ਇਟਲੀ ਪੁਲਿਸ ਵਲੋ ਮਾਨਤੋਵਾ ਦੇ ਦੋ ਭਾਰਤੀ ਖੇਤੀਬਾੜੀ ਫਾਰਮਾ ਉਪੱਰ ਵੱਡੀ ਕਾਰਵਾਈ ,ਪ੍ਰਬੰਧਕੀ ਢਾਂਚੇ ਵਿੱਚ ਅਨੇਕਾਂ ਘਾਟਾਂ ਕਾਰਨ ਹੋਇਆ 46 ਹਜ਼ਾਰ ਯੂਰੋ ਜੁਰਮਾਨਾ

 ਰੋਮ ਇਟਲੀ 29 ਜੂਨ (ਗੁਰਸ਼ਰਨ ਸਿੰਘ ਸੋਨੀ) ਦੋ ਸਾਲ ਪਹਿਲਾਂ ਇਟਲੀ ਦੇ ਲਾਤੀਨਾ ਵਿਖੇ ਭਾਰਤੀ ਕਾਮੇ ਸਤਨਾਮ ਸਿੰਘ ਦੀ ਕੰਮ ਦੇ ਮਾਲਕ ਦੀ ਅਣਗਹਿਲੀ ਕਾਰਨ ਮੌਤ ਹੋ ਗਈ ।ਉਹ ਸਿਰਫ਼ ਇੱਕ ਕਿਰਤੀ ਦਾ ਮੌਤ ਨਹੀਂ ਸੀ ਸਗੋਂ ਚਿੱਟੇ ਦਿਨ ਇਨਸਾਨੀਅਤ ਦਾ ਕਤਲ ਸੀ ਜਿਸ ਨੇ ਪ੍ਰਸ਼ਾਸਨ ਦੀ ਨੀਂਦ ਉਡਾ ਦਿੱਤੀ ਤੇ ਉਸ ਦਿਨ ਤੋਂ ਬਾਅਦ ਇਟਲੀ ਦੀ ਪੁਲਿਸ ਵੱਲੋਂ ਬਹੁਤ ਜਿਆਦਾ ਖਾਸ ਕਰਕੇ ਖੇਤੀਬਾੜੀ ਫ਼ਾਰਮਾਂ ਤੇ ਸਖ਼ਤੀ ਵਰਤੀ ਜਾ ਰਹੀ ਹੈ ਤਾਂ ਜੋ ਦੁਬਾਰਾ ਕੋਈ ਸਤਨਾਮ ਨਾ ਮਰੇ। ਇਸੇ ਲੜੀ ਤਹਿਤ ਉੱਤਰੀ ਇਟਲੀ ਦੇ ਜਿਲ੍ਹਾ ਮਾਨਤੋਵਾ ਦੇ ਰੋਵਰਬੇਲਾ ਤੇ ਵੀਆਦਾਨਾ ਵਿਖੇ ਸਥਿਤ ਦੋ ਭਾਰਤੀ ਖੇਤੀਬਾੜੀ ਫ਼ਾਰਮਾਂ ਤੇ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਗਈ । ਜਿੱਥੋਂ ਬਿਨ੍ਹਾਂ ਪੇਪਰਾਂ ਤੋਂ ਭਾਰਤੀ ਮੂਲ ਦੇ ਕਾਮਿਆਂ ਨੂੰ ਪੁੱਛਗਿੱਛ ਕੀਤੀ ਗਈ ਤੇ ਕਾਨੂੰਨ ਅਨੁਸਾਰ ਮਾਲਕ ਦੇ ਫਾਰਮ ਵਿੱਚ ਬਹੁਤ ਜ਼ਿਆਦਾ ਖ਼ਾਮੀਆਂ ਪਾਈਆਂ ਗਈਆਂ ।ਪੁਲਿਸ ਵੱਲੋਂ ਕਾਮਿਆਂ ਨਾਲ ਸੋਸਣ ਤੇ ਬਿਨ੍ਹਾਂ ਪੇਪਰਾਂ ਤੋਂ ਕੰਮ ਕਰਵਾਉਣ ਤੇ ਹੋਰ ਬਹੁਤ ਸਾਰੀਆਂ ਘਾਟਾਂ ਅਧੀਨ ਭਾਰਤੀ ਮੂਲ ਦੇ ਮਾਲਕਾਂ ਨੂੰ 46 ਹਜ਼ਾਰ ਯੂਰੋ ਦਾ ਜੁਰਮਾਨਾ ਲਗਾਇਆ ਗਿਆ ਤੇ ਦੋਵਾਂ ਫਾਰਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਪੁਲਿਸ ਅਨੁਸਾਰ ਰੋਵਰਬੇਲਾ ਸਥਿਤ ਫਾਰਮ ਦੀ ਮਾਲਕਣ 25 ਸਾਲਾ ਔਰਤ ਹੈ ਅਤੇ ਵੀਆਦਾਨਾ ਸਥਿਤ ਫਾਰਮ ਦਾ ਮਾਲਕ 45 ਸਾਲਾ ਆਦਮੀ, ਦੋਵੇਂ ਭਾਰਤੀ ਨਾਗਰਿਕ ਹਨ। ਵੀਆਦਾਨਾ ਫਾਰਮ ਤੇ ਕੰਮ ਕਰਦੇ 7 ਗੈਰ-ਕਾਨੂੰਨੀ ਕਾਮਿਆਂ ਵਿੱਚੋਂ 4 ਨੂੰ ਨੌਕਰੀ 'ਤੇ ਰੱਖਿਆ ਗਿਆ ਸੀ। ਜਦੋਂ ਕਿ ਰੋਵਰਬੇਲਾ ਫਾਰਮ ਤੇ 12 ਕਾਮਿਆਂ ਦੀ ਪਛਾਣ ਕੀਤੀ, ਜਿਨ੍ਹਾਂ ਵਿੱਚੋਂ ਅੱਠ ਗੈਰ-ਕਾਨੂੰਨੀ ਸਨ। ਮੀਡੀਆ ਰਿਪੋਰਟਾਂ ਅਨੁਸਾਰ ਖੇਤੀਬਾੜੀ ਕਾਮਿਆਂ ਨੂੰ ਮਾਲਕਾਂ ਵਲੋ ਵੱਧ ਕੰਮ ਤੇ ਪੈਸੇ ਘੱਟ ਦਿੱਤੇ ਜਾ ਰਹੇ ਸਨ। ਦੂਜੇ ਪਾਸੇ ਇੰਨੀ ਦਿਨੀ ਪੈ ਰਹੀ ਅੱਤ ਦੀ ਗਰਮੀ ਕਾਰਨ ਗਰਮੀ ਦੇ ਘੰਟਿਆਂ ਵਿੱਚ ਆਰਾਮ ਦੀ ਬਜਾਏ ਕੰਮ ਕਰਵਾਇਆ ਜਾ ਰਿਹਾ ਸੀ। ਹੋਰ ਵੀ ਬਹੁਤ ਸਾਰੀਆਂ ਕਨੂੰਨੀ ਉਣ-ਤਾਣ ਪਾਈਆਂ ਗਈਆਂ ।ਜ਼ਿਕਰਯੋਗ ਹੈ ਕਿ ਬਿਨਾਂ ਇਕਰਾਰਨਾਮੇ ਤੋਂ ਕੰਮ ਕਰਵਾਉਣ,ਸਹੀ ਰੇਟ ਨਾ ਦੇਣ ਅਤੇ ਮਜ਼ਦੂਰਾਂ ਦੀ ਸੁਰੱਖਿਆ ਨੂੰ ਲੈ ਕੇ ਸਾਰੇ ਜ਼ਿਲ੍ਹਿਆਂ ਦੀ ਪੁਲਿਸ ਅਤੇ ਉੱਚ ਅਧਿਕਾਰੀਆਂ ਦੀਆਂ ਇਹਨੀਂ ਦਿਨੀ ਵਿਸ਼ੇਸ਼ ਮੀਟਿੰਗਾਂ ਹੋ ਰਹੀਆਂ ਹਨ ਅਤੇ ਸਰਕਾਰ ਵੱਲੋਂ ਕਨੂੰਨ ਨੂੰ ਸਖਤੀ ਨਾਲ ਲਾਗੂ ਕਰਵਾਉਣ ਦੇ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ।ਇਸ ਕਾਰਵਾਈ ਨਾਲ ਹੋਰ ਵੀ ਕਈ ਫਾਰਮ ਮਾਲਕਾਂ ਦੇ ਚਿਹਰੇ ਪੀਲ਼ੇ ਪਏ ਦੇਖੇ ਗਏ ਜਿਹੜੇ ਕਿ ਅਕਸਰ ਹੀ ਕਾਨੂੰਨ ਨੂੰ ਛਿੱਕੇ ਟੰਗ ਕਿਰਤੀਆਂ ਦਾ ਸ਼ੋਸ਼ਣ ਕਰਨਾ ਆਪਣਾ ਹੱਕ ਸਮਝਦੇ ਹਨ।