ਸੀ.ਪੀ. ਜਲੰਧਰ ਬਣੇ ਸੁਰਜੀਤ ਹਾਕੀ ਸੋਸਾਇਟੀ ਦੇ ਪੈਟਰਨ

ਹਾਕੀ ਦੀ ਤਰੱਕੀ ਲਈ ਸੁਰਜੀਤ ਹਾਕੀ ਸੋਸਾਇਟੀ ਦਾ ਯੋਗਦਾਨ ਸ਼ਲਾਘਾਯੋਗ &ndash ਸਤਿੰਦਰ ਸਿੰਘ

ਜਲੰਧਰ &ndash ਜਲੰਧਰ ਦੇ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨੂੰ ਸੁਰਜੀਤ ਹਾਕੀ ਸੋਸਾਇਟੀ ਦਾ ਪੈਟਰਨ ਨਿਯੁਕਤ ਕੀਤਾ ਗਿਆ ਹੈ। ਸੁਰਜੀਤ ਹਾਕੀ ਸੋਸਾਇਟੀ ਦੇ ਸੰਵਿਧਾਨ ਅਨੁਸਾਰ ਜਲੰਧਰ ਦੇ ਪੁਲਿਸ ਕਮਿਸ਼ਨਰ ਨੂੰ ਸੋਸਾਇਟੀ ਦਾ ਪੈਟਰਨ ਬਣਾਉਣ ਦੀ ਵਿਵਸਥਾ ਹੈ। ਇਸ ਮੌਕੇ ਸੋਸਾਇਟੀ ਦੇ ਐਲ. ਆਰ. ਨੈਅਰ, ਵਰਕਿੰਗ ਪ੍ਰਧਾਨ ਲਖਵਿੰਦਰ ਪਾਲ ਸਿੰਘ ਖਹਿਰਾ, ਸੀ.ਈ.ਓ. ਇਕਬਾਲ ਸਿੰਘ ਸੰਧੂ, ਜਨਰਲ ਸਕੱਤਰ ਸੁਰਿੰਦਰ ਸਿੰਘ ਭਾਪਾ, ਉਪ ਪ੍ਰਧਾਨ ਨਰਿੰਦਰ ਪਾਲ ਸਿੰਘ ਜੱਜ ਅਤੇ ਸਕੱਤਰ ਰਣਬੀਰ ਸਿੰਘ ਟੂਟ ਨੇ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨੂੰ ਪੈਟਰਨ ਨਿਯੁਕਤੀ ਪੱਤਰ ਸੌਂਪਿਆ। ਇਸ ਦੌਰਾਨ ਉਨ੍ਹਾਂ ਨੂੰ ਸੁਰਜੀਤ ਹਾਕੀ ਸੋਸਾਇਟੀ ਦੀਆਂ ਉਪਲਬਧੀਆਂ ਅਤੇ ਅਕਤੂਬਰ ਮਹੀਨੇ ਵਿੱਚ ਕਰਵਾਏ ਜਾਣ ਵਾਲੇ 43ਵੇਂ ਇੰਡੀਅਨ ਆਇਲ ਸੁਰਜੀਤ ਹਾਕੀ ਟੂਰਨਾਮੈਂਟ ਦੀਆਂ ਤਿਆਰੀਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ।

ਇਸ ਮੌਕੇ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨੇ ਸੁਰਜੀਤ ਹਾਕੀ ਸੋਸਾਇਟੀ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਦੇਸ਼ ਦੀਆਂ ਪ੍ਰਸਿੱਧ ਹਾਕੀ ਸੰਸਥਾਵਾਂ ਵਿੱਚੋਂ ਇੱਕ ਹੈ, ਜਿਸ ਨੇ ਹਾਕੀ ਦੇ ਵਿਕਾਸ ਵਿੱਚ ਹਮੇਸ਼ਾ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਸੋਸਾਇਟੀ ਵੱਲੋਂ ਚਲਾਈ ਜਾ ਰਹੀ ਸੁਰਜੀਤ ਹਾਕੀ ਅਕੈਡਮੀ ਵਿੱਚ 4 ਤੋਂ 18 ਸਾਲ ਦੀ ਉਮਰ ਦੇ 125 ਤੋਂ ਵੱਧ ਖਿਡਾਰੀ ਸਿਖਲਾਈ ਪ੍ਰਾਪਤ ਕਰ ਰਹੇ ਹਨ। ਓਲੰਪੀਅਨ, ਦ੍ਰੋਣਾਚਾਰਿਆ ਐਵਾਰਡੀ ਅਤੇ ਤਜਰਬੇਕਾਰ ਕੋਚਾਂ ਵੱਲੋਂ ਦਿੱਤੀ ਜਾ ਰਹੀ ਉੱਚ ਪੱਧਰੀ ਟ੍ਰੇਨਿੰਗ ਨਾਲ ਭਵਿੱਖ ਵਿੱਚ ਸ਼ਾਨਦਾਰ ਨਤੀਜੇ ਸਾਹਮਣੇ ਆਉਣਗੇ।

ਉਨ੍ਹਾਂ ਸੋਸਾਇਟੀ ਦੇ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਹਾਕੀ ਖੇਡ ਅਤੇ ਸੋਸਾਇਟੀ ਦੇ ਵਿਕਾਸ ਲਈ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਜਲੰਧਰ ਦੇ ਡੀਸੀਪੀ ਮਨਪ੍ਰੀਤ ਸਿੰਘ ਨੂੰ ਵੀ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।