ਗੁਰਿ ਕਹਿਆ ਸਾ ਕਾਰ ਕਮਾਵਹੁ ਗੁਰ ਕੀ ਕਰਣੀ ਕਾਹੇ ਧਾਵਹੁ ॥

ਸਤਿਕਾਰ ਯੋਗ ਸੰਪਾਦਕ ਜੀੳ,
ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫ਼ਤਹਿ
ਗੁਰਮਤਿ ਟੀ: ਵੀ - ਸਿੱਖਾਂ ਦੇ ਭੱਖਦੇ ਮਸਲੇ ਯੂ:ਟੀਊਬ ਵਾਲਿਆਂ ਇਕ ਵੀਡੀਉ, ਸੰਤ ਜਰਨੈਲ ਸਿੰਘ ਦਾ ਇਹ ਫੈਸਲਾ ਗਲਤ ਸੀ ਇਹ ਸਾਨੂੰ ਮੰਨਣਾ ਪੈਣਾ, ਦੇ ਸਿਰਲੇਖ ਹੇਠ ਇਹ ਵੀਡੀਉ ਪ੍ਰਸਾਰਨ ਕੀਤੀ ਹੈ । ਮੈਨੂੰ ਇਹ ਵੀਡੀਉ ਮੇਰੇ ਦੋਸਤ ਨੇ ਭੇਜਕੇ ਪੁੱਛਿਆ ਹੈ ਕਿ ਇਸ ਵੀਡੀਉ ਵਿੱਚ ਸੰਤ ਜਰਨੈਲ ਸਿੰਘ ਨੂੰ ਗਲਤ ਸਾਬਤ ਕਰਨ ਲਈ, ਦਰਬਾਰ ਸਾਹਿਬ ਦੇ ਸਤਿਕਾਰ ਵਾਸਤੇ, ਗੁਰੂ ਹਰਗੋਬਿੰਦ ਤੇ ਗੁਰੂ ਗੋਬਿੰਦ ਸਿੰਘ ਦੇ ਫੈਸਲੇ, ਸਿੱਖ ਮਿਸਲਾਂ ਦੇ ਫੈਸਲੇ ਅਤੇ ਬਾਬਾ ਗੁਰਬਖ਼ਸ਼ ਸਿੰਘ ਦੇ ਫੈਸਲੇ ਬਾਰੇ ਜੋ ਇਤਿਹਾਸਕ ਦਲੀਲਾਂ ਦਿੱਤੀਆਂ ਗਈਆਂ ਹਨ, ਕੀ ਉਹ ਤੱਥਾਂ &lsquoਤੇ ਆਧਾਰਤ ਹਨ ਜਾਂ ਮਨਘੜਤ ਦਲੀਲਾਂ ਹਨ ? ਸਾਰੀ ਵੀਡੀਉ ਸੁਨਣ ਤੋਂ ਬਾਅਦ ਦਾਸ ਇਸ ਨਤੀਜੇ &lsquoਤੇ ਪਹੁੰਚਿਆ ਕਿ ਇਸ ਵੀਡੀਉ ਵਿੱਚ ਗੁਰੂ ਸਾਹਿਬਾਨ ਬਾਰੇ ਦਿੱਤੀਆਂ ਗਈਆਂ ਸਾਰੀਆਂ ਦਲੀਲਾਂ ਮਨਘੜਤ ਹਨ । ਇਸ ਵੀਡੀਉ ਵਿੱਚ ਜੋ ਕਿਹਾ ਗਿਆ ਹੈ ਦਾਸ ਨੇ ਜੇ ਹੂ-ਬ-ਹੂ ਲਿਖਣ ਦੀ ਕੋਸ਼ਿਸ਼ ਕੀਤੀ ਤਾਂ ਪੱਤਰ ਬਹੁਤ ਲੰਬਾ ਹੋ ਜਾਵੇਗਾ (ਸਬੂਤ ਵਜੋਂ ਉਹ ਵੀਡੀਉ ਵੀ ਨਾਲ ਭੇਜ ਰਿਹਾ ਹਾਂ) ਇਸ ਕਰਕੇ ਉਸ ਵੀਡੀਉ ਵਿੱਚ ਬਿਆਨ ਕੀਤੇ ਗਏ ਗਲਤ ਇਤਿਹਾਸਕ ਤੱਥਾਂ ਬਾਰੇ ਹੀ ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਾਂਗਾ । ਵੀਡੀਉ ਵਿੱਚ ਆਖੀਆਂ ਗਈਆਂ ਗੱਲਾਂ ਦਾ ਸਾਰ ਅੰਸ਼ ਇਸ ਪ੍ਰਕਾਰ ਹੈ : ਜੇ ਇਤਿਹਾਸ ਤੋਂ ਸਬਕ ਲੈਣਾ ਤਾਂ ਦਰਬਾਰ ਸਾਹਿਬ &lsquoਤੇ ਅਟੈਕ ਪਹਿਲੀ ਵਾਰੀ ਨਹੀਂ ਹੋਇਆ, ਇਸ ਤੋਂ ਪਹਿਲਾਂ ਵੀ ਦਰਬਾਰ ਸਾਹਿਬ &lsquoਤੇ ਅਟੈਕ ਹੁੰਦੇ ਰਹੇ ਹਨ (ਨੋਟ-ਇਥੇ ਵੀਡੀਉ ਵਾਲੇ ਵੀਰ ਜੂਨ 1984 ਨੂੰ ਭਾਰਤੀ ਫੌਜ ਵੱਲੋਂ ਦਰਬਾਰ ਸਾਹਿਬ &lsquoਤੇ ਤੋਪਾਂ ਟੈਂਕਾਂ ਨਾਲ ਕੀਤੇ ਗਏ ਹਮਲੇ ਤੋਂ ਪਹਿਲਾਂ ਗੁਰੂ ਕਾਲ ਵੇਲੇ ਅਤੇ ਬਾਅਦ ਵਿੱਚ ਅਹਿਮਦ ਸ਼ਾਹ ਅਬਦਾਲੀ ਦੇ ਦਰਬਾਰ ਸਾਹਿਬ ਉੱਤੇ ਹੋਏ ਹਮਲਿਆਂ ਦਾ ਜ਼ਿਕਰ ਕਰਦੇ ਹਨ) । ਵੀਡੀਉ ਵਾਲਾ ਵੀਰ ਆਪਣੀ ਗੱਲ ਜਾਰੀ ਰੱਖਦਾ ਹੋਇਆ ਕਹਿੰਦਾ ਹੈ ਕਿ ਇਤਿਹਾਸ ਜਿਥੋਂ ਵੀ ਪੜ੍ਹਾਂਗੇ ਜੇ ਮਿਸਲਾਂ ਦੇ ਟਾਈਮ ਦੀ ਵੀ ਗੱਲ ਕਰੀਏ ਜਾਂ ਇਸ ਤੋਂ ਪਹਿਲਾਂ ਦੀ ਗੱਲ ਕਰੀਏ, ਗੁਰੂ ਹਰਗੋਬਿੰਦ ਪਾਤਸ਼ਾਹ ਵੀ ਦਰਬਾਰ ਸਾਹਿਬ ਏਸ ਕਰਕੇ ਛੱਡਕੇ ਆਏ ਕਿ ਜਿਹੜੀ ਸੈਂਟਰ ਜਗਹ ਇਸ ਨੂੰ ਕੋਈ ਨੁਕਸਾਨ ਨਾ ਪਹੁੰਚੇ, ਉਨ੍ਹਾਂ ਨੇ ਹਰਗੋਬਿੰਦਪੁਰੇ ਜਾਂ ਕਰਤਾਰਪੁਰ ਆ ਕੇ ਤਾਂ ਹੀ ਡੇਰੇ ਲਾਏ ਸੀ । (ਨੋਟ-ਇਥੇ ਇਹ ਵੀ ਦੱਸਣਯੋਗ ਹੈ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਨਾ ਹਰਗੋਬਿੰਦਪੁਰੇ ਤੇ ਨਾ ਹੀ ਕਰਤਾਰਪੁਰ ਡੇਰੇ ਲਾਏ ਉਨ੍ਹਾਂ ਕੀਰਤਪੁਰ ਸ਼ਹਿਰ ਵਸਾਇਆ ਅਤੇ ਆਪਣੇ ਪੋਤਰੇ ਹਰਿਰਾਏ ਸਾਹਿਬ ਨੂੰ ਗੁਰੂ ਨਾਨਕ ਦੇ ਤਖ਼ਤ ਦੀ ਜ਼ਿੰਮੇਵਾਰੀ ਸੰਭਾਲ ਕੇ ਜੋਤੀ ਜੋਤ ਸਮਾਉਣ ਤੱਕ ਕੀਰਤਪੁਰ ਹੀ ਰਹੇ ਅਤੇ ਉਨ੍ਹਾਂ ਦੇ ਜੀਵਨ ਕਾਲ ਵਿੱਚ ਦਰਬਾਰ ਸਾਹਿਬ &lsquoਤੇ ਕੋਈ ਹਮਲਾ ਨਹੀਂ ਹੋਇਆ ਤੇ ਨਾ ਹੀ ਉਹ ਕੀਰਤਪੁਰ ਇਸ ਕਰਕੇ ਗਏ ਸੀ ਕਿ ਉਨ੍ਹਾਂ ਨੂੰ ਦਰਬਾਰ ਸਾਹਿਬ ਉੱਤੇ ਕੋਈ ਹਮਲਾ ਹੋਣ ਦਾ ਡਰ ਸੀ) ਆਪਣੀ ਗੱਲ ਜਾਰੀ ਰੱਖਦਿਆਂ ਹੋਇਆਂ ਵੀਡੀਉ ਵਾਲੇ ਵੀਰ ਜੀ ਕਹਿੰਦੇ ਹਨ ਕਿ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਆਪਣੀ ਸਾਰੀ ਜ਼ਿੰਦਗੀ ਦਰਬਾਰ ਸਾਹਿਬ ਨਹੀਂ ਗਏ ਕਿਉਂਕਿ ਉਹ ਐਸੀ ਜਗਾਹ ਬਣਾਈ ਹੋਈ ਸੀ ਜਿਸ ਨੂੰ ਅਸੀਂ ਸੈਂਟਰ ਕਹਿ ਲਈਏ ਜਾਂ ਸਿੱਖਾਂ ਦਾ ਮੱਕਾ ਵੀ ਕਹਿ ਦਿਨੇ ਆਂ, ਉਥੇ ਨਹੀਂ ਗਏ ਤਾਂ ਕਿ ਉਥੇ ਕੋਈ ਹਮਲਾ ਨਾ ਹੋਵੇ ਕੋਈ ਅਟੈਕ ਨਾ ਹੋਵੇ । (ਨੋਟ-ਇਥੇ ਵਿਚਾਰਨ ਯੋਗ ਤੱਥ ਇਹ ਹੈ ਕਿ ਜਿੰਨਾਂ ਚਿਰ ਗੁਰੂ  ਨਾਨਕ ਜੋਤ ਦਸਾਂ ਗੁਰੂ ਸਾਹਿਬਾਨਾਂ ਦੇ ਸਰੀਰਾਂ ਵਿੱਚ ਪ੍ਰਗਟ ਰਹੀ, ਤਖ਼ਤ ਤੇ ਤਾਕਤ ਉਥੇ ਹੀ ਸੀ, ਜਿਥੇ ਗੁਰੂ ਸਾਹਿਬ ਖ਼ੁਦ ਮੌਜੂਦ ਸਨ, ਭਾਵੇਂ ਉਹ ਕੀਰਤਪੁਰ ਹੋਵੇ, ਭਾਵੇਂ ਅਨੰਦਪੁਰ ਸਾਹਿਬ ਹੋਵੇ । ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਗੁਰੂ ਹਰਿਗੋਬਿੰਦ ਪਾਤਸ਼ਾਹ ਕੀਤੀ । ਭਾਵੇਂ ਗੁਰੂ ਹਰਿਗੋਬਿੰਦ ਪਾਤਸ਼ਾਹ ਮਗਰੋਂ ਕੋਈ ਗੁਰੂ ਤਖ਼ਤ ਤੇ ਨਹੀਂ ਬੈਠੇ ਪਰ ਉਨ੍ਹਾਂ ਨੇ ਸਿੱਖ ਸੰਗਤਾਂ ਨੂੰ ਹੁਕਮਨਾਮੇ ਜਾਰੀ ਕਰਨ ਦੀ ਪ੍ਰਥਾ ਜਾਰੀ ਰੱਖੀ, ਕਿਉਂਕਿ ਤਖ਼ਤ ਉਥੇ ਸੀ ਜਿਥੇ ਗੁਰੂ ਸੀ । ਦੂਸਰਾ ਵਿਚਾਰਨ ਯੋਗ ਤੱਥ ਇਹ ਹੈ ਜੇ ਗੁਰੂ ਹਰਗੋਬਿੰਦ ਪਾਤਸ਼ਾਹ ਜਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਦਰਬਾਰ ਸਾਹਿਬ ਉੱਤੇ ਕਿਸੇ ਦੁਸ਼ਮਣ ਦੇ ਹਮਲੇ ਦਾ ਡਰ ਹੁੰਦਾ ਤਾਂ ਉਹ ਦਰਬਾਰ ਸਾਹਿਬ ਨੂੰ ਦੁਸ਼ਮਣ ਦੇ ਹਵਾਲੇ ਕਰਨ ਲਈ ਸੁੰਨਾ ਨਹੀਂ ਸੀ ਛੱਡ ਸਕਦੇ, ਇਸ ਕਰਕੇ ਗੁਰੂ ਸਾਹਿਬ ਦੇ ਮਨ ਦੀ ਗੱਲ ਜਾਂ ਉਨ੍ਹਾਂ ਦੇ ਫੈਸਲਿਆਂ ਦੇ ਅਸਲ ਕਾਰਨ ਜਾਨਣ ਦਾ ਕੋਈ ਵੀ ਮਨੁੱਖ ਦਾਅਵਾ ਨਹੀਂ ਕਰ ਸਕਦਾ ਕਿਉਂਕਿ, ਗੁਰੂ ਪਰਮੇਸਰੁ ਏਕ ਹੈ, ਗੁਰ ਨਾਨਕ ਜੋਤਿ ਵਿੱਚ ਹੀ ਨਿਰੰਕਾਰ ਨੇ ਆਪਣਾ ਆਪ ਪ੍ਰਗਟ ਕੀਤਾ ਹੈ । ਗੁਰਬਾਣੀ ਦਾ ਫੁਰਮਾਨ ਹੈ : ਗੁਰਿ ਕਹਿਆ ਸਾ ਕਾਰ ਕਮਾਵਹੁ ਗੁਰ ਕੀ ਕਰਣੀ ਕਾਹੇ ਧਾਵਹੁ, ਅੰਗ 929) ਅੱਗੇ ਚੱਲਕੇ ਵੀਰ ਜੀ ਆਪਣੀ ਵੀਡੀਉ ਵਿੱਚ ਫੁਰਮਾਉਂਦੇ ਹਨ : ਕਿ ਇਨ੍ਹਾਂ ਨੇ (ਟਕਸਾਲ ਨੇ) ਗੁਰਬਖ਼ਸ਼ ਸਿੰਘ ਨੂੰ ਆਪਣੇ ਨਾਲ ਜੋੜਿਆ ਹੋਇਆ ਹੈ ਕਿ ਉਹ ਸਾਡੇ ਮੁਖੀ ਹਨ । ਗੁਰਬਖ਼ਸ਼ ਸਿੰਘ ਦੀ ਚਾਲੀ ਸਿੰਘਾਂ ਸਮੇਤ ਜ਼ਿੰਮੇਵਾਰੀ ਸੀ ਕਿ ਉਹ ਦਰਬਾਰ ਸਾਹਿਬ ਦੀ ਰਾਖੀ ਕਰਨ, ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਅਬਦਾਲੀ ਚੜ੍ਹਕੇ ਆ ਰਿਹਾ ਹੈ ਤਾਂ ਉਹ ਗੁਰਦੁਆਰੇ ਤੋਂ ਬਾਹਰ ਨਿਕਲਕੇ ਸੜਕ &lsquoਤੇ ਆ ਕੇ ਲੜੇ ਸਨ ਤਾਂ ਕਿ ਗੁਰਦੁਆਰੇ ਨੂੰ ਕੋਈ ਨੁਕਸਾਨ ਨਾ ਪਹੁੰਚੇ । ਇਸ ਵੀਡੀਉ ਵਿੱਚ ਬਾਬਾ ਗੁਰਬਖ਼ਸ਼ ਸਿੰਘ ਬਾਰੇ ਜੋ ਉਕਤ ਕਹਾਣੀ ਦੱਸੀ ਹੈ ਉਹ ਸਾਰੀ ਹੀ ਮਨਘੜਤ ਕਹਾਣੀ ਹੈ । ਆਉ ਜਾਣੀਏ ਬਾਬਾ ਗੁਰਬਖ਼ਸ਼ ਸਿੰਘ ਤੇ ਉਸ ਦੇ 30 ਸਾਥੀਆਂ ਨੇ ਦਰਬਾਰ ਸਾਹਿਬ ਦੀ ਰਾਖੀ ਕਰਨ ਲਈ ਅਬਦਾਲੀ ਦੇ ਜਰਨੈਲ ਜਹਾਨ ਖਾਨ ਦੀ 30 ਹਜ਼ਾਰ ਫੌਜ ਨਾਲ ਲੜਕੇ ਦਰਬਾਰ ਸਾਹਿਬ ਦੇ ਸਨਮੁੱਖ ਕਿਵੇਂ ਲੜ ਕੇ ਕਿਵੇਂ ਸ਼ਹੀਦ ਹੋਏ । ਇਸ ਲੜਾਈ ਦਾ ਅੱਖੀਂ ਡਿੱਠਾ ਹਾਲ ਕਾਜੀ ਨੂਰ ਮੁਹੰਮਦ ਨੇ, ਜੰਗਨਾਮੇ ਵਿੱਚ ਬੜੇ ਵਿਸਥਾਰ ਨਾਲ ਲਿਖਿਆ ਹੈ । ਜਹਾਨ ਖਾਂ ਦੇ ਏਲਚੀਆਂ ਨੇ ਅੱਗੇ ਵੱਧਕੇ ਬਾਬਾ ਗੁਰਬਖ਼ਸ਼ ਸਿੰਘ ਨੂੰ ਕਿਹਾ ਸਾਡੀ ਫੌਜ ਹਜਾਰਾਂ ਦੀ ਗਿਣਤੀ, ਤੁਸੀਂ ਕੇਵਲ ਗਿਣਤੀ ਵਿੱਚ 30 ਹੋ, ਲੜਾਈ ਵਿੱਚ ਤੁਸੀਂ ਜਿੱਤ ਨਹੀਂ ਸਕੋਗੇ, ਸੋ ਲੜ ਕੇ ਜਾਨਾਂ ਗੁਆਉਣ ਨਾਲੋਂ ਹਥਿਆਰ ਸੁੱਟ ਦਿਉ ਤੇ ਮਾਫ਼ੀ ਮੰਗ ਲਵੋ । ਅੱਗੋਂ ਸ਼ੇਰ-ਦਿਲ ਸੰਤ-ਸਿਪਾਹੀ ਬਾਬਾ ਗੁਰਬਖ਼ਸ਼ ਸਿੰਘ ਨੇ ਕਿਹਾ ਅਸੀਂ ਜਾਨ ਬਚਾਉਣ ਵਾਸਤੇ ਨਹੀਂ ਆਪਣੇ ਗੁਰਧਾਮਾਂ ਦੀ ਆਨ-ਸ਼ਾਨ ਬਚਾਉਣ ਵਾਸਤੇ ਸ਼ਹੀਦ ਹੋਣ ਲਈ ਜਨਮੇ ਹਾਂ । ਅਸਾਂ ਹਥਿਆਰ ਵੈਰੀ ਦੇ ਪੈਰਾਂ ਵਿੱਚ ਰੱਖਣ ਲਈ ਨਹੀਂ, ਮਰਦਾਂ ਵਾਂਗ ਮੈਦਾਨ ਵਿੱਚ ਪਰਖਣ ਵਾਸਤੇ ਪਹਿਨੇ ਹਨ । ਅੱਜ ਅਸੀਂ ਆਪਣੇ ਗੁਰੂ ਮਹਾਰਾਜ ਦਾ ਸਵਾ ਲਾਖ ਸੇ ਏਕ ਲੜਾਊਂ ਵਾਲਾ ਮਹਾਂ ਵਾਕ ਸੱਚਾ ਸਾਬਤ ਕਰਨ ਵਾਸਤੇ ਪਿੜ ਮਲਿਆ ਹੈ । ਤੁਹਾਡੀ ਕਈ ਹਜ਼ਾਰ ਸੈਨਾ ਨਾਲ ਕਲਗੀਧਰ ਪਾਤਸ਼ਾਹ ਦਾ ਇਕ ਇਕ ਸਿੰਘ ਲੜੇਗਾ । ਦਿਲ ਵਿੱਚ ਕੋਈ ਅਰਮਾਨ ਨਾ ਰਹਿ ਜਾਵੇ । ਜਹਾਨ ਖਾਂ ਨੂੰ ਕਹੋ, ਪਹਿਲ ਕਰ ਲਵੇ, ਖ਼ਾਲਸਾ ਤਿਆਰ-ਬਰ-ਤਿਆਰ ਹੈ । ਬਾਬਾ ਗੁਰਬਖ਼ਸ਼ ਸਿੰਘ ਨੇ ਦਰਬਾਰ ਸਾਹਿਬ ਮੱਥਾ ਟੇਕਿਆ ਤੇ ਫਿਰ ਅਕਾਲ ਤਖ਼ਤ ਦੇ ਸਾਹਮਣੇ ਸ਼ਹੀਦੀ ਪ੍ਰਾਪਤ ਕਰਨ ਲਈ ਅਰਦਾਸ ਕੀਤੀ । ਦਰਬਾਰ ਸਾਹਿਬ ਦੇ ਸਨਮੁੱਖ ਅਕਾਲ ਤਖ਼ਤ ਦੇ ਸਾਹਮਣੇ ਦੋਹਾਂ ਧਿਰਾਂ ਵਿੱਚ ਗਹਿ-ਗੱਚ ਲੜਾਈ ਹੋਈ । (ਨੋਟ-ਲੜਾਈ ਅਕਾਲ ਤਖ਼ਤ ਤੇ ਦਰਬਾਰ ਸਾਹਿਬ ਦੇ ਸਨਮੁੱਖ ਹੋਈ ਬਾਹਰ ਸੜਕ &lsquoਤੇ ਆਣ ਕੇ ਨਹੀਂ ਹੋਈ) ਬਾਬਾ ਗੁਰਬਖ਼ਸ਼ ਸਿੰਘ ਤੇ ਉਸ ਦੇ 30 ਸਾਥੀ ਜਹਾਨ ਖਾਂ ਦੀ ਹਜ਼ਾਰਾਂ ਦੀ ਫੌਜ ਨਾਲ ਸੂਰਮਿਆਂ ਵਾਂਗ ਸ਼ਹੀਦ ਹੋਏ । ਕਾਜੀ ਨੂਰ ਮੁਹੰਮਦ ਇਸ ਲੜਾਈ ਦੇ ਅੱਖੀਂ ਡਿੱਠੇ ਹਾਲ ਨੂੰ ਇੰਜ ਬਿਆਨ ਕਰਦਾ ਹੈ ਕਿ : ਇਕ ਇਕ ਸਿੱਖ ਸਾਡੇ ਪੰਜਾਹ ਪੰਜਾਹ ਸਿਪਾਹੀਆਂ ਨੂੰ ਮਾਰ ਕੇ ਸ਼ਹੀਦ ਹੋਇਆ । ਤੇ ਫਿਰ ਅੰਤ ਵਿੱਚ ਇਹ ਵੀਡੀਉ ਵਾਲਾ ਵੀਰ ਅਤੇ ਉਨ੍ਹਾਂ ਦਾ ਇਕ ਕਾਲਰ ਕਹਿੰਦਾ ਹੈ ਕਿ ਮੈਂ ਤੁਹਾਡੀ ਇਸ ਗੱਲ ਨਾਲ ਸਹਿਮਤ ਹਾਂ ਅੰਦਰੋਂ (ਸੰਤ ਜਰਨੈਲ ਸਿੰਘ) ਵੱਲੋਂ ਮੋਰਚਾ ਬੰਦੀ ਕਰਨ ਦਾ ਕੋਈ ਵੀ ਆਡੀਆ ਨਹੀਂ ਸੀ ਬਣਦਾ । ਸਾਨੂੰ ਇਹ ਮੰਨਣਾ ਪੈਣਾ ਕਿ ਇਹ ਫੈਸਲਾ ਗਲਤ ਸੀ । ਅੱਜ ਮੰਨ ਲਉ, ਕੱਲ੍ਹ ਮੰਨ ਲਉ, ਇਤਿਹਾਸ ਵਿੱਚ ਏਦੂੰ ਵੱਡਾ ਗਲਤ ਫੈਸਲਾ ਇਹ ਵੀਡੀਉ ਵਾਲੇ ਵੀਰ ਨੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ । ਕਿ ਸੰਤ ਜਰਨੈਲ ਸਿੰਘ ਤੇ ਉਸ ਦੇ ਸਾਥੀਆਂ ਨੂੰ ਦਰਬਾਰ ਸਾਹਿਬ ਵਿੱਚ ਮੋਰਚਾ ਬੰਦੀ ਕਰਕੇ ਇੰਦਰਾ ਗਾਂਧੀ ਦੀ ਫੌਜ ਦਾ ਮੁਕਾਬਲਾ ਨਹੀਂ ਸੀ ਕਰਨਾ ਚਾਹੀਦਾ, ਸਗੋਂ ਫੌਜ ਅੱਗੇ ਹਥਿਆਰ ਸੁੱਟ ਕੇ ਬਾਹਾਂ ਖੜ੍ਹੀਆਂ ਕਰਕੇ ਦਰਬਾਰ ਵਿੱਚੋਂ ਬਾਹਰ ਆ ਜਾਣਾ ਚਾਹੀਦਾ ਸੀ, ਕਿਉਂਕਿ ਦਰਬਾਰ ਸਾਹਿਬ ਅੰਦਰ ਲੜਾਈ ਹੋਣ ਨਾਲ ਦਰਬਾਰ ਸਾਹਿਬ ਦੀ ਬੇ-ਅਦਬੀ ਹੋਈ ਹੈ, ਇਹ ਕੈਸਾ ਅਣਖ-ਹੀਨ ਤਰਕ ਹੈ । ਗੁਰੂ ਕਾਲ ਅਤੇ ਸਿੱਖ ਮਿਸਲ ਕਾਲ ਵੇਲੇ ਮੌਜੂਦਾ ਵੋਟ ਤੰਤਰ ਵਾਲਾ ਰਾਜਨੀਤਕ ਢਾਂਚਾ ਨਹੀਂ ਸੀ । ਇਸ ਕਰਕੇ ਉਸ ਸਮੇਂ ਦੀਆਂ ਸਥਿਤੀਆਂ ਨੂੰ ਮੌਜੂਦਾ ਰਾਜਨੀਤਕ ਸਥਿਤੀਆਂ ਦੇ ਮਾਪ ਦੰਡਾਂ ਨਾਲ ਨਹੀਂ ਤੋਲਿਆ ਜਾ ਸਕਦਾ । ਗੁਰੂ ਕਾਲ ਅਤੇ ਸਿੱਖ ਮਿਸਲ ਕਾਲ ਵੇਲੇ ਅੱਜ ਵਰਗਾ ਮੁਲਕ ਦਾ ਕੋਈ ਸੰਵਿਧਾਨ ਨਹੀਂ ਸੀ, ਉਸ ਵੇਲੇ ਦਿੱਲੀ ਦੇ ਬਾਦਸ਼ਾਹ ਦਾ ਹੁਕਮ ਹੀ ਕਾਨੂੰਨ ਤੇ ਸੰਵਿਧਾਨ ਹੁੰਦਾ ਸੀ । ਉਦੋਂ ਹੁਣ ਵਾਂਗ ਵੋਟਾਂ ਨਾਲ ਚੁਣੀ ਹੋਈ ਸਰਕਾਰ ਨਹੀਂ ਸੀ ਹੁੰਦੀ। ਪਰ ਹੁਣ ਨੁਮਾਇੰਦਾ ਬਹੁ-ਗਿਣਤੀ ਹਿੰਦੂ ਸੋਚ ਦੀ ਧਾਰਨੀ ਵੋਟਾਂ ਨਾਲ ਚੁਣੀ ਸਰਕਾਰ, ਘੱਟ ਗਿਣਤੀਆਂ ਨੂੰ ਇਨਸਾਫ਼ ਨਹੀਂ ਦੇ ਰਹੀ । ਤੇ ਨਾ ਹੀ ਸਿੱਖਾਂ ਨੂੰ ਸਿੱਖ ਵੱਖਰੀ ਕੌਮ ਵਜੋਂ ਮਾਨਤਾ ਦੇ ਰਹੀ ਹੈ । ਸਗੋਂ ਵਿਲੱਖਣ ਤੇ ਸੁਤੰਤਰ ਸਿੱਖ ਧਰਮ ਨੂੰ ਹਿੰਦੂ  ਧਰਮ ਵਿੱਚ ਜਜ਼ਬ ਕਰਨਾ ਚਾਹੁੰਦੀ ਹੈ । ਵੀਹਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸੰਤ ਜਰਨੈਲ ਸਿੰਘ ਖ਼ਾਲਸਾ ਨੇ ਮੀਰੀ-ਪੀਰੀ ਦੇ ਸਿਧਾਂਤ ਦੀ ਸਹੀ ਤਰਜਮਾਨੀ ਕਰਦਿਆਂ ਗੁਰੂ ਨਾਨਕ ਪਾਤਸ਼ਾਹ ਦੁਆਰਾ ਮਨੁੱਖ ਨੂੰ ਰੂਹਾਨੀ, ਮਾਨਸਿਕ ਤੇ ਸਰੀਰਕ ਗੁਲਾਮੀ ਤੋਂ ਮੁਕਤ ਕਰਨ ਲਈ ਅਰੰਭੇ ਸੰਘਰਸ਼ ਨੂੰ ਅੱਗੇ ਵਧਾਉਂਦਿਆਂ ਸ੍ਰੀ ਅਕਾਲ ਤਖ਼ਤ ਦੇ ਸਨਮੁੱਖ ਸ਼ਹਾਦਤ ਦਾ ਜਾਮ ਪੀ ਕੇ ਗੁਰੂ ਅਰਜਨ ਸਾਹਿਬ ਵੱਲੋਂ ਤੋਰੀ ਸ਼ਹਾਦਤ ਦੀ ਪਰੰਪਰਾ ਨੂੰ ਕਾਇਮ ਰੱਖਿਆ । 20ਵੀਂ ਸਦੀ ਵਿੱਚ ਸੰਤਾਂ ਦੀ ਸ਼ਹਾਦਤ ਨੇ ਜਿਥੇ ਸਿੱਖ ਸਿਧਾਂਤਾਂ ਦੀ ਸੁੱਚਤਾ ਦਾ ਵਿਲੱਖਣ ਨਮੂਨਾ ਪੇਸ਼ ਕੀਤਾ ਉਥੇ ਉਨ੍ਹਾਂ ਨੇ ਸਿੱਖ ਸਿਆਸਤ ਦੀ ਦਿਸ਼ਾ ਵੀ ਬਦਲ ਕੇ ਰੱਖ ਦਿੱਤੀ । ਉਨ੍ਹਾਂ ਨੇ ਖ਼ਾਲਸਾ ਪੰਥ ਨੂੰ ਆਪਣੀ ਹੋਣੀ ਦੇ ਮਾਲਕ ਆਪ ਬਣਨ ਦਾ ਰਾਹ ਦੱਸਿਆ । ਅੰਤ ਵਿੱਚ ਇਹ ਵੀ ਦੱਸਣ ਯੋਗ ਹੈ ਕਿ ਸੰਤ ਜਰਨੈਲ ਸਿੰਘ ਵੀ ਅਕਾਲ ਤਖ਼ਤ ਦੇ ਸਨਮੁੱਖ ਉਸੇ ਥਾਂ &lsquoਤੇ ਸ਼ਹੀਦ ਹੋਏ, ਜਿਥੇ ਬਾਬਾ ਗੁਰਬਖ਼ਸ਼ ਸਿੰਘ ਤੇ ਉਸ ਦੇ ਸਾਥੀ ਜਹਾਨ ਖਾਂ ਦੀ ਫੌਜ ਨਾਲ ਲੜਦਿਆਂ ਸ਼ਹੀਦ ਹੋਏ ਸਨ । ਐਸੀਆਂ ਆਪਣੀ ਮਨਮਤ ਅਨੁਸਾਰ ਵੀਡੀਉ ਪਾਉਣ ਤੋਂ ਗੁਰੇਜ਼ ਕਰੋ, ਜਿਨ੍ਹਾਂ ਨਾਲ ਸਿੱਖ ਧਰਮ, ਗੁਰ-ਇਤਿਹਾਸ ਤੇ ਸਿੱਖ ਇਤਿਹਾਸ ਨੂੰ ਪੱੁਠਾ ਗੇੜਾ ਆਵੇ ਅਤੇ ਸਿੱਖ ਕੌਮ ਦਾ ਮੌਜੂਦਾ ਸੰਕਟ ਹੋਰ ਡੂੰਘਾ ਹੋ ਜਾਵੇ ।
ਭੁੱਲਾਂ ਚੁੱਕਾਂ ਦੀ ਖਿਮਾਂ
ਗੁਰੂ ਪੰਥ ਦਾ ਦਾਸ
ਜਥੇਦਾਰ ਮਹਿੰਦਰ ਸਿੰਘ
ਯੂ।ਕੇ।