ਗੁਰੂ ਗਰੰਥ ਸਾਹਿਬ ਦੇ ਸਤਿਕਾਰ ਸਬੰਧੀ ਬਣਾਏ ਕਾਨੂੰਨ ਸਬੰਧੀ ਪੰਜਾਬ ਮੰਤਰੀ ਮੰਡਲ ਤੇ ਜਥੇਦਾਰ ਵੱਲੋਂ ਕੀਤੀ ਕਾਰਵਾਈ ਦੀ ਸ਼ਲਾਘਾ

 ਡਰਬੀ (ਪੰਜਾਬ ਟਾਈਮਜ਼) - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਸਬੰਧੀ ਪੰਜਾਬ ਸਰਕਾਰ ਵੱਲੋਂ ਬਣਾਏ ਕਾਨੂੰਨ ਕਾਰਨ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬਾਨ ਵੱਲੋਂ ਪੰਜਾਬ ਸਰਕਾਰ ਦੇ ਵਿਧਾਇਕਾਂ ਮੰਤਰੀਆਂ ਨੂੰ ਸੱਦਿਆ ਗਿਆ ਸੀ, ਬੀਤੇ ਸੋਮਵਾਰ ਨੂੰ ਇਸ ਸਬੰਧੀ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਪੇਸ਼ ਹੋਏ। ਇਸ ਮੌਕੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਕੀਤੀ ਗਈ ਕਾਰਵਾਈ ਅਤੇ ਲੈ ਗਏ ਫ਼ੈਸਲਿਆਂ ਦੀ ਸ: ਰਾਜਿੰਦਰ ਸਿੰਘ ਪੁਰੇਵਾਲ ਚੇਅਰਮੈਨ ਸਿੱਖ ਅਜਾਇਬਘਰ ਡਰਬੀ ਅਤੇ ਸ੍ਰੀ ਗੁਰੂ ਸਿੰਘ ਸਭਾ ਡਰਬੀ ਦੇ ਪ੍ਰਧਾਨ ਰਘਬੀਰ ਸਿੰਘ ਨੇ ਸ਼ਲਾਘਾ ਕੀਤੀ ਹੈ ।
ਸ: ਪੁਰੇਵਾਲ ਅਤੇ ਸ: ਰਘਬੀਰ ਸਿੰਘ ਨੇ ਕਿਹਾ ਕਿ ਜਥੇਦਾਰ ਕੁਲਦੀਪ ਸਿੰਘ ਗੜਗੱਜ ਸਮੇਤ ਸਿੰਘ ਸਾਹਿਬਾਨ ਵੱਲੋਂ ਪੰਜਾਬ ਦੇ ਮੰਤਰੀਆਂ ਖਿਲਾਫ਼ ਕੀਤੀ ਕਾਰਵਾਈ ਬਹੁਤ ਹੀ ਸੁਖਾਵੇਂ ਮਾਹੌਲ ਵਿੱਚ ਹੋਈ । ਉਹਨਾਂ ਕਿਹਾ ਜਿਵੇਂ ਪੰਜਾਬ ਦੇ ਮੰਤਰੀ ਅਤੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਸਿੰਘ ਸਾਹਿਬਾਨ ਨੇ ਸਵਾਲ ਪੁੱਛੇ ਅਤੇ ਉਹਨਾਂ ਨੂੰ ਸੁਣਿਆ ਬਹੁਤ ਹੀ ਵਧੀਆ ਤਰੀਕਾ ਸੀ । ਇਸ ਨਾਲ ਸਾਰੀ ਦੁਨੀਆ ਵਿੱਚ ਇਕ ਸੋਹਣਾ ਸੁਨੇਹਾ ਗਿਆ ਹੈ । ਪਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਅਕਾਲ ਤਖ਼ਤ ਸਾਹਿਬ ਤੇ ਆ ਕੇ ਆਪਣਾ ਪੱਖ ਪੇਸ਼ ਕਰਨਾ ਚਾਹੀਦਾ ਹੈ ।
ਸ੍ਰੀ ਗੁਰੂ ਗਰੰਥ ਸਾਹਿਬ ਦੀ ਛਪਾਈ ਸਬੰਧੀ ਕਾਨੂੰਨ ਬਨਾਉਣ ਲਈ ਸਿੰਘ ਸਭਾ ਡਰਬੀ ਅਤੇ ਅਦਾਰਾ ਪੰਜਾਬ ਟਾਈਮਜ਼ ਵੱਲੋਂ 2005/2006 ਦੇ ਕਰੀਬ ਸਮੇਂ ਦੇ ਸਿੰਘ ਸਾਹਿਬਾਨ ਅਤੇ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨਾਲ ਗੱਲਬਾਤ ਕੀਤੀ ਗਈ ਸੀ, ਜਿਸ ਪਿੱਛੋਂ 2008 ਵਿੱਚ ਪੰਜਾਬ ਸਰਕਾਰ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਪ੍ਰਾਈਵੇਟ ਤੌਰ ਤੇ ਬੰਦ ਕਰਨ ਲਈ ਕਾਨੂੰਨ ਬਣਾ ਦਿੱਤਾ ਗਿਆ ਸੀ, ਤਦ ਤੋਂ ਕੇਵਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੀ ਗਰੰਥ ਸਾਹਿਬ ਦੇ ਸਰੂਪ ਛਾਪਣ ਦਾ ਅਧਿਕਾਰ ਹੈ, ਹੋਰ ਕੋਈ ਪ੍ਰਾਈਵੇਟ ਤੌਰ ਤੇ ਨਹੀਂ ਛਾਪ ਸਕਦਾ । ਇਹ ਕਾਨੂੰਨ ਬਣਨ ਤੋਂ ਪਹਿਲਾਂ ਬਹੁਤ ਸਾਰੇ ਪਬਲਿਸ਼ਰ ਤੇ ਪ੍ਰਿੰਟਰ ਵੀ ਛਾਪਦੇ ਸਨ, ਪਰ ਇਹ ਸਰੂਪ ਕਿਸ ਨੂੰ ਦੇਣੇ ਹਨ, ਸਤਿਕਾਰ ਕਿਵੇਂ ਰੱਖਣਾ ਹੈ ਇਸ ਬਾਰੇ ਕੋਈ ਖਿਆਲ ਨਹੀਂ ਰੱਖਿਆ ਜਾਂਦਾ ਸੀ। ਸ: ਪੁਰੇਵਾਲ ਨੇ ਦੱਸਿਆ ਕਿ ਸਿੰਘ ਸਭਾ ਅਤੇ ਪੰਜਾਬ ਟਾਈਮਜ਼ ਵੱਲੋਂ ਪੰਜਾਬ ਵਿੱਚ ਆਪਣੀ ਇੱਕ ਟੀਮ ਤਿਆਰ ਕਰਕੇ ਪ੍ਰਾਈਵੇਟ ਪ੍ਰਕਾਸ਼ਕਾਂ/ਛਾਪਕਾਂ ਦੇ ਖਿਲਾਫ਼ ਸਟਿੰਗ ਅਪ੍ਰੇਸ਼ਨ ਕੀਤਾ ਗਿਆ ਸੀ । ਵੱਖ ਵੱਖ ਤਰ੍ਹਾਂ ਦੇ ਭੇਸ ਵਿੱਚ ਬੰਦੇ ਘੱਲ ਕੇ ਸ੍ਰੀ ਗੁਰੂ ਗਰੰਥ ਸਾਹਿਬ ਦੇ ਸਰੂਪ ਲੈਣ ਲਈ ਪਹੁੰਚ ਕੀਤੀ ਗਈ ਤਾਂ ਪ੍ਰਕਾਸ਼ਕਾਂ ਤੇ ਛਾਪਕਾਂ ਦੀਆਂ ਅਣਗਹਿਲੀਆਂ ਤੇ ਬੀੜਾਂ ਦੀ ਬੇਕਦਰੀ, ਬੇਅਦਬੀ ਸੰਗਤਾਂ ਅਤੇ ਪੰਜਾਬ ਸਰਕਾਰ ਦੇ ਸਾਹਮਣੇ ਲਿਆਂਦੀ ਗਈ ਸੀ। ਇਥੋਂ ਤੱਕ ਕਿ ਆਸ਼ੂਤੋਸ਼ ਦੇ ਡੇਰੇ ਦੇ ਨਕਲੀ ਬੰਦੇ ਬਣ ਕੇ ਫੋਨ ਕਰਕੇ ਗਰੰਥ ਸਾਹਿਬ ਦੀ ਬੀੜ ਲੈਣ, ਕਬਰਾਂ ਤੇ ਲਿਜਾਣ ਅਤੇ ਕਿਸੇ ਦੀ ਜਾਇਦਾਦ (ਕੋਠੀ) ਉਤੇ ਕਬਜ਼ਾ ਕਰਨ ਲਈ ਸਰੂਪ ਲਿਜਾਣ ਬਾਰੇ ਕਿਹਾ ਗਿਆ ਤਾਂ ਉਹਨਾਂ ਵੱਲੋਂ ਸਰੂਪ ਦੇਣ ਦੀ ਹਾਂ ਕਰ ਦਿੱਤੀ ਗਈ ਸੀ ।
ਇਹ ਸਟਿੰਗ ਅਪ੍ਰੇਸ਼ਨ ਕਰਨ ਤੋਂ ਬਾਅਦ ਫਿਰ ਇੱਕ ਮੈਗਜ਼ੀਨ &lsquoਚ ਰਿਪੋਰਟਾਂ ਛਾਪੀਆਂ, ਪ੍ਰੈਸ ਕਾਨਫਰੰਸ ਕੀਤੀ, ਉਪਰੰਤ 500 ਦੇ ਲੱਗਭੱਗ ਸੰਗਤ ਇਕੱਠੀ ਕਰਕੇ ਕੁੱਝ ਚਰਚਿਤ ਪ੍ਰਕਾਸ਼ਕਾਂ ਖਿਲਾਫ਼ ਰੋਸ ਮੁਜ਼ਾਹਰੇ ਵੀ ਕੀਤੇ ਗਏ ਸਨ । ਸ਼੍ਰੋ: ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੂੰ ਵੀ ਮੈਮੋਰੰਡਮ ਦਿੱਤਾ ਗਿਆ । ਇਹ ਕਾਰਵਾਈਆਂ ਕਰਨ ਪਿੱਛੋਂ ਕਾਨੂੰਨ ਬਨਾਉਣ ਲਈ ਪੰਜਾਬ ਸਰਕਾਰ ਤੇ ਦਬਾਅ ਪਾਇਆ ਗਿਆ ਸੀ, ਜੋ ਅੱਜ ਤੱਕ ਹੋਂਦ ਵਿੱਚ ਹੈ । ਮੌਜੂਦਾ ਪੰਜਾਬ ਸਰਕਾਰ ਨੇ ਉਸੇ ਕਾਨੂੰਨ ਵਿੱਚ ਤਰਮੀਮ ਕਰਕੇ ਕਈ ਅਜਿਹੀਆਂ ਮੱਦਾਂ ਪਾ ਦਿੱਤੀਆਂ ਸਨ, ਜਿਹਨਾਂ ਬਾਰੇ ਸਿੱਖ ਸੰਗਤਾਂ ਨੂੰ ਇਤਰਾਜ਼ ਸੀ ਜੋ ਬੀਤੇ ਸੋਮਵਾਰ ਦੀ ਮੀਟਿੰਗ ਵਿੱਚ ਜਥੇਦਾਰ ਗੜਗੱਜ ਵੱਲੋਂ ਪੰਜਾਬ ਕੈਬਨਿਟ ਨੂੰ ਹੱਲ ਕਰਨ ਦੇ ਆਦੇਸ਼ ਦਿੱਤੇ ਗਏ ਹਨ ।