ਬੈਲਜੀਅਮ ਦੇ ਗੁਰਦੁਆਰਾ ਸੰਗਤ ਸਾਹਿਬ ਵਿਖੇ ਜੂਨ 1984 ਦੀ ਯਾਦ ਵਿੱਚ ਜਾਣਕਾਰੀ ਬੋਰਡ ਸਥਾਪਤ ਵਿਦੇਸ਼ਾਂ ਚ ਨਵੀਂ ਪੀੜੀ ਨੂੰ ਅਪਣੇ ਇਤਿਹਾਸ ਨਾਲ ਜੋੜਨ ਦਾ ਉਸਾਰੂ ਕਦਮ-ਪੰਥਕ ਆਗੂ ਯੂਰਪ

 
ਸਿੰਟ ਟਰੂਡਨ (ਬੈਲਜੀਅਮ), 21 ਜੂਨ 2026-(ਰਸ਼ਪਿੰਦਰ ਕੌਰ ਗਿੱਲ): ਬੈਲਜੀਅਮ ਦੇ ਸਿੰਟ ਟਰੂਡਨ ਸਥਿਤ ਗੁਰਦੁਆਰਾ ਸੰਗਤ ਸਾਹਿਬ ਦੀ ਪਾਰਕ ਵਿੱਚ ਜੂਨ 1984 ਦੀਆਂ ਘਟਨਾਵਾਂ ਦੀ 42ਵੀਂ ਵਰ੍ਹੇਗੰਢ ਨੂੰ ਸਮਰਪਿਤ ਇੱਕ ਵਿਸ਼ੇਸ਼ ਜਾਣਕਾਰੀ ਬੋਰਡ ਸਥਾਪਤ ਕੀਤਾ ਗਿਆ। ਇਹ ਉਪਰਾਲਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ, ਸਮੂਹ ਸਾਧ ਸੰਗਤ ਅਤੇ ਸੇਵਾਦਾਰਾਂ ਦੇ ਸਹਿਯੋਗ ਨਾਲ ਕੀਤਾ ਗਿਆ।
ਇਸ ਮੌਕੇ ਯੂਰਪ ਦੀਆਂ ਸਮੂਹ ਪੰਥਕ ਜਥੇਬੰਦੀਆਂ ਨੇ ਗੁਰਦੁਆਰਾ ਸੰਗਤ ਸਾਹਿਬ ਦੀ ਪ੍ਰਬੰਧਕ ਕਮੇਟੀ, ਸਾਧ ਸੰਗਤ ਅਤੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਇਸ ਉਪਰਾਲੇ ਨੂੰ ਇਤਿਹਾਸਕ ਯਾਦ ਅਤੇ ਜਾਗਰੂਕਤਾ ਨੂੰ ਸੰਭਾਲਣ ਵੱਲ ਇੱਕ ਮਹੱਤਵਪੂਰਨ ਕਦਮ ਕਰਾਰ ਦਿੱਤਾ। ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਕਿਹਾ ਕਿ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਉਪਰਾਲਿਆਂ ਨੂੰ ਹੋਰ ਵਿਆਪਕ ਪੱਧਰ &rsquoਤੇ ਜਾਰੀ ਰੱਖਣ ਦੀ ਲੋੜ ਹੈ, ਤਾਂ ਜੋ ਨੌਜਵਾਨ ਪੀੜ੍ਹੀ ਆਪਣੇ ਇਤਿਹਾਸ ਨਾਲ ਜੁੜੀ ਰਹੇ।
ਗੁਰਦੁਆਰਾ ਪ੍ਰਬੰਧਕਾਂ ਅਨੁਸਾਰ ਬੋਰਡ ਵਿੱਚ ਜੂਨ 1984 ਨਾਲ ਸੰਬੰਧਿਤ ਘਟਨਾਵਾਂ ਅਤੇ ਉਸ ਸਮੇਂ ਦੇ ਇਤਿਹਾਸਕ ਪ੍ਰਸੰਗ ਦਾ ਵੇਰਵਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਦਾ ਮਕਸਦ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਨ੍ਹਾਂ ਘਟਨਾਵਾਂ ਬਾਰੇ ਜਾਣੂ ਕਰਵਾਉਣਾ ਅਤੇ ਇਤਿਹਾਸਕ ਯਾਦ ਨੂੰ ਸੰਭਾਲ ਕੇ ਰੱਖਣਾ ਹੈ।
ਸਮਾਗਮ ਦੌਰਾਨ ਬੁਲਾਰਿਆਂ ਨੇ ਜੂਨ 1984 ਦੀਆਂ ਘਟਨਾਵਾਂ ਦੌਰਾਨ ਸਮੂੱਹ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਅਤੇ ਹੋਰ ਸ਼ਹੀਦਾਂ ਨੂੰ ਵੀ ਸਤਿਕਾਰ ਸਹਿਤ ਯਾਦ ਕੀਤਾ ਗਿਆ।
 ਇਸ ਕਾਰਜ ਲਈ ਭਾਈ ਗੁਰਮੀਤ ਸਿੰਘ ਖਨਿਆਣ, ਭਾਈ ਰਘਬੀਰ ਸਿੰਘ ਕੋਹਾੜ, ਭਾਈ ਗੁਰਦਿਆਲ ਸਿੰਘ ਲਾਲੀ, ਭਾਈ ਪਿਰਥੀਪਾਲ ਸਿੰਘ ਪਟਵਾਰੀ, ਭਾਈ ਗੁਰਦਿਆਲ ਸਿੰਘ ਢਕਾਣਸੂ ਅਤੇ ਭਾਈ ਮਨਜੋਤ ਸਿੰਘ (ਗੈਂਟ) ਨੇ ਸ਼ਲਾਘਾ ਕੀਤੀ। ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਸੰਗਤ ਨੇ ਹਾਜ਼ਰੀ ਭਰੀ ਅਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।
ਯੂਰਪ ਦੀਆਂ ਪੰਥਕ ਜਥੇਬੰਦੀਆਂ ਨੇ ਆਪਣੇ ਸਾਂਝੇ ਬਿਆਨ ਵਿੱਚ ਕਿਹਾ ਕਿ ਇਤਿਹਾਸ ਨਾਲ ਸੰਬੰਧਿਤ ਅਜਿਹੇ ਯਾਦਗਾਰੀ ਉਪਰਾਲੇ ਸਮਾਜ ਨੂੰ ਆਪਣੀ ਵਿਰਾਸਤ ਨਾਲ ਜੋੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਕਾਰਜ ਜਾਰੀ ਰਹਿਣੇ ਚਾਹੀਦੇ ਹਨ।