ਪਾਕਿਸਤਾਨ ’ਚ ਇਤਿਹਾਸਕ ਗੁਰਦੁਆਰਿਆਂ ਦੀ ਸਥਿਤੀ: ਤੱਥ ਤੇ ਸੱਚ (ਪ੍ਰੋ. ਸਰਚਾਂਦ ਸਿੰਘ ਖਿਆਲਾ

 ਪਾਕਿਸਤਾਨੀ ਪੰਜਾਬ &rsquoਚ ਫਾਰੂਕਾਬਾਦ ਦੇ 125 ਸਾਲ ਪੁਰਾਣੇ ਇਤਿਹਾਸਕ ਗੁਰਦੁਆਰੇ ਨੂੰ ਭੂ-ਮਾਫ਼ੀਆ ਵੱਲੋਂ ਸਥਾਨਕ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਢਾਹੇ ਜਾਣ ਦੀ ਘਟਨਾ ਨੇ ਵਿਸ਼ਵ ਭਰ ਦੇ ਸਿੱਖ ਭਾਈਚਾਰੇ ਨੂੰ ਗਹਿਰੀ ਠੇਸ ਪਹੁੰਚਾਈ ਹੈ। ਗੁਰਦੁਆਰੇ ਕੇਵਲ ਪੂਜਾ ਅਸਥਾਨ ਨਹੀਂ, ਸਗੋਂ ਸਿੱਖ ਇਤਿਹਾਸ ਤੇ ਵਿਰਾਸਤੀ ਧ੍ਰੋਹਰ ਹਨ। ਅੱਜ ਕਈ ਇਤਿਹਾਸਕ ਗੁਰਦੁਆਰਿਆਂ ਦੀ ਹੋਂਦ ਖ਼ਤਰੇ &rsquoਚ ਹਨ, ਹਿੰਦੂ ਮੰਦਰਾਂ ਦੀ ਸਥਿਤੀ ਵੀ ਇਸ ਤੋਂ ਵੱਖਰੀ ਨਹੀਂ , ਇਸੇ ਕਰਕੇ ਸਿੱਖ ਤੇ ਹਿੰਦੂ ਭਾਈਚਾਰੇ ਦੀ ਚਿੰਤਾ ਸੁਭਾਵਿਕ ਹੈ।
ਪਾਕਿਸਤਾਨ ਦੀ ਧਰਤੀ ਸਿੱਖ ਧਰਮ ਦੀ ਉਤਪਤੀ ਅਤੇ ਸ਼ਾਨਦਾਰ ਇਤਿਹਾਸਕ ਵਿਰਾਸਤ ਦਾ ਕੇਂਦਰ ਹੈ। ਵੰਡ ਤੋਂ ਪਹਿਲਾਂ ਇੱਥੇ ਸਿੱਖਾਂ ਦੀ ਸਮਾਜਿਕ, ਧਾਰਮਿਕ ਅਤੇ ਆਰਥਿਕ ਸਥਿਤੀ ਮਜ਼ਬੂਤ ਸੀ, ਪਰ 1947 ਤੋਂ ਬਾਅਦ ਹਾਲਾਤ ਬੁਰੀ ਤਰ੍ਹਾਂ ਬਦਲ ਗਏ। ਤਬਦੀਲੀ ਆਬਾਦੀ &rsquoਤੇ ਵੀ ਗਹਿਰਾ ਅਸਰ ਪਿਆ। 1941 ਵਿੱਚ ਮੌਜੂਦਾ ਪਾਕਿਸਤਾਨ ਦੇ ਖੇਤਰ ਵਿੱਚ ਸਿੱਖ ਆਬਾਦੀ ਲਗਭਗ 16 ਫ਼ੀਸਦੀ ਸੀ, ਜਦਕਿ 2023 ਦੀ ਮਰਦਮਸ਼ੁਮਾਰੀ ਅਨੁਸਾਰ ਇਹ ਘੱਟ ਕੇ ਕਰੀਬ 16 ਹਜ਼ਾਰ (ਲਗਭਗ 0.01 ਫ਼ੀਸਦੀ) ਰਹਿ ਗਈ ਹੈ।
ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ: ਉਦੇਸ਼ ਅਤੇ ਹਕੀਕਤ
ਦੇਸ਼ ਵੰਡ ਤੋਂ ਬਾਅਦ ਪਾਕਿਸਤਾਨ ਵਿੱਚ ਰਹਿ ਗਏ ਹਿੰਦੂ ਮੰਦਰਾਂ ਅਤੇ ਸਿੱਖ ਗੁਰਦੁਆਰਿਆਂ ਦੀ ਦੇਖਭਾਲ ਲਈ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ETPB) ਦੀ ਸਥਾਪਨਾ 1960 ਵਿੱਚ ਨਹਿਰੂ&ndashਲਿਆਕਤ (1950) ਅਤੇ ਪੰਤ&ndashਮਿਰਜ਼ਾ (1955) ਸਮਝੌਤਿਆਂ ਦੀ ਭਾਵਨਾ ਅਨੁਸਾਰ ਕੀਤੀ ਗਈ ਸੀ, ਜਿਸ ਨੂੰ 1975 ਵਿੱਚ ਸੰਵਿਧਾਨਕ ਸੰਸਥਾ ਦਾ ਦਰਜਾ ਮਿਲਿਆ।
ਸਮਝੌਤਿਆਂ ਦੀ ਰੂਹ ਮੁਤਾਬਕ ਇਸ ਦਾ ਚੇਅਰਮੈਨ ਗੈਰ-ਮੁਸਲਿਮ ਹੋਣਾ ਚਾਹੀਦਾ ਸੀ, ਪਰ ਪਾਕਿਸਤਾਨ ਦੀ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੇ ਬਾਵਜੂਦ ਇਹ ਪ੍ਰਬੰਧ ਕਦੇ ਲਾਗੂ ਨਹੀਂ ਹੋਇਆ। ਕੁਝ ਸਾਲ ਪਹਿਲਾਂ ਨਾਮਜ਼ਦ ਗੈਰ-ਮੁਸਲਿਮ ਮੈਂਬਰਾਂ ਨੂੰ ਵੀ ਕੋਈ ਖਾਸ ਭੂਮਿਕਾ ਨਹੀਂ ਮਿਲੀ। ਬੋਰਡ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈ ਐਸ ਆਈ ਦੇ ਪ੍ਰਭਾਵ ਅਧੀਨ ਕੰਮ ਕਰਦਾ ਆ ਰਿਹਾ ਹੈ। ਗੁਰਦੁਆਰਿਆਂ ਨਾਲ ਸੰਬੰਧਿਤ ਜ਼ਿਆਦਾਤਰ ਪ੍ਰਸ਼ਾਸਕੀ ਅਤੇ ਸੰਪਤੀ ਸਬੰਧੀ ਅਧਿਕਾਰ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਕੋਲ ਹਨ।
ਬੋਰਡ ਦੀ ਸਾਲਾਨਾ ਆਮਦਨ 2023&ndash24 ਵਿੱਚ 472 ਕਰੋੜ ਰਹੀ। 2024&ndash25 ਵਿੱਚ 565 ਕਰੋੜ ਰੁਪਏ ਦੀ ਆਮਦਨ ਵਿੱਚੋਂ ਕੇਵਲ ਲਗਭਗ 113 ਕਰੋੜ ਰੁਪਏ ਕਾਰਜਸ਼ੀਲ 14 ਮੰਦਰਾਂ ਤੇ 21 ਗੁਰਦੁਆਰਿਆਂ &rsquoਤੇ ਖ਼ਰਚ ਕੀਤੇ ਗਏ, ਜਦਕਿ ਬਾਕੀ ਰਕਮ ਤਨਖ਼ਾਹਾਂ, ਪੈਨਸ਼ਨਾਂ, ਪ੍ਰਬੰਧਕੀ ਖ਼ਰਚਿਆਂ ਅਤੇ ਹੋਰ ਪ੍ਰਸ਼ਾਸਕੀ ਮੱਦਾਂ 'ਤੇ ਖ਼ਰਚ ਕੀਤੇ ਗਏ। ਹੋਣ ਦੀ ਜਾਣਕਾਰੀ ਸਾਹਮਣੇ ਆਉਂਦੀ ਹੈ। ਅਧਿਕਾਰਕ ਅੰਕੜਿਆਂ ਅਨੁਸਾਰ ਪਾਕਿਸਤਾਨ ਵਿੱਚ 517 ਗੁਰਦੁਆਰੇ ਅਤੇ 1,130 ਹਿੰਦੂ ਮੰਦਰ ਹਨ।
ਬੋਰਡ ਦੀ ਇਹ ਆਮਦਨ ਵੰਡ ਸਮੇਂ ਛੱਡੀ ਗਈ ਧਾਰਮਿਕ ਅਦਾਰਿਆਂ ਦੇ 1,09,404 ਏਕੜ ਵਾਹੀਯੋਗ ਜ਼ਮੀਨ ਅਤੇ 46,499 ਸ਼ਹਿਰੀ ਸੰਪਤੀਆਂ ਵਿਚੋਂ 75,055 ਏਕੜ ਜ਼ਮੀਨ ਅਤੇ 15,849 ਸ਼ਹਿਰੀ ਯੂਨਿਟਾਂ ਨੂੰ ਲੀਜ਼ 'ਤੇ ਦੇਣ ਨਾਲ ਹੋਈ । ਇਸ ਸਥਿਤੀ &rsquoਚ ਬਾਕੀ 34,349 ਏਕੜ ਜ਼ਮੀਨ ਅਤੇ 30,650 ਸ਼ਹਿਰੀ ਯੂਨਿਟਾਂ ਨੂੰ ਲੀਜ਼ &rsquoਤੇ ਨਹੀਂ ਦਿੱਤੀ ਗਈ ਤਾਂ ਕੀ ਇਹ ਸੰਪਤੀ ਨਜਾਇਜ਼ ਕਬਜ਼ਿਆਂ ਹੇਠ ਹਨ?
ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ: ਸੀਮਤ ਅਧਿਕਾਰਾਂ ਵਾਲੀ ਸੰਸਥਾ
ਪਾਕਿਸਤਾਨ &rsquoਚ ਗੁਰਦੁਆਰਿਆਂ ਦੇ ਪ੍ਰਬੰਧ ਸੰਬੰਧੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (PSGPC) ਵੀ ਮੌਜੂਦ ਹੈ। ਜਿਸ ਦੀ ਸਥਾਪਨਾ 1999 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਦੇ ਸਮਾਨਾਂਤਰ ਇੱਕ ਪ੍ਰਬੰਧਕੀ ਢਾਂਚੇ ਵਜੋਂ ਕੀਤੀ ਗਈ। ਪਰ ਇਸ ਦੇ ਪ੍ਰਧਾਨ ਸਮੇਤ 13 ਮੈਂਬਰ ਪਾਕਿਸਤਾਨ ਸਰਕਾਰ ਵੱਲੋਂ ਹੀ ਨਾਮਜ਼ਦ ਕੀਤੇ ਜਾਂਦੇ ਹਨ।
ਕਮੇਟੀ ਦੀ ਭੂਮਿਕਾ ਮੁੱਖ ਤੌਰ 'ਤੇ ਕਾਰਜਸ਼ੀਲ ਗੁਰਦੁਆਰਿਆਂ ਦੀਆਂ ਗੋਲਕਾਂ ਵਿੱਚ ਪ੍ਰਾਪਤ ਭੇਟਾਵਾਂ ਦਾ ਪ੍ਰਬੰਧ, ਗੁਰੂ ਕਾ ਲੰਗਰ, ਕੜਾਹ ਪ੍ਰਸ਼ਾਦ, ਯਾਤਰੀਆਂ ਲਈ ਰਿਹਾਇਸ਼ ਅਤੇ ਹੋਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦੇ ਨਾਲ ਗ੍ਰੰਥੀ ਸਿੰਘਾਂ, ਰਾਗੀ ਜਥਿਆਂ ਅਤੇ ਹੋਰ ਸੇਵਾਦਾਰਾਂ ਦੇ ਮਾਣ-ਭੱਤਿਆਂ ਦਾ ਪ੍ਰਬੰਧ ਕਰਨ ਤੱਕ ਸੀਮਤ ਹੈ। ਜਿਸ ਨੇ ਪਿਛਲੇ 26 ਸਾਲਾਂ ਦੌਰਾਨ ਇਕ ਵਾਰ ਵੀ ਆਪਣੇ ਸਾਲਾਨਾ ਬਜਟ ਜਾਂ ਆਮਦਨ-ਖ਼ਰਚ ਦੇ ਵੇਰਵੇ ਜਨਤਕ ਨਹੀਂ ਕੀਤਾ ਹੈ। ਤਾਂ ਹੀ ਇਸ ਦੀ ਵਿੱਤੀ ਪਾਰਦਰਸ਼ਤਾ ਅਤੇ ਜਵਾਬਦੇਹੀ ਬਾਰੇ ਸਵਾਲ ਉੱਠਦੇ ਰਹੇ ਹਨ।
ਇਸ ਤੋਂ ਇਲਾਵਾ 'ਪੰਜਾਬੀ ਸੰਗਤ' ਨਾਮ ਦੀ ਇੱਕ ਸੰਸਥਾ ਵੀ ਸਰਗਰਮ ਹੈ, ਜੋ ਅਖੰਡ ਪਾਠ ਅਤੇ ਵਿਦੇਸ਼ਾਂ ਤੋਂ ਆਉਣ ਵਾਲੀਆਂ ਸੰਗਤਾਂ ਨਾਲ ਤਾਲਮੇਲ ਦਾ ਕੰਮ ਕਰਦੀ ਹੈ। ਪਰ ਇਹ ਆਪਣੇ ਆਕਾਵਾਂ ਦੇ ਇਸ਼ਾਰੇ &rsquoਤੇ ਧਾਰਮਿਕ ਸੇਵਾ ਤੋਂ ਵੱਧ ਗੁਰਪੁਰਬਾਂ ਅਤੇ ਯਾਤਰਾਵਾਂ ਦੌਰਾਨ ਖਾਲਿਸਤਾਨ-ਸਮਰਥਕ ਰਾਜਨੀਤਿਕ ਪ੍ਰਚਾਰ ਨੂੰ ਉਤਸ਼ਾਹਿਤ ਕਰਦੀ ਹੈ।