ਸਕਾਟਲੈਂਡ ਵਿੱਚ ਬਰਤਾਨੀਆ ਦੇ ਨਵੇਂ ਸੁਪਰ ਕੰਪਿਊਟਰ ਦਾ ਨਿਰਮਾਣ ਸ਼ੁਰੂ I

 ਗਲਾਸਗੋ,(ਹਰਜੀਤ ਸਿੰਘ ਦੁਸਾਂਝ ਪੁਆਦੜਾ) - ਬਰਤਾਨੀਆ ਦੇ ਨਵੇਂ ਰਾਸ਼ਟਰੀ ਸੁਪਰ ਕੰਪਿਊਟਰ ਲਈ ਨਿਰਮਾਣ ਕੰਮ ਸ਼ੁਰੂ ਹੋ ਗਿਆ ਹੈ। ਲਗਭਗ 750 ਮਿਲੀਅਨ ਪੌਂਡ(ਲਗਭਗ 93 ਅਰਬ ਰੁਪਏ) ਦੇ ਸਰਕਾਰੀ ਨਿਵੇਸ਼ ਨਾਲ ਤਿਆਰ ਹੋਣ ਵਾਲਾ ਇਹ ਕੰਪਿਊਟਰ ਸਕਾਟਲੈਂਡ ਦੀ ਰਾਜਧਾਨੀ ਐਡਨਬਰਾ ਨੇੜੇ ਪੈਂਦੇ ਪਿੰਡ ਪੇਨਿਕਿਊਕ ਵਿੱਚ ਸਥਾਪਿਤ ਕੀਤੀ ਜਾ ਰਿਹਾ ਹੈ ਅਤੇ ਇਸ ਦੀ ਮੇਜ਼ਬਾਨੀ ਐਡਨਬਰਾ ਯੂਨੀਵਰਸਿਟੀ ਕਰੇਗੀ। ਇਹ ਕੰਪਿਊਟਰ ਯੂਕੇ ਰਿਸਰਚ ਐਂਡ ਇਨੋਵੇਸ਼ਨ ਦੇ ਅਧੀਨ ਹੋਵੇਗਾ।  

           ਇਸ ਸੁਪਰ ਕੰਪਿਊਟਰ ਦੇ ਮੌਜੂਦਾ ਕੌਮੀ ਪ੍ਰਣਾਲੀ ਆਰਚਰ2  ਨਾਲੋਂ ਕਰੀਬ 50 ਗੁਣਾ ਵੱਧ ਤਾਕਤਵਰ ਹੋਣ ਦੀ ਉਮੀਦ ਹੈ। ਰਿਪੋਰਟਾਂ ਅਨੁਸਾਰ ਇਹ ਘੱਟੋ-ਘੱਟ ਇੱਕ ਬਿਲੀਅਨ ਗਣਨਾਵਾਂ ਪ੍ਰਤੀ ਸਕਿੰਟ ਕਰਨ ਦੇ ਯੋਗ ਹੋਵੇਗਾ, ਜਿਸ ਨਾਲ ਬਹੁਤ ਜਟਿਲ ਵਿਗਿਆਨਕ ਕੰਮ ਦਿਨਾਂ ਦੀ ਥਾਂ ਮਿੰਟਾਂ ਵਿੱਚ ਹੋ ਸਕਣਗੇ। ਸੁਪਰ ਕੰਪਿਊਟਰ ਦੀ ਸਹਾਇਤਾ ਨਾਲ ਕੈਂਸਰ ਦੀਆਂ ਦਵਾਈਆਂ ਦੀ ਖੋਜ, ਮੌਸਮੀ ਘਟਨਾਵਾਂ ਦੀ ਭਵਿੱਖਬਾਣੀ/ਪੇਸ਼ਗੋਈ, ਹਵਾਈ ਜਹਾਜ਼ ਇੰਜੀਨੀਅਰਿੰਗ, ਹੜਾਂ ਦੇ ਖਤਰੇ , ਸਮੁੰਦਰੀ ਤਾਪਮਾਨ ਵਿੱਚ ਤਬਦੀਲੀਆਂ ਅਤੇ ਭੂਚਾਲਾਂ ਦੇ ਖਤਰੇ ਆਦਿ ਖੇਤਰਾਂ ਵਿੱਚ ਵਰਤਿਆ ਜਾਵੇਗਾ। ਸਰਕਾਰ ਦਾ ਕਹਿਣਾ ਹੈ ਕਿ ਇਹ ਬ੍ਰਿਟੇਨ ਦੀ AI ਅਤੇ ਵਿਗਿਆਨਕ ਖੋਜ ਲਈ ਘਰੇਲੂ ਕੰਪਿਊਟਿੰਗ ਸਮਰੱਥਾ ਮਜ਼ਬੂਤ ਕਰੇਗਾ।            
          ਪ੍ਰੋਜੈਕਟ ਵਿੱਚ ਵਾਤਾਵਰਣਕ ਪੱਖ ਨੂੰ ਵੀ ਮਹੱਤਵ ਦਿੱਤਾ ਗਿਆ ਹੈ। ਸਕਾਟਲੈਂਡ ਦੇ ਠੰਢੇ ਮੌਸਮ ਅਤੇ ਉੱਨਤ ਕੂਲਿੰਗ ਤਕਨਾਲੋਜੀ ਨਾਲ ਬਿਜਲੀ ਦੀ ਖਪਤ ਘਟਾਉਣ ਦਾ ਟੀਚਾ ਹੈ। ਕੰਪਿਊਟਰ ਤੋਂ ਨਿਕਲਣ ਵਾਲੀ ਵਾਧੂ ਗਰਮੀ ਨੂੰ ਯੂਨੀਵਰਸਿਟੀ ਦੀਆਂ ਇਮਾਰਤਾਂ ਗਰਮ ਕਰਨ ਲਈ ਵਰਤਣ ਦੀ ਯੋਜਨਾ ਹੈ। ਭਵਿੱਖ ਵਿੱਚ ਇਸ ਨੂੰ ਸਥਾਨਕ ਘਰਾਂ ਤੱਕ ਪਹੁੰਚਾਉਣ ਦੀ ਸੰਭਾਵਨਾ ਵੀ ਜਾਂਚੀ ਜਾਵੇਗੀ।  
         ਇਸ ਦੀ ਇਮਾਰਤ ਦਾ ਨਿਰਮਾਣ 2027 ਦੇ ਅੰਤ ਤੱਕ ਪੂਰਾ ਹੋਣ ਦੀ ਉਮੀਦ ਹੈ ਅਤੇ ਨਵਾਂ ਸੁਪਰਕੰਪਿਊਟਰ 2028 ਦੀ ਬਸੰਤ ਤੱਕ ਵਰਤੋਂ ਲਈ ਤਿਆਰ ਹੋ ਸਕਦਾ ਹੈ। ਇਹ ਯੋਜਨਾ ਬ੍ਰਿਟੇਨ ਦੇ ਵੱਡੇ ਕੰਪਿਊਟਿੰਗ ਢਾਂਚੇ ਦੇ ਰੋਡਮੈਪ ਦਾ ਹਿੱਸਾ ਹੈ, ਜਿਸ ਵਿੱਚ 2030 ਤੱਕ ਜਨਤਕ ਖੋਜ ਕੰਪਿਊਟਿੰਗ ਸਮਰੱਥਾ ਵਧਾਉਣ ਲਈ ਵੱਡੇ ਪੱਧਰ ਦਾ ਨਿਵੇਸ਼ ਸ਼ਾਮਲ ਹੈ।