ਉੱਤਰਾਖੰਡ ਵਿੱਚ ਗੱਲਬਾਤ ਤੋਂ ਬਾਅਦ ਖਤਮ ਹੋਇਆ ਨਿਹੰਗ ਸਿੰਘਾਂ ਅਤੇ ਪੁਲਿਸ ਵਿਚਕਾਰ ਟਕਰਾਅ 👉 ਹਿਰਾਸਤ ਵਿੱਚ ਲਏ ਗਏ ਨਿਹੰਗ ਸਿੰਘਾਂ ਨਾਲ ਕਰਵਾਈ ਜਾਵੇਗੀ ਮੁਲਾਕਾਤ

 ਨਵੀਂ ਦਿੱਲੀ, 26 ਜੂਨ (ਮਨਪ੍ਰੀਤ ਸਿੰਘ ਖਾਲਸਾ):&ndash ਹਿਮਾਚਲ ਪ੍ਰਦੇਸ਼-ਉੱਤਰਾਖੰਡ ਸਰਹੱਦ 'ਤੇ ਨਿਹੰਗ ਸਿੰਘਾਂ ਅਤੇ ਪ੍ਰਸ਼ਾਸਨ ਵਿਚਾਲੇ ਪੈਦਾ ਹੋਏ ਤਣਾਅ ਤੋਂ ਬਾਅਦ ਗੁਰਦੁਆਰਾ ਪਾਉਂਟਾ ਸਾਹਿਬ ਵਿਖੇ ਹੋਈ ਮੀਟਿੰਗ ਵਿੱਚ ਦੋਵਾਂ ਧਿਰਾਂ ਵਿਚਾਲੇ ਸਹਿਮਤੀ ਬਣ ਗਈ ਹੈ। ਨਿਹੰਗ ਜਥੇਦਾਰ ਅਕਾਲੀ ਜਸਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪ੍ਰਸ਼ਾਸਨ ਕੋਲ ਕਿਸੇ ਸਮੇਂ ਦੀ ਮੰਗ ਨਹੀਂ ਕੀਤੀ ਸੀ, ਸਗੋਂ ਆਪਣੀਆਂ ਮੰਗਾਂ ਰੱਖੀਆਂ ਸਨ, ਜਿਨ੍ਹਾਂ ਨੂੰ ਪ੍ਰਸ਼ਾਸਨ ਨੇ ਸਵੀਕਾਰ ਕਰਨ ਦਾ ਭਰੋਸਾ ਦਿੱਤਾ ਹੈ। ਜਥੇਦਾਰ ਨੇ ਕਿਹਾ ਕਿ ਪ੍ਰਸ਼ਾਸਨ ਨੇ ਦੋ ਦਿਨਾਂ ਦਾ ਸਮਾਂ ਮੰਗਿਆ ਹੈ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਹਿਰਾਸਤ ਵਿੱਚ ਲਏ ਗਏ ਨਿਹੰਗ ਸਿੰਘਾਂ ਨਾਲ ਮਿਲਣ ਦੀ ਇਜਾਜ਼ਤ ਦਿੱਤੀ ਜਾਵੇਗੀ। ਉਨ੍ਹਾਂ ਨਾਲ ਮੁਲਾਕਾਤ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਹੀ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਫਿਲਹਾਲ ਉੱਤਰਾਖੰਡ ਵੱਲ ਕੂਚ ਨਹੀਂ ਕੀਤਾ ਜਾਵੇਗਾ। ਜਦੋਂ ਹਿਰਾਸਤ ਵਿੱਚ ਲਏ ਨਿਹੰਗ ਸਿੰਘ ਰਿਹਾਅ ਹੋ ਕੇ ਉਨ੍ਹਾਂ ਕੋਲ ਆ ਜਾਣਗੇ ਤਾਂ ਉਹ ਉਨ੍ਹਾਂ ਨਾਲ ਉੱਤਰਾਖੰਡ ਜਾਣਗੇ ਅਤੇ ਉਥੋਂ ਸਿੱਧੇ ਪੰਜਾਬ ਪਰਤਣਗੇ। ਉਧਰ, ਹਰਿਦੁਆਰ ਦੇ ਐਸਐਸਪੀ ਨਵਨੀਤ ਸਿੰਘ ਭੁੱਲਰ ਨੇ ਦੱਸਿਆ ਕਿ ਨਿਹੰਗ ਜਥੇਦਾਰਾਂ ਵੱਲੋਂ ਦਿੱਤਾ ਗਿਆ ਮੰਗ ਪੱਤਰ ਏਡੀਐਮ ਦੇਹਰਾਦੂਨ ਨੇ ਪ੍ਰਾਪਤ ਕਰ ਲਿਆ ਹੈ। ਪੁਲਿਸ ਅਤੇ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨਾਲ ਹੋਈ ਗੱਲਬਾਤ ਸਕਾਰਾਤਮਕ ਮਾਹੌਲ ਵਿੱਚ ਹੋਈ ਅਤੇ ਨਿਰਪੱਖ ਜਾਂਚ ਦਾ ਭਰੋਸਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਲਈ ਹਰਿਦੁਆਰ ਵਿੱਚ ਸੀਓ ਸਿਟੀ ਦੀ ਅਗਵਾਈ ਹੇਠ ਐਸਆਈਟੀ ਦਾ ਗਠਨ ਕੀਤਾ ਗਿਆ ਹੈ, ਜਦਕਿ ਪੁਲਿਸ ਮੁਲਾਜ਼ਮਾਂ ਵੱਲੋਂ ਕਥਿਤ ਧੱਕਾਮੁੱਕੀ ਦੇ ਦੋਸ਼ਾਂ ਦੀ ਜਾਂਚ ਵੀ ਸੀਨੀਅਰ ਅਧਿਕਾਰੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੜਕ ਆਵਾਜਾਈ ਲਈ ਖੋਲ੍ਹ ਦਿੱਤੀ ਗਈ ਹੈ ਅਤੇ ਪ੍ਰਸ਼ਾਸਨ ਨਿਹੰਗ ਜਥੇਦਾਰਾਂ ਨਾਲ ਲਗਾਤਾਰ ਸੰਪਰਕ ਵਿੱਚ ਹੈ। ਜ਼ਿਕਰਯੋਗ ਹੈ ਕਿ ਚਮੋਲੀ ਦੇ ਕਰਨਪ੍ਰਯਾਗ ਬਾਜ਼ਾਰ ਅਤੇ ਨਾਗਰਾਸੂ ਗੁਰਦੁਆਰਾ ਸਾਹਿਬ ਨਾਲ ਜੁੜੇ ਵਿਵਾਦ ਨੂੰ ਲੈ ਕੇ ਨਿਹੰਗ ਸਿੰਘਾਂ ਨੇ ਉੱਤਰਾਖੰਡ ਵੱਲ ਵਿਰੋਧ ਮਾਰਚ ਦਾ ਐਲਾਨ ਕੀਤਾ ਸੀ। ਵੀਰਵਾਰ ਰਾਤ ਕੁਲਹਾਲ ਚੈੱਕਪੋਸਟ 'ਤੇ ਪੁਲਿਸ ਨਾਲ ਤਣਾਅ ਅਤੇ ਧੱਕਾਮੁੱਕੀ ਦੀ ਘਟਨਾ ਤੋਂ ਬਾਅਦ ਬਣੇ ਹਾਲਾਤਾਂ ਵਿਚਾਲੇ ਹੁਣ ਪ੍ਰਸ਼ਾਸਨ ਦੇ ਭਰੋਸੇ ਮਗਰੋਂ ਫਿਲਹਾਲ ਕੂਚ ਮੁਲਤਵੀ ਕਰ ਦਿੱਤਾ ਗਿਆ ਹੈ।