ਈਰਾਨ ਨੇ ਕਤਰ ਵਿੱਚ ਜ਼ਬਤ 6 ਅਰਬ ਡਾਲਰ ਦੀ ਸੰਪਤੀ ਜਾਰੀ ਹੋਣ ਦਾ ਕੀਤਾ ਦਾਅਵਾ, ਅਮਰੀਕਾ ਨੇ ਕੀਤਾ ਇਨਕਾਰ
_29Jun26081759AM.jfif)
 ਦੁਬਈ, : ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨੇ ਦਾਅਵਾ ਕੀਤਾ ਹੈ ਕਿ ਕਤਰ ਵਿੱਚ ਰੱਖੀ ਗਈ ਈਰਾਨ ਦੀ 6 ਅਰਬ ਡਾਲਰ ਦੀ ਜ਼ਬਤ ਸੰਪਤੀ 'ਤੇ ਲੱਗੀ ਰੋਕ ਜਲਦ ਹਟਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਰਕਮ ਨੂੰ ਮੁੜ ਦੇਸ਼ ਵਿੱਚ ਲਿਆਉਣ ਲਈ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ।
ਰਾਸ਼ਟਰਪਤੀ ਦੇ ਅਨੁਸਾਰ ਕਤਰ ਵਿੱਚ ਈਰਾਨ ਦੀ ਕੁੱਲ ਕਰੀਬ 12 ਅਰਬ ਡਾਲਰ ਦੀ ਸੰਪਤੀ ਮੌਜੂਦ ਹੈ, ਜਿਸ ਵਿੱਚੋਂ ਪਹਿਲੇ ਪੜਾਅ ਤਹਿਤ 6 ਅਰਬ ਡਾਲਰ ਜਾਰੀ ਕਰਨ ਦੀ ਯੋਜਨਾ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਾਰੀਆਂ ਪ੍ਰਕਿਰਿਆਵਾਂ ਅੱਗੇ ਵਧ ਰਹੀਆਂ ਹਨ।
ਹਾਲਾਂਕਿ ਅਮਰੀਕੀ ਅਧਿਕਾਰੀਆਂ ਨੇ ਇਸ ਦਾਅਵੇ ਨਾਲ ਅਸਹਿਮਤੀ ਜਤਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਈਰਾਨ ਦੀ ਕਿਸੇ ਵੀ ਜ਼ਬਤ ਕੀਤੀ ਗਈ ਸੰਪਤੀ 'ਤੇ ਲੱਗੀਆਂ ਪਾਬੰਦੀਆਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਅਤੇ ਫੰਡ ਅਜੇ ਵੀ ਪਹਿਲਾਂ ਵਾਲੀਆਂ ਸ਼ਰਤਾਂ ਦੇ ਅਧੀਨ ਹਨ।
ਇਹ ਬਿਆਨ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਖਾੜੀ ਖੇਤਰ ਵਿੱਚ ਤਣਾਅ ਇੱਕ ਵਾਰ ਫਿਰ ਵਧ ਗਿਆ ਹੈ। ਹਾਲੀਆ ਸੈਨਿਕ ਘਟਨਾਵਾਂ ਅਤੇ ਅਮਰੀਕਾ-ਈਰਾਨ ਵਿਚਾਲੇ ਚੱਲ ਰਹੀਆਂ ਕੂਟਨੀਤਿਕ ਕੋਸ਼ਿਸ਼ਾਂ ਕਾਰਨ ਖੇਤਰ ਦੀ ਸਥਿਤੀ ਸੰਵੇਦਨਸ਼ੀਲ ਬਣੀ ਹੋਈ ਹੈ।
ਈਰਾਨ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਸ ਖ਼ਿਲਾਫ਼ ਸੈਨਿਕ ਕਾਰਵਾਈ ਜਾਰੀ ਰਹੀ ਤਾਂ ਉਹ ਅਮਰੀਕਾ ਨਾਲ ਚੱਲ ਰਹੀ ਗੱਲਬਾਤ ਨੂੰ ਪੂਰੀ ਤਰ੍ਹਾਂ ਰੋਕ ਸਕਦਾ ਹੈ। ਦੂਜੇ ਪਾਸੇ, ਅੰਤਰਰਾਸ਼ਟਰੀ ਭਾਈਚਾਰਾ ਦੋਵਾਂ ਪੱਖਾਂ ਨੂੰ ਸੰਜਮ ਵਰਤਣ ਅਤੇ ਕੂਟਨੀਤਿਕ ਰਾਹੀਂ ਮਤਭੇਦ ਦੂਰ ਕਰਨ ਦੀ ਅਪੀਲ ਕਰ ਰਿਹਾ ਹੈ।