ਯੂਰਪ ਵਿੱਚ ਭਿਆਨਕ ਗਰਮੀ ਦਾ ਕਹਿਰ: ਫਰਾਂਸ ਵਿੱਚ ਇੱਕ ਹਜ਼ਾਰ ਤੋਂ ਵੱਧ ਜਾਨਾਂ ਗਈਆਂ, ਕਈ ਦੇਸ਼ਾਂ ਵਿੱਚ 40°C ਤੋਂ ਉੱਪਰ ਤਾਪਮਾਨ

 ਪੈਰਿਸ,: ਯੂਰਪ ਦੇ ਕਈ ਦੇਸ਼ ਇਸ ਸਮੇਂ ਭਿਆਨਕ ਗਰਮੀ ਦੀ ਲਹਿਰ ਦੀ ਚਪੇਟ ਵਿੱਚ ਹਨ। ਫਰਾਂਸ, ਸਪੇਨ, ਇਟਲੀ ਅਤੇ ਹੋਰ ਕਈ ਇਲਾਕਿਆਂ ਵਿੱਚ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਉੱਪਰ ਦਰਜ ਕੀਤਾ ਜਾ ਰਿਹਾ ਹੈ, ਜਿਸ ਕਾਰਨ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।

ਫਰਾਂਸ ਦੀਆਂ ਸਿਹਤ ਅਥਾਰਟੀਆਂ ਦੇ ਮੁਤਾਬਕ ਗਰਮੀ ਦੀ ਇਸ ਲੰਬੀ ਲਹਿਰ ਕਾਰਨ ਹੁਣ ਤੱਕ ਇੱਕ ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਰਨ ਵਾਲਿਆਂ ਵਿੱਚ ਵੱਡੀ ਗਿਣਤੀ ਬਜ਼ੁਰਗਾਂ ਅਤੇ ਪਹਿਲਾਂ ਤੋਂ ਬਿਮਾਰ ਲੋਕਾਂ ਦੀ ਦੱਸੀ ਜਾ ਰਹੀ ਹੈ, ਜਿਨ੍ਹਾਂ 'ਤੇ ਅੱਤ ਦੀ ਗਰਮੀ ਦਾ ਸਭ ਤੋਂ ਵੱਧ ਅਸਰ ਪਿਆ ਹੈ।

ਮੌਸਮ ਅਤੇ ਜਲਵਾਯੂ ਮਾਹਿਰਾਂ ਦਾ ਕਹਿਣਾ ਹੈ ਕਿ 20 ਜੂਨ ਤੋਂ ਸ਼ੁਰੂ ਹੋਈ ਇਹ ਗਰਮੀ ਦੀ ਲਹਿਰ ਯੂਰਪ ਦੇ ਹਾਲੀਆ ਇਤਿਹਾਸ ਦੀਆਂ ਸਭ ਤੋਂ ਤੀਬਰ ਗਰਮੀ ਦੀਆਂ ਲਹਿਰਾਂ ਵਿੱਚੋਂ ਇੱਕ ਮੰਨੀ ਜਾ ਰਹੀ ਹੈ। ਇਸ ਦੇ ਪ੍ਰਭਾਵ ਕਾਰਨ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਗਿਣਤੀ ਵਧੀ ਹੈ, ਬਿਜਲੀ ਦੀ ਮੰਗ ਵਿੱਚ ਰਿਕਾਰਡ ਵਾਧਾ ਹੋਇਆ ਹੈ ਅਤੇ ਆਵਾਜਾਈ ਪ੍ਰਣਾਲੀ ਵੀ ਪ੍ਰਭਾਵਿਤ ਹੋਈ ਹੈ।

ਵਿਗਿਆਨੀਆਂ ਦਾ ਮੰਨਣਾ ਹੈ ਕਿ ਵਿਸ਼ਵ ਪੱਧਰ 'ਤੇ ਵੱਧ ਰਹੀ ਜਲਵਾਯੂ ਤਬਦੀਲੀ ਕਾਰਨ ਅਜਿਹੀਆਂ ਅਤਿ-ਮੌਸਮੀ ਘਟਨਾਵਾਂ ਦੀ ਸੰਭਾਵਨਾ ਲਗਾਤਾਰ ਵੱਧ ਰਹੀ ਹੈ। ਇਸ ਨੂੰ ਧਿਆਨ ਵਿੱਚ ਰੱਖਦਿਆਂ ਕਈ ਯੂਰਪੀ ਦੇਸ਼ਾਂ ਨੇ ਲੋਕਾਂ ਨੂੰ ਦੁਪਹਿਰ ਸਮੇਂ ਬਾਹਰ ਨਾ ਨਿਕਲਣ, ਪਾਣੀ ਦੀ ਵੱਧ ਵਰਤੋਂ ਕਰਨ ਅਤੇ ਬਜ਼ੁਰਗਾਂ ਤੇ ਬੱਚਿਆਂ ਦੀ ਵਿਸ਼ੇਸ਼ ਦੇਖਭਾਲ ਕਰਨ ਦੀ ਸਲਾਹ ਦਿੱਤੀ ਹੈ।