ਗਲੋਬਲ ਪੀਸ ਇੰਡੈਕਸ 2026: ਆਈਸਲੈਂਡ ਸਭ ਤੋਂ ਸ਼ਾਂਤੀਪੂਰਨ ਦੇਸ਼, ਨਿਊਜ਼ੀਲੈਂਡ ਦੂਜੇ ਸਥਾਨ 'ਤੇ

ਨਵੀਂ ਦਿੱਲੀ &ndash ਗਲੋਬਲ ਪੀਸ ਇੰਡੈਕਸ 2026 ਅਨੁਸਾਰ ਦੁਨੀਆ ਦੇ ਸਭ ਤੋਂ ਸ਼ਾਂਤੀਪੂਰਨ ਦੇਸ਼ਾਂ ਦੀ ਸੂਚੀ ਵਿੱਚ ਆਈਸਲੈਂਡ ਨੇ ਇੱਕ ਵਾਰ ਫਿਰ ਪਹਿਲਾ ਸਥਾਨ ਹਾਸਲ ਕੀਤਾ ਹੈ, ਜਦਕਿ ਨਿਊਜ਼ੀਲੈਂਡ ਦੂਜੇ ਨੰਬਰ 'ਤੇ ਰਿਹਾ ਹੈ। ਇਸ ਅਧਿਐਨ ਵਿੱਚ ਦੁਨੀਆ ਦੇ 163 ਦੇਸ਼ਾਂ ਦਾ ਮੁਲਾਂਕਣ ਕੀਤਾ ਗਿਆ।
ਇਹ ਦਰਜਾਬੰਦੀ ਇੰਸਟੀਚਿਊਟ ਫਾਰ ਇਕਨਾਮਿਕਸ ਐਂਡ ਪੀਸ ਵੱਲੋਂ 23 ਵੱਖ-ਵੱਖ ਮਾਪਦੰਡਾਂ ਦੇ ਆਧਾਰ 'ਤੇ ਤਿਆਰ ਕੀਤੀ ਜਾਂਦੀ ਹੈ। ਇਨ੍ਹਾਂ ਵਿੱਚ ਸਮਾਜਿਕ ਸੁਰੱਖਿਆ, ਕਾਨੂੰਨ-ਵਿਵਸਥਾ, ਅਪਰਾਧ ਦਰ, ਰਾਜਨੀਤਿਕ ਸਥਿਰਤਾ, ਘਰੇਲੂ ਅਤੇ ਅੰਤਰਰਾਸ਼ਟਰੀ ਟਕਰਾਵਾਂ ਦੀ ਸਥਿਤੀ, ਫ਼ੌਜੀ ਖ਼ਰਚ ਅਤੇ ਲੋਕਾਂ ਦਾ ਸਰਕਾਰ 'ਤੇ ਭਰੋਸਾ ਵਰਗੇ ਮੁੱਖ ਪੱਖ ਸ਼ਾਮਲ ਹੁੰਦੇ ਹਨ।
ਰਿਪੋਰਟ ਅਨੁਸਾਰ ਆਈਸਲੈਂਡ ਨੇ ਲਗਾਤਾਰ ਕਈ ਸਾਲਾਂ ਤੋਂ ਇਸ ਸੂਚੀ ਵਿੱਚ ਆਪਣਾ ਪਹਿਲਾ ਸਥਾਨ ਬਰਕਰਾਰ ਰੱਖਿਆ ਹੈ। ਦੇਸ਼ ਵਿੱਚ ਅਪਰਾਧ ਦਰ ਕਾਫ਼ੀ ਘੱਟ ਹੈ ਅਤੇ ਸੁਰੱਖਿਆ ਨਾਲ ਜੁੜੇ ਮਾਪਦੰਡ ਬਹੁਤ ਮਜ਼ਬੂਤ ਮੰਨੇ ਜਾਂਦੇ ਹਨ।
ਨਿਊਜ਼ੀਲੈਂਡ ਨੂੰ ਵੀ ਸੁਰੱਖਿਅਤ ਮਾਹੌਲ, ਘੱਟ ਟਕਰਾਵਾਂ ਅਤੇ ਸਮਾਜਿਕ ਸਥਿਰਤਾ ਕਾਰਨ ਉੱਚ ਦਰਜਾ ਮਿਲਿਆ ਹੈ। ਇਹ ਏਸ਼ੀਆ-ਪ੍ਰਸ਼ਾਂਤ ਖੇਤਰ ਦਾ ਸਭ ਤੋਂ ਸ਼ਾਂਤੀਪੂਰਨ ਦੇਸ਼ ਮੰਨਿਆ ਗਿਆ ਹੈ।
ਰਿਪੋਰਟ ਵਿੱਚ ਭਾਰਤ ਨੂੰ 127ਵਾਂ ਅਤੇ ਅਮਰੀਕਾ ਨੂੰ 134ਵਾਂ ਸਥਾਨ ਦਿੱਤਾ ਗਿਆ ਹੈ, ਜੋ ਦਰਸਾਉਂਦਾ ਹੈ ਕਿ ਦੋਵੇਂ ਦੇਸ਼ਾਂ ਨੂੰ ਸ਼ਾਂਤੀ ਅਤੇ ਸੁਰੱਖਿਆ ਨਾਲ ਜੁੜੇ ਕਈ ਖੇਤਰਾਂ ਵਿੱਚ ਹੋਰ ਸੁਧਾਰ ਦੀ ਲੋੜ ਹੈ।