ਵਿਵਾਦਤ ਵੀਡੀਓ ਅਤੇ ਸਤਿਕਾਰ ਐਕਟ 'ਤੇ ਸ਼੍ਰੋਮਣੀ ਕਮੇਟੀ ਦੀ ਵਿਸ਼ੇਸ਼ ਬੈਠਕ, ਅਹਿਮ ਵਿਚਾਰ-ਵਟਾਂਦਰਾ ਜਾਰੀ

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ਦੇ ਜਨਰਲ ਹਾਊਸ ਦੀ ਵਿਸ਼ੇਸ਼ ਬੈਠਕ ਅੱਜ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਹੋ ਰਹੀ ਹੈ। ਬੈਠਕ ਵਿੱਚ ਹਾਲ ਹੀ ਵਿੱਚ ਸਾਹਮਣੇ ਆਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਸੰਬੰਧਿਤ ਵਿਵਾਦਤ ਵੀਡੀਓ ਅਤੇ 'ਦ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ' ਦੀਆਂ ਕੁਝ ਇਤਰਾਜ਼ਯੋਗ ਧਾਰਾਵਾਂ ਬਾਰੇ ਚਰਚਾ ਕੀਤੀ ਜਾ ਰਹੀ ਹੈ।

ਇਸ ਵਿਸ਼ੇਸ਼ ਇਕੱਤਰਤਾ ਦੀ ਅਗਵਾਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਕਰ ਰਹੇ ਹਨ। ਬੈਠਕ ਵਿੱਚ ਤਖ਼ਤਾਂ ਦੇ ਜਥੇਦਾਰ, ਸਿੰਘ ਸਾਹਿਬਾਨ ਅਤੇ ਜਨਰਲ ਹਾਊਸ ਦੇ ਮੈਂਬਰ ਵੀ ਹਾਜ਼ਰ ਹਨ।

ਬੈਠਕ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਵਿਵਾਦਤ ਵੀਡੀਓ ਮਾਮਲੇ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਦਿੱਤੇ ਗਏ ਫ਼ੈਸਲੇ ਪ੍ਰਤੀ ਆਪਣਾ ਸਮਰਥਨ ਪ੍ਰਗਟ ਕੀਤਾ। ਨਾਲ ਹੀ, ਸਤਿਕਾਰ ਐਕਟ ਵਿੱਚ ਦਰਜ ਕੁਝ ਪ੍ਰਬੰਧਾਂ 'ਤੇ ਵੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ।

ਬੈਠਕ ਦੇ ਅੰਤ ਵਿੱਚ ਲਏ ਜਾਣ ਵਾਲੇ ਫ਼ੈਸਲਿਆਂ ਅਤੇ ਮਤੇਆਂ 'ਤੇ ਸਭ ਦੀ ਨਜ਼ਰ ਬਣੀ ਹੋਈ ਹੈ।