ਅਮਰੀਕੀ ਸ਼ਰਣ ਧੋਖਾਧੜੀ ਮਾਮਲੇ ਵਿੱਚ ਭਾਰਤੀ ਮੂਲ ਦੇ ਵਕੀਲ ਨੂੰ ਢਾਈ ਲੱਖ ਡਾਲਰ ਤੋਂ ਵਧ ਜੁਰਮਾਨਾ ਸੰਭਵ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਭਾਰਤੀ ਮੂਲ ਦੇ ਇੱਕ ਅਮਰੀਕੀ ਇਮੀਗ੍ਰੇਸ਼ਨ ਵਕੀਲ ਨੂੰ 255,000 ਡਾਲਰ ਤੋਂ ਵੱਧ ਦੇ ਪ੍ਰਸਤਾਵਿਤ ਸੰਘੀ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਅਧਿਕਾਰੀਆਂ ਨੇ ਉਸ ਤੇ ਭਾਰਤੀ ਨਾਗਰਿਕਾਂ ਵੱਲੋਂ ਸ਼ਰਣ ਨਾਲ ਸਬੰਧਤ ਧੋਖਾਧੜੀ ਦਸਤਾਵੇਜ਼ ਦਾਇਰ ਕਰਨ ਦਾ ਦੋਸ਼ ਲਗਾਇਆ ਹੈ। ਅਮਰੀਕਾ ਦੇ ਗ੍ਰਹਿ ਸੁਰੱਖਿਆ ਵਿਭਾਗ ( ਡੀ ਐਚ ਐਸ) ਨੇ ਕਿਹਾ ਹੈ ਕਿ ਹੋਮਲੈਂਡ ਸੁਰੱਖਿਆ ਜਾਂਚ ਵਿੱਚ ਕਥਿਤ ਤੌਰ ਤੇ ਧੋਖਾਧੜੀ ਦਸਤਾਵੇਜ਼ਾਂ ਵਾਲੇ 32 ਇਮੀਗ੍ਰੇਸ਼ਨ ਮਾਮਲਿਆਂ ਦੇ ਸਬੰਧ ਵਿੱਚ ਵਕੀਲ ਵਿਨੋਦ ਡੋਡਾਮਨੀ ਨੂੰ ਜੁਰਮਾਨਾ ਕਰਨ ਲਈ ਪੰਜ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ। ਡੀ ਐਚ ਐਸ ਅਨੁਸਾਰ, ਡੋਡਾਮਨੀ ਦੁਆਰਾ ਜਮਾਂ ਕਰਵਾਈਆਂ ਗਈਆਂ ਕਈ ਸ਼ਰਣ ਅਰਜ਼ੀਆਂ ਵਿੱਚ ਇੱਕੋ ਜਿਹੇ ਜਾਂ ਲਗਭਗ ਇੱਕੋ ਜਿਹੇ ਤੱਥਾਂ ਵਾਲੇ ਖਾਤੇ ਅਤੇ ਸਬੰਧਤ ਵੇਰਵੇ ਸਨ। ਐਕਸ ਤੇ ਕਾਰਵਾਈ ਦਾ ਐਲਾਨ ਕਰਦੇ ਹੋੲ ਡੀ ਐਚ ਐਸ ਨੇ ਕਿਹਾ ਹੈ ਕਿ ਸਾਡੇ ਇਮੀਗ੍ਰੇਸ਼ਨ ਸਿਸਟਮ ਦੀ ਦੁਰਵਰਤੋਂ ਅਤੇ ਧੋਖਾਧੜੀ ਕਰਨ ਵਾਲੇ ਵਕੀਲਾਂ ਦੇ ਦਿਨ ਪੁੱਗ ਗਏ ਹਨ। ਵਿਭਾਗ ਨੇ ਕਿਹਾ ਹੈ ਕਿ ਇਹ ਪਹਿਲੀ ਵਾਰ ਹੈ ਜਦੋਂ ਉਸ ਨੇ ਧੋਖਾਧੜੀ ਵਾਲੇ ਸ਼ਰਣ ਦਾਅਵੇ ਦਾਇਰ ਕਰਨ ਦੇ ਦੋਸ਼ੀ ਵਕੀਲ ਕੋਲੋਂ ਵਿੱਤੀ ਜੁਰਮਾਨੇ ਦੀ ਮੰਗ ਕੀਤੀ ਹੈ। ਡੋਡਾਮਨੀ ਭਾਰਤ ਵਿੱਚ ਪੈਦਾ ਹੋਇਆ ਸੀ ਅਤੇ ਬਾਅਦ ਵਿੱਚ ਜਰਮਨ ਨਾਗਰਿਕ ਬਣਿਆ। 2009 ਤੋਂ ਉਹ ਦੱਖਣੀ ਫਲੋਰੀਡਾ ਵਿੱਚ ਰਹਿ ਰਿਹਾ ਹੈ।