ਅਮਰੀਕੀ ਸੁਪਰੀਮ ਕੋਰਟ ਨੇ ਈ.ਜੀਨ ਕੈਰੋਲ ਮਾਮਲੇ ਵਿੱਚ ਟਰੰਪ ਦੀ ਅਪੀਲ ਸੁਣਨ ਤੋਂ ਕੀਤਾ ਇਨਕਾਰ

ਵਾਸ਼ਿੰਗਟਨ, - ਅਮਰੀਕੀ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਰਾਸ਼ਟਰਪਤੀ ਡੌਨਲਡ ਟਰੰਪ ਦੀ ਉਸ ਅਪੀਲ ਨੂੰ ਸੁਣਨ ਤੋਂ ਇਨਕਾਰ ਕਰ ਦਿੱਤਾ, ਜਿਸ ਵਿੱਚ ਉਨ੍ਹਾਂ ਨੇ ਲੇਖਿਕਾ ਈ.ਜੀਨ ਕੈਰੋਲ ਦੇ ਹੱਕ ਵਿੱਚ ਆਏ 50 ਲੱਖ ਡਾਲਰ ਦੇ ਸਿਵਲ ਹਰਜਾਨੇ ਦੇ ਫ਼ੈਸਲੇ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ। ਇਸ ਨਾਲ ਹੇਠਲੀਆਂ ਅਦਾਲਤਾਂ ਦਾ ਫ਼ੈਸਲਾ ਬਰਕਰਾਰ ਰਹੇਗਾ। 2023 ਵਿੱਚ ਜੂਰੀ ਨੇ ਟਰੰਪ ਨੂੰ ਕੈਰੋਲ ਨਾਲ ਜਿਨਸੀ ਦੁਰਵਿਵਹਾਰ ਲਈ ਸਿਵਲ ਤੌਰ 'ਤੇ ਜ਼ਿੰਮੇਵਾਰ ਕਰਾਰ ਦਿੱਤਾ ਸੀ ਅਤੇ ਉਨ੍ਹਾਂ ਵੱਲੋਂ ਕੀਤੇ ਗਏ ਮਾਣਹਾਨੀ ਵਾਲੇ ਬਿਆਨਾਂ ਲਈ ਵੀ ਜ਼ਿੰਮੇਵਾਰ ਮੰਨਿਆ ਸੀ। ਟਰੰਪ ਦੇ ਵਕੀਲਾਂ ਦੀ ਦਲੀਲ ਸੀ ਕਿ ਟਰਾਇਲ ਦੌਰਾਨ ਕੁਝ ਸਬੂਤ ਅਤੇ ਹੋਰ ਦੋ ਔਰਤਾਂ ਦੀ ਗਵਾਹੀ ਨੂੰ ਮਨਜ਼ੂਰੀ ਦੇਣਾ ਗਲਤ ਸੀ, ਜਿਸ ਕਾਰਨ ਮੁਕੱਦਮੇ 'ਤੇ ਅਸਰ ਪਿਆ। ਸੁਪਰੀਮ ਕੋਰਟ ਨੇ ਬਿਨਾਂ ਕੋਈ ਕਾਰਨ ਦੱਸੇ ਅਪੀਲ 'ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ, ਜੋ ਕਿ ਅਜਿਹੇ ਮਾਮਲਿਆਂ ਵਿੱਚ ਆਮ ਪ੍ਰਕਿਰਿਆ ਹੈ। ਇਸ ਤੋਂ ਇਲਾਵਾ, ਕੈਰੋਲ ਨੂੰ ਇੱਕ ਵੱਖਰੇ ਮਾਣਹਾਨੀ ਮਾਮਲੇ ਵਿੱਚ 8.33 ਕਰੋੜ ਡਾਲਰ ਦਾ ਹਰਜਾਨਾ ਵੀ ਦਿੱਤਾ ਗਿਆ ਸੀ, ਜਿਸ ਖ਼ਿਲਾਫ਼ ਟਰੰਪ ਦੀ ਅਪੀਲ ਅਜੇ ਵੀ ਪੈਂਡਿੰਗ ਹੈ।