ਰਾਮ ਮੰਦਰ ਦੇ ਹਰ ਸਮਾਗਮ ਦਾ ਸਿਹਰਾ ਲੈਣ ਵਾਲੀ ਭਾਜਪਾ ਹੁਣ ਚੰਦੇ 'ਤੇ ਉੱਠ ਰਹੇ ਸਵਾਲਾਂ 'ਤੇ ਚੁੱਪ ਕਿਉਂ ਹੈ : ਸ਼ੁਭਮ ਸ਼ਰਮਾ

ਪੰਜਾਬ ਭਾਜਪਾ ਦੱਸੇ, ਕੀ ਭਗਵਾਨ ਸ੍ਰੀ ਰਾਮ ਦੇ ਨਾਮ ਦੀ ਵਰਤੋਂ ਸਿਰਫ਼ ਚੋਣਾਂ ਵਿੱਚ ਵੋਟਾਂ ਬਟੋਰਣ ਲਈ ਹੀ ਕੀਤੀ ਜਾਂਦੀ ਹੈ
ਤਰੁਣ ਚੁੱਘ, ਅਸ਼ਵਨੀ ਸ਼ਰਮਾ ਅਤੇ ਭਾਜਪਾ ਲੀਡਰਸ਼ਿਪ ਸ਼ਰਧਾਲੂਆਂ ਦੇ ਸਵਾਲਾਂ ਦਾ ਜਵਾਬ ਦੇਵੇ, ਚੁੱਪੀ ਕਿਉਂ
ਚੰਡੀਗੜ੍ਹ, - ਪੰਜਾਬ ਯੂਥ ਕਾਂਗਰਸ ਦੇ ਨਵ-ਨਿਯੁਕਤ ਪ੍ਰਧਾਨ ਸ਼ੁਭਮ ਸ਼ਰਮਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਸਾਲਾਂ ਤੱਕ ਰਾਮ ਮੰਦਰ ਨੂੰ ਆਪਣੀ ਸਭ ਤੋਂ ਵੱਡੀ ਰਾਜਨੀਤਿਕ ਪ੍ਰਾਪਤੀ ਵਜੋਂ ਦੇਸ਼ ਅੱਗੇ ਪੇਸ਼ ਕੀਤਾ। ਭੂਮੀ ਪੂਜਨ ਹੋਵੇ, ਉਦਘਾਟਨ, ਪ੍ਰਾਣ ਪ੍ਰਤਿਸ਼ਠਾ ਜਾਂ ਹੋਰ ਮਹੱਤਵਪੂਰਨ ਸਮਾਗਮ ਹਰ ਮੌਕੇ 'ਤੇ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦਾ ਸਿਆਸੀ ਸਿਹਰਾ ਲੈਣ ਵਿੱਚ ਕੋਈ ਕਸਰ ਨਹੀਂ ਛੱਡੀ। ਪਰ ਅੱਜ ਜਦੋਂ ਰਾਮ ਮੰਦਰ ਨਾਲ ਜੁੜੇ ਚੰਦੇ ਅਤੇ ਉਸ ਦੀ ਵਰਤੋਂ ਨੂੰ ਲੈ ਕੇ ਸਵਾਲ ਉੱਠ ਰਹੇ ਹਨ ਤਾਂ ਭਾਜਪਾ ਅਤੇ ਇਸ ਦੇ ਆਗੂਆਂ ਦੀ ਚੁੱਪੀ ਕਈ ਗੰਭੀਰ ਸ਼ੱਕ ਪੈਦਾ ਕਰ ਰਹੀ ਹੈ।
ਸ਼ੁਭਮ ਸ਼ਰਮਾ ਨੇ ਕਿਹਾ ਕਿ ਭਾਜਪਾ ਨੂੰ ਇਹ ਤੈਅ ਕਰਨਾ ਹੋਵੇਗਾ ਕਿ ਉਹ ਸਿਰਫ਼ ਪ੍ਰਾਪਤੀਆਂ ਦਾ ਸਿਹਰਾ ਹੀ ਲਵੇਗੀ ਜਾਂ ਫਿਰ ਜਵਾਬਦੇਹੀ ਵੀ ਸਵੀਕਾਰੇਗੀ। ਕਰੋੜਾਂ ਸ਼ਰਧਾਲੂਆਂ ਨੇ ਭਗਵਾਨ ਸ੍ਰੀ ਰਾਮ ਪ੍ਰਤੀ ਆਪਣੀ ਅਟੱਲ ਆਸਥਾ ਦੇ ਚਲਦਿਆਂ ਦਾਨ ਦਿੱਤਾ ਸੀ, ਕਿਸੇ ਸਿਆਸੀ ਪਾਰਟੀ ਲਈ ਨਹੀਂ। ਇਸ ਲਈ ਉਸ ਧਨ ਦੀ ਵਰਤੋਂ ਨੂੰ ਲੈ ਕੇ ਉੱਠ ਰਹੇ ਹਰ ਸਵਾਲ ਦਾ ਪਾਰਦਰਸ਼ੀ ਅਤੇ ਤੱਥਾਂ ਅਧਾਰਿਤ ਜਵਾਬ ਦੇਣਾ ਭਾਜਪਾ ਅਤੇ ਸਬੰਧਤ ਟਰੱਸਟ ਦੀ ਜ਼ਿੰਮੇਵਾਰੀ ਹੈ।
ਉਨ੍ਹਾਂ ਪੰਜਾਬ ਭਾਜਪਾ ਦੇ ਸੀਨੀਅਰ ਆਗੂਆਂ, ਸੰਸਦ ਮੈਂਬਰ ਤਰੁਣ ਚੁੱਘ, ਸਾਬਕਾ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਹੋਰ ਆਗੂਆਂ ਨੂੰ ਸਿੱਧੀ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਆਪਣੀ ਚੁੱਪੀ ਤੋੜਨ। ਜੇਕਰ ਭਾਜਪਾ ਲਈ ਭਗਵਾਨ ਸ੍ਰੀ ਰਾਮ ਸੱਚਮੁੱਚ ਆਸਥਾ ਦਾ ਵਿਸ਼ਾ ਹਨ ਤਾਂ ਫਿਰ ਸ਼ਰਧਾਲੂਆਂ ਦੇ ਸਵਾਲਾਂ ਤੋਂ ਭੱਜ ਕਿਉਂ ਰਹੀ ਹੈ? ਕੀ ਭਗਵਾਨ ਸ੍ਰੀ ਰਾਮ ਦੇ ਨਾਮ ਦੀ ਵਰਤੋਂ ਸਿਰਫ਼ ਚੋਣਾਂ ਵਿੱਚ ਵੋਟਾਂ ਮੰਗਣ ਲਈ ਹੀ ਕੀਤੀ ਜਾਵੇਗੀ ਅਤੇ ਜਦੋਂ ਜਵਾਬ ਦੇਣ ਦੀ ਵਾਰੀ ਆਵੇਗੀ ਤਾਂ ਭਾਜਪਾ ਚੁੱਪੀ ਧਾਰ ਲਵੇਗੀ?
ਸ਼ੁਭਮ ਸ਼ਰਮਾ ਨੇ ਕਿਹਾ ਕਿ ਪੰਜਾਬ ਭਾਜਪਾ ਦੇ ਆਗੂ ਹਰ ਰਾਸ਼ਟਰੀ ਮੁੱਦੇ 'ਤੇ ਪ੍ਰੈੱਸ ਕਾਨਫਰੰਸਾਂ ਕਰਦੇ ਹਨ ਅਤੇ ਲੰਮੇ-ਲੰਮੇ ਬਿਆਨ ਦਿੰਦੇ ਹਨ, ਪਰ ਰਾਮ ਮੰਦਰ ਨਾਲ ਜੁੜੇ ਸਵਾਲਾਂ 'ਤੇ ਉਨ੍ਹਾਂ ਦੀ ਚੁੱਪੀ ਹੈਰਾਨ ਕਰਨ ਵਾਲੀ ਹੈ। ਜੇਕਰ ਭਾਜਪਾ ਨੂੰ ਯਕੀਨ ਹੈ ਕਿ ਸਭ ਕੁਝ ਪੂਰੀ ਤਰ੍ਹਾਂ ਪਾਰਦਰਸ਼ੀ ਹੈ ਤਾਂ ਸਬੰਧਤ ਟਰੱਸਟ ਰਾਹੀਂ ਚੰਦੇ ਦਾ ਪੂਰਾ ਹਿਸਾਬ-ਕਿਤਾਬ ਜਨਤਕ ਕੀਤਾ ਜਾਵੇ ਅਤੇ ਉੱਠ ਰਹੇ ਸਾਰੇ ਸਵਾਲਾਂ ਦਾ ਦੇਸ਼ ਸਾਹਮਣੇ ਸਪੱਸ਼ਟ ਜਵਾਬ ਦਿੱਤਾ ਜਾਵੇ। ਚੁੱਪੀ ਸਿਰਫ਼ ਸ਼ੱਕ ਨੂੰ ਹੋਰ ਡੂੰਘਾ ਕਰਦੀ ਹੈ।