ਪੰਜਾਬ 'ਚ ਸਬਸਿਡੀ ਵਾਲੀ ਯੂਰੀਆ ਖਾਦ ਦੀ ਕਥਿਤ ਗੜਬੜ ਸਾਹਮਣੇ, ਜਾਂਚ ਮਗਰੋਂ ਵੱਡੇ ਖੁਲਾਸੇ

ਚੰਡੀਗੜ੍ਹ : ਪੰਜਾਬ ਵਿੱਚ ਕਿਸਾਨਾਂ ਲਈ ਸਰਕਾਰ ਵੱਲੋਂ ਸਬਸਿਡੀ 'ਤੇ ਮੁਹੱਈਆ ਕਰਵਾਈ ਜਾਣ ਵਾਲੀ ਯੂਰੀਆ ਖਾਦ ਦੀ ਕਥਿਤ ਗਲਤ ਵਰਤੋਂ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ੁਰੂਆਤੀ ਜਾਂਚ ਦੌਰਾਨ ਇਹ ਦਾਅਵਾ ਕੀਤਾ ਗਿਆ ਹੈ ਕਿ ਖੇਤੀਬਾੜੀ ਲਈ ਰੱਖੀ ਗਈ ਯੂਰੀਆ ਨੂੰ ਉਦਯੋਗਿਕ ਵਰਤੋਂ ਲਈ ਕੁਝ ਕੈਟਲ ਫੀਡ ਪਲਾਂਟਾਂ ਤੱਕ ਪਹੁੰਚਾਇਆ ਗਿਆ।
ਜਾਣਕਾਰੀ ਅਨੁਸਾਰ, ਕਿਸਾਨ ਜਥੇਬੰਦੀਆਂ ਵੱਲੋਂ ਮਿਲੀਆਂ ਸ਼ਿਕਾਇਤਾਂ ਤੋਂ ਬਾਅਦ ਖੇਤੀਬਾੜੀ ਵਿਭਾਗ ਨੇ ਮਾਰਕਫੈੱਡ ਅਤੇ ਮਿਲਕਫੈੱਡ ਦੇ ਵੱਖ-ਵੱਖ ਕੈਟਲ ਫੀਡ ਪਲਾਂਟਾਂ ਤੋਂ ਯੂਰੀਆ ਦੇ ਨਮੂਨੇ ਇਕੱਠੇ ਕੀਤੇ। ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਕਿ ਉੱਥੇ ਗੈਰ-ਖੇਤੀ ਵਰਤੋਂ ਵਾਲੀ ਯੂਰੀਆ ਦੀ ਥਾਂ ਖੇਤੀ ਲਈ ਸਬਸਿਡੀ ਵਾਲੀ ਯੂਰੀਆ ਦੀ ਵਰਤੋਂ ਕੀਤੀ ਜਾ ਰਹੀ ਸੀ।
ਮੁੱਢਲੀਆਂ ਜਾਣਕਾਰੀਆਂ ਮੁਤਾਬਕ, ਕੁਝ ਪ੍ਰਾਈਵੇਟ ਸਪਲਾਇਰਾਂ ਵੱਲੋਂ ਯੂਰੀਆ ਦੇ ਬੈਗਾਂ 'ਤੇ ਨਵੇਂ ਲੇਬਲ ਲਗਾ ਕੇ ਉਨ੍ਹਾਂ ਨੂੰ ਕੈਟਲ ਫੀਡ ਪਲਾਂਟਾਂ ਤੱਕ ਭੇਜਣ ਦੀ ਗੱਲ ਵੀ ਸਾਹਮਣੇ ਆਈ ਹੈ। ਇਸ ਮਾਮਲੇ ਦੀ ਹੋਰ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਜ਼ਿੰਮੇਵਾਰ ਵਿਅਕਤੀਆਂ ਦੀ ਪਛਾਣ ਕੀਤੀ ਜਾ ਸਕੇ।
ਇਸ ਮਾਮਲੇ 'ਤੇ ਖੇਤੀ ਮੰਤਰੀ ਨੇ ਕਿਹਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਬੇਨਿਯਮਤਾ ਜਾਂ ਕੁਤਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਜਾਂਚ ਦੇ ਨਤੀਜਿਆਂ ਦੇ ਆਧਾਰ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਦਮ ਚੁੱਕੇ ਜਾਣਗੇ।