ਚੰਨੀ ਦੇ ਮੋਰਿੰਡਾ ਇਕੱਠ ਨੇ ਵਧਾਈਆਂ ਸਿਆਸੀ ਸਰਗਰਮੀਆਂ, ਕਈ ਮੌਜੂਦਾ ਤੇ ਸਾਬਕਾ ਕਾਂਗਰਸੀ ਆਗੂ ਹੋਏ ਸ਼ਾਮਲ

ਚੰਡੀਗੜ੍ਹ &ndash ਪੰਜਾਬ ਕਾਂਗਰਸ ਵਿੱਚ ਸੰਗਠਨਾਤਮਕ ਪੁਨਰਗਠਨ ਤੋਂ ਬਾਅਦ ਪੈਦਾ ਹੋਈ ਨਾਰਾਜ਼ਗੀ ਦੇ ਮਾਹੌਲ ਵਿਚਕਾਰ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੀ ਮੋਰਿੰਡਾ ਸਥਿਤ ਰਿਹਾਇਸ਼ 'ਤੇ ਹੋਏ ਇਕੱਠ ਨੇ ਸਿਆਸੀ ਹਲਕਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।

ਜਾਣਕਾਰੀ ਅਨੁਸਾਰ ਚੰਨੀ ਦੀ ਰਿਹਾਇਸ਼ 'ਤੇ ਕਾਂਗਰਸ ਦੇ ਤਿੰਨ ਮੌਜੂਦਾ ਵਿਧਾਇਕਾਂ ਅਤੇ ਨੌਂ ਸਾਬਕਾ ਵਿਧਾਇਕਾਂ ਸਮੇਤ ਕਈ ਸੀਨੀਅਰ ਆਗੂ ਪਹੁੰਚੇ। ਸਵੇਰ ਤੋਂ ਹੀ ਉਨ੍ਹਾਂ ਦੇ ਸਮਰਥਕਾਂ ਦੀ ਆਮਦ ਸ਼ੁਰੂ ਹੋ ਗਈ ਸੀ, ਜਿਸ ਕਾਰਨ ਇਸ ਇਕੱਠ ਨੂੰ ਕਾਂਗਰਸ ਦੀ ਅੰਦਰੂਨੀ ਸਿਆਸਤ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।

ਹਾਲ ਹੀ ਵਿੱਚ ਕਾਂਗਰਸ ਹਾਈਕਮਾਂਡ ਵੱਲੋਂ ਪੰਜਾਬ ਇਕਾਈ ਵਿੱਚ ਕੀਤੇ ਗਏ ਸੰਗਠਨਾਤਮਕ ਫੇਰਬਦਲ ਤਹਿਤ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਉਨ੍ਹਾਂ ਦੇ ਅਹੁਦਿਆਂ 'ਤੇ ਬਰਕਰਾਰ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਵੱਖ-ਵੱਖ ਧੜਿਆਂ ਵਿੱਚ ਸੰਤੁਲਨ ਬਣਾਉਣ ਲਈ ਚਾਰ ਨਵੀਆਂ ਕਮੇਟੀਆਂ ਦਾ ਵੀ ਗਠਨ ਕੀਤਾ ਗਿਆ ਹੈ। ਚੰਨੀ ਨੂੰ ਚੋਣ ਪ੍ਰਚਾਰ ਕਮੇਟੀ ਦੀ ਕਮਾਨ ਸੌਂਪੀ ਗਈ ਹੈ, ਜਦਕਿ ਉਨ੍ਹਾਂ ਨੂੰ ਪ੍ਰਧਾਨਗੀ ਦੇ ਮਜ਼ਬੂਤ ਦਾਅਵੇਦਾਰਾਂ ਵਿੱਚ ਗਿਣਿਆ ਜਾ ਰਿਹਾ ਸੀ।

ਚੰਨੀ ਦੇ ਸਮਾਗਮ ਵਿੱਚ ਵਿਧਾਇਕ ਤ੍ਰਿਪਤ ਸਿੰਘ ਬਾਜਵਾ, ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਅਤੇ ਰਾਣਾ ਗੁਰਜੀਤ ਸਿੰਘ ਤੋਂ ਇਲਾਵਾ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ, ਓ.ਪੀ. ਸੋਨੀ, ਮੁਹੰਮਦ ਸਦੀਕ, ਮਦਨ ਲਾਲ ਜਲਾਲਪੁਰ, ਅੰਗਦ ਸਿੰਘ ਸੈਣੀ, ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ, ਲਖਬੀਰ ਸਿੰਘ ਲੱਖਾ, ਦਲਵੀਰ ਸਿੰਘ ਗੋਲਡੀ, ਪਰਮਿੰਦਰ ਸਿੰਘ ਪਿੰਕੀ ਅਤੇ ਸਾਬਕਾ ਯੂਥ ਕਾਂਗਰਸ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਸਮੇਤ ਕਈ ਹੋਰ ਆਗੂ ਸ਼ਾਮਲ ਹੋਏ।