ਅਮਰੀਕਾ-ਈਰਾਨ ਤਣਾਅ ਵਿੱਚ ਨਰਮੀ: ਹਮਲੇ ਰੋਕਣ ਤੇ ਕੂਟਨੀਤਿਕ ਗੱਲਬਾਤ ਮੁੜ ਸ਼ੁਰੂ ਕਰਨ ਲਈ ਬਣੀ ਸਹਿਮਤੀ

 ਵਾਸ਼ਿੰਗਟਨ, : ਖਾੜੀ ਖੇਤਰ ਵਿੱਚ ਕਈ ਦਿਨਾਂ ਤੋਂ ਚੱਲ ਰਹੇ ਤਣਾਅ ਵਿਚਾਲੇ ਇੱਕ ਸਕਾਰਾਤਮਕ ਵਿਕਾਸ ਸਾਹਮਣੇ ਆਇਆ ਹੈ। ਅਮਰੀਕਾ ਅਤੇ ਈਰਾਨ ਨੇ ਆਪਸੀ ਸੈਨਿਕ ਕਾਰਵਾਈਆਂ ਨੂੰ ਫਿਲਹਾਲ ਰੋਕਣ ਅਤੇ ਵਿਵਾਦਾਂ ਦੇ ਹੱਲ ਲਈ ਮੁੜ ਕੂਟਨੀਤਿਕ ਗੱਲਬਾਤ ਸ਼ੁਰੂ ਕਰਨ 'ਤੇ ਸਹਿਮਤੀ ਜਤਾਈ ਹੈ।

ਅਮਰੀਕੀ ਅਧਿਕਾਰੀਆਂ ਦੇ ਹਵਾਲੇ ਨਾਲ ਸਾਹਮਣੇ ਆਈ ਜਾਣਕਾਰੀ ਮੁਤਾਬਕ ਦੋਵੇਂ ਧਿਰਾਂ ਨੇ ਖਾੜੀ ਖੇਤਰ ਵਿੱਚ ਤਣਾਅ ਘਟਾਉਣ ਲਈ "ਸਟੈਂਡ ਡਾਊਨ" ਨੀਤੀ ਅਪਣਾਉਣ ਦਾ ਫ਼ੈਸਲਾ ਕੀਤਾ ਹੈ। ਇਸ ਤਹਿਤ ਫੌਜੀ ਹਮਲੇ ਰੋਕਣ ਦੇ ਨਾਲ-ਨਾਲ ਵਪਾਰਕ ਜਹਾਜ਼ਾਂ ਦੀ ਆਵਾਜਾਈ ਨੂੰ ਵੀ ਆਮ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।

ਜਾਣਕਾਰੀ ਅਨੁਸਾਰ ਹੋਰਮੁਜ਼ ਜਲਡਮਰੂ ਨਾਲ ਜੁੜੇ ਮਸਲਿਆਂ 'ਤੇ ਅਹਿਮ ਕੂਟਨੀਤਿਕ ਬੈਠਕ ਮੰਗਲਵਾਰ ਨੂੰ ਕਤਰ ਦੀ ਰਾਜਧਾਨੀ ਦੋਹਾ ਵਿੱਚ ਹੋਣ ਦੀ ਸੰਭਾਵਨਾ ਹੈ। ਇਸ ਬੈਠਕ ਦੌਰਾਨ ਸਮੁੰਦਰੀ ਆਵਾਜਾਈ ਨੂੰ ਪੂਰੀ ਤਰ੍ਹਾਂ ਬਹਾਲ ਕਰਨ ਅਤੇ ਖੇਤਰ ਵਿੱਚ ਸਥਿਰਤਾ ਲਿਆਉਣ ਲਈ ਅਗਲੀ ਰਣਨੀਤੀ 'ਤੇ ਵਿਚਾਰ ਕੀਤਾ ਜਾਵੇਗਾ।

ਹੋਰਮੁਜ਼ ਜਲਡਮਰੂ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਸਮੁੰਦਰੀ ਵਪਾਰਕ ਰੂਟਾਂ ਵਿੱਚੋਂ ਇੱਕ ਹੈ, ਜਿੱਥੋਂ ਵੱਡੀ ਮਾਤਰਾ ਵਿੱਚ ਕੱਚੇ ਤੇਲ ਅਤੇ ਗੈਸ ਦੀ ਸਪਲਾਈ ਹੁੰਦੀ ਹੈ। ਇਸ ਰਸਤੇ ਵਿੱਚ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਦਾ ਅਸਰ ਵਿਸ਼ਵ ਬਾਜ਼ਾਰਾਂ ਅਤੇ ਊਰਜਾ ਸਪਲਾਈ 'ਤੇ ਪੈਂਦਾ ਹੈ।

ਕੂਟਨੀਤਿਕ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਇਹ ਗੱਲਬਾਤ ਸਫਲ ਰਹਿੰਦੀ ਹੈ ਤਾਂ ਨਾ ਸਿਰਫ਼ ਖਾੜੀ ਖੇਤਰ ਵਿੱਚ ਤਣਾਅ ਘਟੇਗਾ, ਸਗੋਂ ਅੰਤਰਰਾਸ਼ਟਰੀ ਵਪਾਰ ਅਤੇ ਸਮੁੰਦਰੀ ਆਵਾਜਾਈ ਨੂੰ ਵੀ ਵੱਡੀ ਰਾਹਤ ਮਿਲ ਸਕਦੀ ਹੈ।