ਅਮਰੀਕੀ ਵਿਚੋਲਗੀ ਨਾਲ ਇਜ਼ਰਾਈਲ ਅਤੇ ਲੈਬਨਾਨ ਨੇ ਸ਼ਾਂਤੀ ਸਮਝੌਤੇ ਦੀ ਰੂਪ-ਰੇਖਾ ਨੂੰ ਦਿੱਤੀ ਮਨਜ਼ੂਰੀ

ਯੇਰੂਸ਼ਲਮ/ਬੇਰੂਤ/ਵਾਸ਼ਿੰਗਟਨ: ਅਮਰੀਕਾ ਦੀ ਵਿਚੋਲਗੀ ਹੇਠ ਹੋਈਆਂ ਕਈ ਦੌਰ ਦੀਆਂ ਗੱਲਬਾਤਾਂ ਤੋਂ ਬਾਅਦ ਇਜ਼ਰਾਈਲ ਅਤੇ ਲੈਬਨਾਨ ਨੇ ਵਾਸ਼ਿੰਗਟਨ ਵਿੱਚ ਇੱਕ ਸ਼ਾਂਤੀ ਸਮਝੌਤੇ ਦੀ ਰੂਪ-ਰੇਖਾ (ਫਰੇਮਵਰਕ) 'ਤੇ ਦਸਤਖ਼ਤ ਕੀਤੇ ਹਨ। ਇਸ ਕਦਮ ਨੂੰ ਖੇਤਰ ਵਿੱਚ ਲੰਬੇ ਸਮੇਂ ਤੋਂ ਚੱਲ ਰਹੇ ਤਣਾਅ ਨੂੰ ਘਟਾਉਣ ਵੱਲ ਇੱਕ ਅਹਿਮ ਪਹਿਲ ਮੰਨਿਆ ਜਾ ਰਿਹਾ ਹੈ।
ਅਮਰੀਕੀ ਵਿਦੇਸ਼ ਮੰਤਰਾਲੇ ਵਿੱਚ ਹੋਏ ਸਮਾਗਮ ਦੌਰਾਨ ਦੋਵਾਂ ਦੇਸ਼ਾਂ ਦੇ ਰਾਜਦੂਤਾਂ ਨੇ ਅਮਰੀਕੀ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਇਸ ਦਸਤਾਵੇਜ਼ 'ਤੇ ਦਸਤਖ਼ਤ ਕੀਤੇ। ਸਮਝੌਤੇ ਦਾ ਮੁੱਖ ਉਦੇਸ਼ ਇਜ਼ਰਾਈਲ ਅਤੇ ਹਿਜ਼ਬੁੱਲ੍ਹਾ ਵਿਚਾਲੇ ਚੱਲ ਰਹੇ ਟਕਰਾਅ ਨੂੰ ਖ਼ਤਮ ਕਰਨ ਲਈ ਇੱਕ ਢਾਂਚਾ ਤਿਆਰ ਕਰਨਾ ਹੈ।
ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਇਸ ਨੂੰ ਸ਼ਾਂਤੀ ਵੱਲ ਪਹਿਲਾ ਮਹੱਤਵਪੂਰਨ ਕਦਮ ਦੱਸਦਿਆਂ ਕਿਹਾ ਕਿ ਦੋਵੇਂ ਪੱਖ ਟਕਰਾਅ ਨੂੰ ਖ਼ਤਮ ਕਰਨ ਦੀ ਪ੍ਰਕਿਰਿਆ ਅੱਗੇ ਵਧਾਉਣ ਲਈ ਸਹਿਮਤ ਹੋਏ ਹਨ।
ਹਾਲਾਂਕਿ ਸਮਝੌਤੇ ਦੇ ਬਾਵਜੂਦ ਦੱਖਣੀ ਲੈਬਨਾਨ ਵਿੱਚ ਤਣਾਅ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਇਆ। ਇਜ਼ਰਾਈਲੀ ਫੌਜ ਵੱਲੋਂ ਇੱਕ ਸਰਹੱਦੀ ਕਸਬੇ ਦੇ ਵਸਨੀਕਾਂ ਨੂੰ ਸੁਰੱਖਿਆ ਕਾਰਨਾਂ ਕਰਕੇ ਇਲਾਕਾ ਖਾਲੀ ਕਰਨ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ।
ਮਾਹਿਰਾਂ ਦਾ ਮੰਨਣਾ ਹੈ ਕਿ ਇਹ ਸਮਝੌਤਾ ਖੇਤਰੀ ਸਥਿਰਤਾ ਵੱਲ ਇੱਕ ਸਕਾਰਾਤਮਕ ਸੰਕੇਤ ਹੈ, ਪਰ ਟਿਕਾਊ ਅਮਨ ਲਈ ਦੋਵਾਂ ਧਿਰਾਂ ਵੱਲੋਂ ਸਮਝੌਤੇ ਦੀਆਂ ਸ਼ਰਤਾਂ 'ਤੇ ਅਮਲ ਅਤੇ ਲਗਾਤਾਰ ਕੂਟਨੀਤਕ ਗੱਲਬਾਤ ਜ਼ਰੂਰੀ ਹੋਵੇਗੀ।