ਗੋਲੀਬਾਰੀ ਕਰਨ ਵਾਲਾ ਫਾਰ ਬ੍ਰਦਰਜ਼ ਗਰੋਹ ਦਾ ਮੈਂਬਰ ਸਫਲਦੀਪ ਸਿੰਘ ਜੇਲ੍ਹ ਭੇਜਿਆ

ਬਰੈਂਪਟਨ ਵਿੱਚ ਫਿਰੌਤੀ ਲਈ ਦੋ ਵਾਰ ਗੋਲੀਬਾਰੀ ਕਰਨ ਅਤੇ ਇੱਕ ਵਿਅਕਤੀ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ 22 ਸਾਲਾ ਸਫਲਦੀਪ ਸਿੰਘ ਨੂੰ ਅਦਾਲਤ ਵੱਲੋਂ ਜ਼ਮਾਨਤ ਦੇਣ ਤੋਂ ਕੋਰੀ ਨਾਂਹ ਕਰ ਦਿੱਤੀ ਗਈ ਹੈ, ਜਿਸ ਤੋਂ ਬਾਅਦ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੀਲ ਪੁਲੀਸ ਦੇ ਉਪ ਮੁੱਖੀ ਨਿੱਕ ਮਿਲੀਨੋਵਿਚ ਨੇ ਦੱਸਿਆ ਕਿ ਮੁਲਜਮ 21 ਅਪਰੈਲ ਅਤੇ 6 ਮਈ ਨੂੰ ਬਰੈਂਪਟਨ ਦੇ ਕਾਰੋਬਾਰੀਆਂ ਨੂੰ ਫਿਰੌਤੀ ਵਾਸਤੇ ਡਰਾਉਣ ਲਈ ਗੋਲੀਬਾਰੀ ਕਰਕੇ ਫਰਾਰ ਹੋ ਗਿਆ ਸੀ। 6 ਮਈ ਵਾਲੀ ਗੋਲੀਬਾਰੀ ਮੌਕੇ ਇੱਕ ਰਿਹਾਇਸ਼ ਤੇ ਗੋਲੀਬਾਰੀ ਕਰਦਿਆਂ ਉਸ ਨੇ ਮਾਲਕ ਨੂੰ ਮਾਰਨ ਦਾ ਯਤਨ ਕੀਤਾ, ਪਰ ਚੌਕਸੀ ਕਾਰਣ ਉਸਦੀ ਜਾਨ ਬਚ ਗਈ।
23 ਜੂਨ ਨੂੰ ਐਡਮਿੰਟਨ ਪੁਲੀਸ ਵਲੋਂ ਲਾਏ ਟਰੈਫਿਕ ਨਾਕੇ ਮੌਕੇ ਉਸਦੀ ਕਾਰ ਦੀ ਤਲਾਸੀ ਹੋਈ ਤਾਂ ਉਸ ਚੋਂ ਭਰੀ ਹੋਈ ਬੰਦੂਕ ਅਤੇ ਡਰੱਗ ਮਿਲੀ। ਜਿਥੋਂ ਉਸਦੇ iਖ਼ਲਾਫ਼ ਕੇਸ ਦਰਜ ਹੋਣ ਤੋਂ ਬਾਦ ਪੀਲ ਪੁਲੀਸ ਬਰੈਂਪਟਨ ਲੈ ਆਈ। ਉਸ ਨੇ ਮੰਨਿਆ ਕਿ ਉਹ ਫਾਰ ਬ੍ਰਦਰਜ਼ ਗ੍ਰੋਹ ਦਾ ਮੈਂਬਰ ਹੈ ਤੇ ਉਨ੍ਹਾਂ ਦੇ ਨਿਰਦੇਸ਼ਾਂ ਤੇ ਕੰਮ ਕਰਦਾ ਸੀ।