ਪਾਉਂਟਾ ਸਾਹਿਬ ਵਿਖੇ ਨਿਹੰਗ ਸਿੰਘਾਂ ਦਾ ਡੇਰਾ ਜਾਰੀ, ਗ੍ਰਿਫ਼ਤਾਰ ਸਾਥੀਆਂ ਦੀ ਰਿਹਾਈ ਤੱਕ ਡਟੇ ਰਹਿਣ ਦਾ ਐਲਾਨ

ਸ਼ਿਮਲਾ,  : ਉਤਰਾਖੰਡ ਵਿੱਚ ਹੋਈ ਝੜਪ ਤੋਂ ਬਾਅਦ ਗ੍ਰਿਫ਼ਤਾਰ ਕੀਤੇ ਗਏ ਆਪਣੇ ਸਾਥੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ 150 ਤੋਂ ਵੱਧ ਨਿਹੰਗ ਸਿੰਘ ਹਿਮਾਚਲ ਪ੍ਰਦੇਸ਼ ਦੇ ਗੁਰਦੁਆਰਾ ਪਾਉਂਟਾ ਸਾਹਿਬ ਵਿਖੇ ਟਿਕੇ ਹੋਏ ਹਨ। ਜਥੇਬੰਦੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਗ੍ਰਿਫ਼ਤਾਰ ਮੈਂਬਰਾਂ ਨੂੰ ਰਿਹਾ ਨਹੀਂ ਕੀਤਾ ਜਾਂਦਾ, ਉਹ ਇੱਥੋਂ ਵਾਪਸ ਨਹੀਂ ਜਾਣਗੇ।
ਜਾਣਕਾਰੀ ਅਨੁਸਾਰ, ਨਿਹੰਗ ਸਿੰਘਾਂ ਨੇ ਗੁਰਦੁਆਰਾ ਸਾਹਿਬ ਵਿਖੇ ਇਕੱਠ ਕਰਕੇ ਅਗਲੀ ਰਣਨੀਤੀ 'ਤੇ ਵਿਚਾਰ ਕੀਤਾ। ਇਸ ਦੌਰਾਨ ਉਨ੍ਹਾਂ ਨੇ ਆਪਣੇ ਸਾਥੀਆਂ ਦੀ ਰਿਹਾਈ ਲਈ ਸੰਘਰਸ਼ ਜਾਰੀ ਰੱਖਣ ਦਾ ਫ਼ੈਸਲਾ ਕੀਤਾ।
ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਇੱਕ ਜਥੇ ਨੇ ਦੇਹਰਾਦੂਨ ਰਾਹੀਂ ਉਤਰਾਖੰਡ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ। ਇਸ ਦੌਰਾਨ ਪੁਲੀਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਦੋਵਾਂ ਪੱਖਾਂ ਵਿਚਕਾਰ ਤਣਾਅ ਅਤੇ ਝੜਪ ਦੀ ਸਥਿਤੀ ਬਣ ਗਈ।
ਫਿਲਹਾਲ ਨਿਹੰਗ ਸਿੰਘਾਂ ਵੱਲੋਂ ਉਤਰਾਖੰਡ ਵੱਲ ਆਪਣਾ ਮਾਰਚ ਦੋ ਦਿਨਾਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਫ਼ੈਸਲੇ ਤੋਂ ਬਾਅਦ ਹਿਮਾਚਲ-ਉਤਰਾਖੰਡ ਸਰਹੱਦ 'ਤੇ ਬਣਿਆ ਤਣਾਅ ਕੁਝ ਹੱਦ ਤੱਕ ਘਟਿਆ ਹੈ। ਪ੍ਰਸ਼ਾਸਨ ਹਾਲਾਤ 'ਤੇ ਲਗਾਤਾਰ ਨਜ਼ਰ ਰੱਖਿਆ ਹੋਇਆ ਹੈ ਅਤੇ ਦੋਵਾਂ ਪੱਖਾਂ ਵਿਚਾਲੇ ਸ਼ਾਂਤੀ ਬਣਾਈ ਰੱਖਣ ਦੇ ਯਤਨ ਜਾਰੀ ਹਨ।