ਭਾਰਤ–ਜਾਪਾਨ ਨੇ ਸਹਿਯੋਗ ਨੂੰ ਦਿੱਤੀ ਨਵੀਂ ਰਫ਼ਤਾਰ, ਆਰਥਿਕ ਤੇ ਰੱਖਿਆ ਖੇਤਰ ਵਿੱਚ ਕਈ ਅਹਿਮ ਸਮਝੌਤੇ

ਨਵੀਂ ਦਿੱਲੀ, 3 ਜੁਲਾਈ &ndash ਭਾਰਤ ਅਤੇ ਜਾਪਾਨ ਨੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਵੱਲ ਅਹਿਮ ਕਦਮ ਚੁੱਕਦਿਆਂ ਆਰਥਿਕ, ਰੱਖਿਆ ਅਤੇ ਉੱਚ ਤਕਨਾਲੋਜੀ ਸਮੇਤ ਕਈ ਖੇਤਰਾਂ ਵਿੱਚ ਨਵੇਂ ਸਮਝੌਤਿਆਂ ਅਤੇ ਸਹਿਯੋਗੀ ਪਹਿਲਕਦਮੀਆਂ ਦਾ ਐਲਾਨ ਕੀਤਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਾਪਾਨ ਦੀ ਪ੍ਰਧਾਨ ਮੰਤਰੀ ਸਾਨੇ ਤਾਕਾਇਚੀ ਵਿਚਾਲੇ ਨਵੀਂ ਦਿੱਲੀ ਵਿੱਚ ਹੋਈ ਸਿਖਰ ਵਾਰਤਾ ਤੋਂ ਬਾਅਦ ਦੋਵਾਂ ਦੇਸ਼ਾਂ ਨੇ ਆਰਥਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਅਤੇ ਰੱਖਿਆ ਖੇਤਰ ਵਿੱਚ ਸਾਂਝੇ ਤੌਰ 'ਤੇ ਫ਼ੌਜੀ ਸਾਜ਼ੋ-ਸਾਮਾਨ ਦੇ ਵਿਕਾਸ ਲਈ ਸਹਿਯੋਗ ਵਧਾਉਣ 'ਤੇ ਸਹਿਮਤੀ ਜਤਾਈ।

ਬੈਠਕ ਦੌਰਾਨ ਆਰਥਿਕ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਸਾਂਝਾ ਐਲਾਨਨਾਮਾ, ਕ੍ਰਿਤ੍ਰਿਮ ਬੁੱਧੀ (ਏਆਈ) ਦੇ ਖੇਤਰ ਵਿੱਚ ਸਹਿਯੋਗ ਸਬੰਧੀ ਸਾਂਝਾ ਬਿਆਨ ਅਤੇ ਊਰਜਾ ਸਪਲਾਈ ਚੇਨ ਨੂੰ ਹੋਰ ਮਜ਼ਬੂਤ ਬਣਾਉਣ ਲਈ ਸਮਝੌਤਿਆਂ ਨੂੰ ਵੀ ਅੰਤਿਮ ਰੂਪ ਦਿੱਤਾ ਗਿਆ।

ਦੋਵਾਂ ਨੇਤਾਵਾਂ ਨੇ ਵਪਾਰ ਅਤੇ ਨਿਵੇਸ਼, ਆਰਥਿਕ ਸੁਰੱਖਿਆ, ਸਾਫ਼ ਊਰਜਾ, ਉੱਭਰਦੀਆਂ ਤਕਨਾਲੋਜੀਆਂ, ਰੱਖਿਆ ਸਹਿਯੋਗ ਅਤੇ ਲੋਕਾਂ ਦਰਮਿਆਨ ਆਪਸੀ ਸੰਪਰਕ ਵਧਾਉਣ ਵਰਗੇ ਮੁੱਖ ਵਿਸ਼ਿਆਂ 'ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਨੇ ਭਵਿੱਖ ਵਿੱਚ ਰਣਨੀਤਕ ਭਾਈਵਾਲੀ ਨੂੰ ਹੋਰ ਡੂੰਘਾ ਕਰਨ ਅਤੇ ਇੰਡੋ-ਪੈਸੀਫਿਕ ਖੇਤਰ ਵਿੱਚ ਸਹਿਯੋਗ ਵਧਾਉਣ ਦੀ ਵਚਨਬੱਧਤਾ ਵੀ ਦੁਹਰਾਈ।