋਂ ਸ਼ੁਰੂ ਹੋਇਆ ਜਦੋਂ ਵੀਰਵਾਰ ਨੂੰ ਪੰਜਾਬ ਤੋਂ ਉੱਤਰਾਖੰਡ ਵੱਲ ਜਾ ਰਹੇ ਸੈਂਕੜੇ ਨਿਹੰਗ ਸਿੰਘ ਦੇਰ ਰਾਤ ਕੁਲਹਾਲ ਸਰਹੱਦ ਵੱਲ ਵਧਣ ਤੋਂ ਪਹਿਲਾਂ ਇਤਿਹਾਸਕ ਗੁਰਦੁਆਰਾ ਪਾਉਂਟਾ ਸਾਹਿਬ ਵਿਖੇ ਇਕੱਠੇ ਹੋਏ।
ਉੱਤਰਾਖੰਡ ਪ੍ਰਸ਼ਾਸਨ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਪੁਲੀਸ ਨੇ ਕਰਣਪ੍ਰਯਾਗ ਵਿੱਚ ਹਾਲੀਆ ਤਣਾਅ ਅਤੇ ਨਗਰਾਸੂ ਗੁਰਦੁਆਰਾ ਮੁੱਦੇ ਦੇ ਮੱਦੇਨਜ਼ਰ ਕਾਨੂੰਨ ਅਤੇ ਵਿਵਸਥਾ ਦੀਆਂ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਸਮੂਹ ਨੂੰ ਰਾਜ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਬੈਰੀਕੇਡ ਲਗਾ ਦਿੱਤੇ।