ਯੂਕੇ ਵਿੱਚ ਊਰਜਾ ਦੀਆਂ ਕੀਮਤ ਵਧਣ ਦੇ ਮੱਦੇਨਜ਼ਰ ਮੁਹਿੰਮਕਾਰਾਂ ਵੱਲੋਂ ਸਰਕਾਰ ਨੂੰ ਚੇਤਾਵਨੀ

 It looks like this message is in Punjabi
ਗਲਾਸਗੋ,(ਹਰਜੀਤ ਸਿੰਘ ਦੁਸਾਂਝ ਪੁਆਦੜਾ) - ਯੂਕੇ ਵਿੱਚ 1 ਜੁਲਾਈ ਤੋਂ ਊਰਜਾ ਕੀਮਤ ਸੀਮਾ ਦਰਾਂ ਵਿੱਚ 221 ਪੌਂਡ ਦਾ ਸਾਲਾਨਾ ਵਾਧਾ ਲਾਗੂ ਹੋਣ ਜਾ ਰਿਹਾ ਹੈ। ਇਸ ਦੇ ਮੱਦੇਨਜ਼ਰ ਗਲਾਸਗੋ ਦੇ ਸਮਾਜਿਕ ਕਾਰਕੁਨਾਂ ਅਤੇ ਮੁਹਿੰਮਕਾਰਾਂ ਨੇ ਪਰਮਜੀਤ ਬਾਸੀ ਦੀ ਅਗਵਾਈ ਵਿੱਚ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਵਧਦੀਆਂ ਗੈਸ ਅਤੇ ਬਿਜਲੀ ਦੀਆਂ ਕੀਮਤਾਂ ਪਹਿਲਾਂ ਹੀ ਆਰਥਿਕ ਦਬਾਅ ਝੱਲ ਰਹੇ ਹਜ਼ਾਰਾਂ ਪਰਿਵਾਰਾਂ ਲਈ ਵੱਡੀ ਮੁਸ਼ਕਲ ਬਣਣਗੀਆਂ। ਊਰਜਾ ਕੰਪਨੀ ਆਫਜੈਮ ਵੱਲੋਂ ਕੀਤੇ ਗਏ ਫ਼ੈਸਲੇ ਅਨੁਸਾਰ ਕੀਮਤ ਸੀਮਾ ਵਿੱਚ 13 ਫੀਸਦੀ ਦਾ ਵਾਧਾ ਹੋਵੇਗਾ, ਜਿਸ ਨਾਲ ਇੱਕ ਔਸਤਨ ਘਰੇਲੂ ਪਰਿਵਾਰ ਦਾ ਸਾਲਾਨਾ ਊਰਜਾ ਬਿੱਲ 1641 ਪੌਂਡ ਤੋਂ ਵੱਧ ਕੇ 1862 ਪੌਂਡ ਹੋ ਜਾਵੇਗਾ। ਇਹ ਵਾਧਾ ਮੁੱਖ ਤੌਰ &rsquoਤੇ ਅੰਤਰਰਾਸ਼ਟਰੀ ਗੈਸ ਦੀਆਂ ਵਧੀਆਂ ਕੀਮਤਾਂ ਕਾਰਨ ਹੋਇਆ ਹੈ। ਗਲਾਸਗੋ ਦੇ ਮੁਹਿੰਮਕਾਰਾਂ ਨੇ ਕਿਹਾ ਕਿ ਜੀਵਨ ਪੱਧਰ ਦੀ ਲਾਗਤ ਪਹਿਲਾਂ ਹੀ ਕਾਫ਼ੀ ਵਧ ਚੁੱਕੀ ਹੈ ਅਤੇ ਹੁਣ ਊਰਜਾ ਬਿੱਲਾਂ ਵਿੱਚ ਹੋਰ ਵਾਧਾ ਘੱਟ ਆਮਦਨ ਵਾਲੇ ਪਰਿਵਾਰਾਂ, ਬਜ਼ੁਰਗਾਂ ਅਤੇ ਨਾਜ਼ੁਕ ਵਰਗਾਂ ਲਈ ਗੰਭੀਰ ਸੰਕਟ ਪੈਦਾ ਕਰੇਗਾ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਪ੍ਰਭਾਵਿਤ ਪਰਿਵਾਰਾਂ ਲਈ ਵਾਧੂ ਵਿੱਤੀ ਸਹਾਇਤਾ ਅਤੇ ਊਰਜਾ ਲਾਗਤ ਘਟਾਉਣ ਲਈ ਤੁਰੰਤ ਕਦਮ ਚੁੱਕੇ ਜਾਣ।  ਊਰਜਾ ਮਾਹਿਰਾਂ ਨੇ ਉਨ੍ਹਾਂ ਘਰਾਂ ਨੂੰ, ਜਿਨ੍ਹਾਂ ਕੋਲ ਸਮਾਰਟ ਮੀਟਰ ਨਹੀਂ ਹਨ, ਨਵੀਆਂ ਦਰਾਂ ਲਾਗੂ ਹੋਣ ਤੋਂ ਪਹਿਲਾਂ ਮੀਟਰ ਰੀਡਿੰਗ ਜਮ੍ਹਾਂ ਕਰਵਾਉਣ ਦੀ ਸਲਾਹ ਦਿੱਤੀ ਹੈ, ਤਾਂ ਜੋ ਜੂਨ ਮਹੀਨੇ ਦੀ ਵਰਤੋਂ ਨਵੀਆਂ ਮਹਿੰਗੀਆਂ ਦਰਾਂ &rsquoਤੇ ਨਾ ਜੋੜੀ ਜਾਵੇ। ਨਾਲ ਹੀ ਖਪਤਕਾਰਾਂ ਨੂੰ ਸਸਤੇ ਫਿਕਸਡ-ਰੇਟ ਟੈਰਿਫ਼ਾਂ ਦੀ ਤੁਲਨਾ ਕਰਕੇ ਬਦਲਣ ਦੀ ਵੀ ਅਪੀਲ ਕੀਤੀ ਗਈ ਹੈ, ਕਿਉਂਕਿ ਕਈ ਯੋਜਨਾਵਾਂ ਨਵੀਂ ਕੀਮਤ ਸੀਮਾ ਨਾਲੋਂ ਘੱਟ ਮਹਿੰਗੀਆਂ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਗਰਮੀ ਦੇ ਮੌਸਮ ਵਿੱਚ ਹੀ ਇਹ ਵਾਧਾ ਲਾਗੂ ਹੋਣ ਕਾਰਨ ਇਸ ਦਾ ਪ੍ਰਭਾਵ ਕੁਝ ਘੱਟ ਮਹਿਸੂਸ ਹੋ ਸਕਦਾ ਹੈ, ਪਰ ਸਰਦੀਆਂ ਦੌਰਾਨ ਜਦੋਂ ਊਰਜਾ ਦੀ ਖਪਤ ਵਧੇਗੀ, ਤਦ ਪਰਿਵਾਰਾਂ ਦੇ ਬਜਟ &rsquoਤੇ ਇਸ ਦਾ ਵੱਡਾ ਅਸਰ ਪੈ ਸਕਦਾ ਹੈ।