ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਦੀਆਂ ਗੱਡੀਆਂ ਦਾ ਘਿਰਾਓ

ਬੇਰੁਜ਼ਗਾਰ ਈ ਟੀ ਟੀ ਅਧਿਆਪਕਾਂ ਵਲੋਂ ਅੱਜ ਸੰਗਰੂਰ ਵਿਚ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀਆਂ ਗੱਡੀਆਂ ਦੇ ਕਾਫ਼ਲੇ ਦਾ ਘਿਰਾਓ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ। ਜਿਉ ਹੀ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਵਿਖੇ ਹੋਏ ਸਮਾਗਮ ਦੀ ਸਮਾਪਤੀ ਤੋਂ ਬਾਅਦ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀਆਂ ਗੱਡੀਆਂ ਦਾ ਕਾਫ਼ਲਾ ਸੰਸਥਾ ਤੋਂ ਬਾਹਰ ਨਿਕਲਿਆ ਤਾਂ ਬੇਰੁਜ਼ਗਾਰ ਈ ਟੀ ਟੀ ਅਧਿਆਪਕ ਸਿੱਖਿਆ ਮੰਤਰੀ ਦੀ ਗੱਡੀ ਅੱਗੇ ਆ ਗਏ ਅਤੇ ਘਿਰਾਓ ਕਰਦਿਆਂ ਨਾਅਰੇਬਾਜ਼ੀ ਕੀਤੀ। ਅਚਾਨਕ ਵਾਪਰੇ ਇਸ ਘਟਨਾਕ੍ਰਮ ਦੌਰਾਨ ਪੁਲੀਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਪੁਲੀਸ ਨੇ ਤੁਰੰਤ ਹਰਕਤ ਵਿਚ ਆਉਂਦਿਆਂ ਪ੍ਰਦਰਸ਼ਨਕਾਰੀ ਬੇਰੁਜ਼ਗਾਰ ਅਧਿਆਪਕਾਂ ਨੂੰ ਕਾਬੂ ਕਰ ਲਿਆ ਅਤੇ ਸਿੱਖਿਆ ਮੰਤਰੀ ਦੀਆਂ ਗੱਡੀਆਂ ਦਾ ਕਾਫ਼ਲਾ ਰਵਾਨਾ ਕੀਤਾ ਗਿਆ। ਪੁਲੀਸ ਕਰੀਬ ਅੱਧੀ ਦਰਜਨ ਬੇਰੁਜ਼ਗਾਰਾਂ ਨੂੰ ਕਾਬੂ ਕਰਕੇ ਥਾਣਾ ਸਿਟੀ ਲੈ ਗਈ। ਜ਼ਿਕਰਯੋਗ ਹੈ ਕਿ ਬੇਰੁਜ਼ਗਾਰ ਈਟੀਟੀ ਅਧਿਆਪਕ 5994 ਭਰਤੀ ਨੂੰ ਪੂਰਾ ਕਰਾਉਣ ਲਈ ਸੰਘਰਸ਼ ਦੇ ਰਾਹ ਤੇ ਹਨ। ਇੱਕ ਬੇਰੁਜ਼ਗਾਰ ਅਧਿਆਪਕ ਹਰਜੀਤ ਸਿੰਘ ਪਿਛਲੇ ਕਰੀਬ 23 ਦਿਨਾਂ ਤੋਂ ਧੂਰੀ ਵਿਖੇ ਟਾਵਰ ਉਪਰ ਡਟਿਆ ਹੋਇਆ ਹੈ ਅਤੇ ਇੱਕ ਬੇਰੁਜ਼ਗਾਰ ਅਧਿਆਪਕ ਨੇ ਟਾਵਰ ਨਜ਼ਦੀਕ ਲੱਗੇ ਮੋਰਚੇ ਦੌਰਾਨ ਲੰਘੇ ਦਿਨ ਮਰਨ ਵਰਤ ਸ਼ੁਰੂ ਕਰ ਦਿੱਤਾ ਹੈ ਜਦੋਂ ਕਿ ਬਾਕੀ ਬੇਰੁਜ਼ਗਾਰ ਅਧਿਆਪਕ ਮੋਰਚਾ ਲਗਾਈਂ ਬੈਠੇ ਹਨ। ਕੋਈ ਸੁਣਵਾਈ ਨਾ ਹੋਣ ਤੋਂ ਖਫ਼ਾ ਬੇਰੁਜ਼ਗਾਰ ਈਟੀਟੀ ਅਧਿਆਪਕਾਂ ਵਲੋਂ ਅੱਜ ਗੁਪਤ ਤਰੀਕੇ ਨਾਲ ਇਹ ਐਕਸ਼ਨ ਕੀਤਾ ਗਿਆ। ਬੇਰੁਜ਼ਗਾਰ ਪਹਿਲਾਂ ਹੀ ਤਾਕ ਵਿਚ ਸਨ ਕਿ ਜਦੋਂ ਸਿੱਖਿਆ ਮੰਤਰੀ ਸਮਾਗਮ ਦੀ ਸਮਾਪਤੀ ਮਗਰੋਂ ਰਵਾਨਾ ਹੋਣਗੇ ਤਾਂ ਘਿਰਾਓ ਕੀਤਾ ਜਾਵੇਗਾ।