ਬਹੁਜਨ ਦ੍ਰਾਵਿੜ ਪਾਰਟੀ ਵੱਲੋਂ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਦਲੇਰ ਰੁਖ ਨੂੰ ਸਲਾਮ, ਵਿਧਾਇਕਾਂ ਦੀ ਅਗਿਆਨਤਾ 'ਤੇ ਕੀਤੀ ਫਟਕਾਰ ਦੀ ਕੀਤੀ ਭਰਪੂਰ ਸ਼ਲਾਘਾ 👉 ਰਾਸ਼ਟਰੀ ਪ੍ਰਧਾਨ ਜੀਵਨ ਸਿੰਘ ਤਾਮਿਲ ਨੇ ਭੇਜਿਆ ਪ੍ਰਸ਼ੰਸਾ ਪੱਤਰ, ਕਿਹਾ— ਸ੍ਰੀ ਅਕਾਲ ਤਖ਼ਤ ਦੀ ਸਰਵਉੱਚਤਾ ਅਤੇ ਸਿੱਖ ਸਿਧਾਂਤਾਂ ਦੀ ਰਾਖੀ ਲਈ ਚੁੱਕੇ ਕਦਮ ਇਤਿਹਾਸਕ

 
ਨਵੀਂ ਦਿੱਲੀ, 30 ਜੂਨ (ਮਨਪ੍ਰੀਤ ਸਿੰਘ ਖਾਲਸਾ):&mdash ਬਹੁਜਨ ਦ੍ਰਾਵਿੜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੀਵਨ ਸਿੰਘ ਤਾਮਿਲ ਨੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਇੱਕ ਪ੍ਰਸ਼ੰਸਾ ਪੱਤਰ ਭੇਜ ਕੇ ਸਿੱਖ ਸਿਧਾਂਤਾਂ ਦੀ ਰਾਖੀ ਲਈ ਅਪਣਾਏ ਗਏ ਦ੍ਰਿੜ ਅਤੇ ਨਿਡਰ ਰੁਖ ਦੀ ਭਰਪੂਰ ਸ਼ਲਾਘਾ ਕੀਤੀ ਹੈ। ਪੱਤਰ ਵਿੱਚ ਕਿਹਾ ਗਿਆ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਯਾਦਾ, ਸਰਵਉੱਚਤਾ ਅਤੇ ਸਿੱਖ ਪੰਥ ਦੀ ਵਿਲੱਖਣ ਪਛਾਣ ਦੀ ਰੱਖਿਆ ਲਈ ਚੁੱਕੇ ਗਏ ਕਦਮ ਪੂਰੇ ਦੇਸ਼ ਲਈ ਮਿਸਾਲ ਹਨ। ਸਰਦਾਰ ਜੀਵਨ ਸਿੰਘ ਤਾਮਿਲ ਨੇ ਕਿਹਾ ਕਿ 29 ਜੂਨ ਨੂੰ ਸ੍ਰੀ ਅਕਾਲ ਤਖ਼ਤ ਸਕੱਤਰੇਤ ਵਿਖੇ ਵਿਧਾਇਕਾਂ ਨੂੰ ਤਲਬ ਕਰਕੇ ਉਨ੍ਹਾਂ ਤੋਂ ਵਿਧਾਨਕ ਸੋਧ ਸਬੰਧੀ ਕੀਤੀ ਗਈ ਪੁੱਛਗਿੱਛ ਅਤੇ ਉਨ੍ਹਾਂ ਦੀ ਅਗਿਆਨਤਾ ਨੂੰ ਬੇਨਕਾਬ ਕਰਨਾ ਇੱਕ ਇਤਿਹਾਸਕ ਅਤੇ ਦੂਰਅੰਦੇਸ਼ੀ ਭਰਿਆ ਫ਼ੈਸਲਾ ਸੀ। ਉਨ੍ਹਾਂ ਕਿਹਾ ਕਿ ਜਨਤਕ ਨੁਮਾਇੰਦਿਆਂ ਨੂੰ ਬਿਨਾਂ ਪੂਰੀ ਸਮਝ ਅਤੇ ਜ਼ਿੰਮੇਵਾਰੀ ਦੇ ਕਾਨੂੰਨ ਪਾਸ ਕਰਨ ਦਾ ਕੋਈ ਨੈਤਿਕ ਹੱਕ ਨਹੀਂ ਹੈ ਅਤੇ ਇਸ ਮਾਮਲੇ ਵਿੱਚ ਜਥੇਦਾਰ ਵੱਲੋਂ ਦਿੱਤੀ ਗਈ ਸਖ਼ਤ ਫਟਕਾਰ ਨੇ ਲੋਕਤੰਤਰਿਕ ਜਵਾਬਦੇਹੀ ਦਾ ਮਹੱਤਵ ਉਜਾਗਰ ਕੀਤਾ ਹੈ। ਪੱਤਰ ਵਿੱਚ ਇਹ ਵੀ ਕਿਹਾ ਗਿਆ ਕਿ ਸਿੱਖ ਧਰਮ ਦੇ ਸਮਾਨਤਾ, ਨਿਆਂ ਅਤੇ ਆਜ਼ਾਦੀ ਦੇ ਸਿਧਾਂਤਾਂ ਨੂੰ ਕਿਸੇ ਵੀ ਬ੍ਰਾਹਮਣਵਾਦੀ ਜਾਂ ਸਨਾਤਨੀ ਵਰਚਸਵ ਦੀ ਸੋਚ ਤੋਂ ਬਚਾ ਕੇ ਰੱਖਣ ਲਈ ਜਥੇਦਾਰ ਦਾ ਅਡੋਲ ਰੁਖ ਬੇਹੱਦ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਅਸਲ ਪਛਾਣ ਅਤੇ ਮੂਲ ਨਿਵਾਸੀਆਂ ਦੇ ਹੱਕਾਂ ਦੀ ਰੱਖਿਆ ਸਿਰਫ਼ ਉਹੀ ਆਗੂ ਕਰ ਸਕਦੇ ਹਨ ਜੋ ਸਿੱਖ ਗੁਰੂ ਸਾਹਿਬਾਨ ਵੱਲੋਂ ਦਿੱਤੀਆਂ ਸਮਾਜਿਕ, ਸੱਭਿਆਚਾਰਕ, ਵਿਦਿਅਕ ਅਤੇ ਰੂਹਾਨੀ ਕਦਰਾਂ-ਕੀਮਤਾਂ ਨੂੰ ਸਮਝਦੇ ਅਤੇ ਅਮਲ ਵਿੱਚ ਲਿਆਉਂਦੇ ਹੋਣ। ਬਹੁਜਨ ਦ੍ਰਾਵਿੜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨੇ ਆਪਣੇ ਪੱਤਰ ਵਿੱਚ ਕਾਰਜਕਾਰੀ ਜਥੇਦਾਰ ਦੀ ਦ੍ਰਿੜ ਅਗਵਾਈ ਨੂੰ "ਇਨਕਲਾਬੀ ਸਲਾਮ" ਭੇਟ ਕਰਦਿਆਂ ਕਿਹਾ ਕਿ ਧਰਮ ਦੇ ਸਿਧਾਂਤਾਂ ਅਤੇ ਲੋਕਾਂ ਦੀ ਰੂਹਾਨੀ ਆਜ਼ਾਦੀ ਨੂੰ ਰਾਜਨੀਤਿਕ ਦਬਾਅ ਤੋਂ ਉੱਪਰ ਰੱਖਣਾ ਹੀ ਸੱਚੀ ਅਗਵਾਈ ਦੀ ਨਿਸ਼ਾਨੀ ਹੈ। ਉਨ੍ਹਾਂ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਜਥੇਦਾਰ ਨੂੰ ਪੰਥ ਦੀ ਸੇਵਾ ਵਿੱਚ ਹਮੇਸ਼ਾਂ ਚੜ੍ਹਦੀ ਕਲਾ ਅਤੇ ਦ੍ਰਿੜਤਾ ਬਖ਼ਸ਼ੇ। ਜਿਕਰਯੋਗ ਹੈ ਕਿ ਇਸ ਪੱਤਰ ਨੂੰ ਸਿੱਖ ਸਿਧਾਂਤਾਂ ਦੀ ਰਾਖੀ ਲਈ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਹੱਕ ਵਿੱਚ ਇੱਕ ਮਹੱਤਵਪੂਰਨ ਸਮਰਥਨ ਵਜੋਂ ਦੇਖਿਆ ਜਾ ਰਿਹਾ ਹੈ, ਜਿਸ ਨੇ ਮੌਜੂਦਾ ਧਾਰਮਿਕ ਅਤੇ ਰਾਜਨੀਤਿਕ ਚਰਚਾ ਵਿੱਚ ਨਵੀਂ ਚਰਚਾ ਨੂੰ ਜਨਮ ਦਿੱਤਾ ਹੈ।