ਇਟਲੀ: ਖੇਤੀਬਾੜੀ ਮਜ਼ਦੂਰਾਂ ਦੇ ਸ਼ੋਸ਼ਣ ਮਾਮਲੇ ਵਿੱਚ ਪਾਕਿਸਤਾਨੀ ਮੂਲ ਦਾ 28 ਸਾਲਾ ਖੇਤੀਬਾੜੀ ਕਾਰੋਬਾਰੀ ਗ੍ਰਿਫ਼ਤਾਰ

 
ਮਿਲਾਨ 4 ਜੁਲਾਈ (ਗੁਰਸ਼ਰਨ ਸਿੰਘ ਸੋਨੀ) ਇਟਲੀ ਦੇ ਐਮੀਲੀਆ-ਰੋਮਾਨਿਆ ਖੇਤਰ ਦੇ ਫੋਰਲੀ-ਚੇਜ਼ੇਨਾ ਅਤੇ ਰਾਵੇਨਾ ਸੂਬਿਆਂ ਵਿੱਚ ਖੇਤੀਬਾੜੀ ਮਜ਼ਦੂਰਾਂ ਦੇ ਸ਼ੋਸ਼ਣ ਦੇ ਮਾਮਲੇ ਵਿੱਚ 28 ਸਾਲਾ ਪਾਕਿਸਤਾਨੀ ਮੂਲ ਦੇ ਕਾਰੋਬਾਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਂਚ ਅਨੁਸਾਰ ਉਹ ਵਿਦੇਸ਼ੀ ਮਜ਼ਦੂਰਾਂ ਨੂੰ ਭਰਤੀ ਕਰਕੇ ਖੇਤਾਂ ਵਿੱਚ ਕੰਮ ਕਰਵਾਉਂਦਾ ਸੀ ਅਤੇ ਉਨ੍ਹਾਂ ਨੂੰ ਸਿਰਫ਼ 5 ਤੋਂ 6 ਯੂਰੋ ਪ੍ਰਤੀ ਘੰਟਾ ਮਜ਼ਦੂਰੀ ਦਿੱਤੀ ਜਾਂਦੀ ਸੀ, ਜੋ ਕਾਨੂੰਨੀ ਘੱਟੋ-ਘੱਟ ਦਰ ਨਾਲੋਂ 50% ਤੋਂ ਵੀ ਘੱਟ ਸੀ। ਮਜ਼ਦੂਰਾਂ ਨੂੰ ਭਰੀਆਂ ਹੋਈਆਂ ਵੈਨਾਂ ਵਿੱਚ ਕੰਮ ਵਾਲੀ ਥਾਂ ਤੱਕ ਲਿਜਾਇਆ ਜਾਂਦਾ ਸੀ। ਓਵਰਟਾਈਮ, ਐਤਵਾਰ ਅਤੇ ਛੁੱਟੀ ਵਾਲੇ ਦਿਨਾਂ ਦਾ ਵਾਧੂ ਭੁਗਤਾਨ ਨਹੀਂ ਕੀਤਾ ਜਾਂਦਾ ਸੀ ਅਤੇ ਬਰੇਕਾਂ ਲਈ ਵੀ ਤਨਖ਼ਾਹ ਵਿੱਚੋਂ ਕਟੌਤੀ ਕੀਤੀ ਜਾਂਦੀ ਸੀ। ਜਾਂਚ ਵਿੱਚ ਕੰਮ ਵਾਲੀ ਥਾਂ 'ਤੇ ਸੁਰੱਖਿਆ ਨਿਯਮਾਂ ਦੀ ਉਲੰਘਣਾ ਅਤੇ ਮਜ਼ਦੂਰਾਂ ਲਈ ਅਣਮਨੁੱਖੀ ਹਾਲਾਤ ਵੀ ਸਾਹਮਣੇ ਆਏ। ਬਹੁਤੇ ਮਜ਼ਦੂਰ ਰਿਸੈਪਸ਼ਨ ਸੈਂਟਰਾਂ ਤੋਂ ਸਨ ਅਤੇ ਇਤਾਲਵੀ ਭਾਸ਼ਾ ਦੀ ਘੱਟ ਜਾਣਕਾਰੀ ਹੋਣ ਕਾਰਨ ਹੋਰ ਵੀ ਜ਼ਿਆਦਾ ਕਮਜ਼ੋਰ ਸਥਿਤੀ ਵਿੱਚ ਸਨ ਦੋਸ਼ੀ ਨੂੰ ਅਦਾਲਤੀ ਹੁਕਮਾਂ ਤਹਿਤ ਜੇਲ੍ਹ ਭੇਜਿਆ ਗਿਆ ਹੈ ਅਤੇ ਮਾਮਲੇ ਦੀ ਅਗਲੀ ਜਾਂਚ ਜਾਰੀ ਹੈ। ਜਿਕਰਯੋਗ ਹੈ ਕਿ ਇਟਲੀ ਸਰਕਾਰ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਪੁਲਿਸ ਵੱਲੋਂ ਪੂਰੀ ਇਟਲੀ ਵਿੱਚ ਖਾਸ ਤੌਰ ਤੇ ਖੇਤੀਬਾੜੀ ਸੈਕਟਰਾਂ ਵਿੱਚ ਮਜ਼ਦੂਰਾਂ ਉੱਪਰ ਹੋ ਰਹੇ ਤਸ਼ੱਦਦ ਤੇ ਸ਼ੋਸ਼ਣਾਂ ਨੂੰ ਰੋਕਣ ਲਈ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਹਨ ਜਿਸ ਦੇ ਚਲਦਿਆਂ ਬਹੁਤ ਸਾਰੇ ਇਲਾਕਿਆਂ ਵਿੱਚ ਇਟਾਲੀਅਨ, ਭਾਰਤੀ, ਪਾਕਿਸਤਾਨੀ, ਬੰਗਲਾਦੇਸ਼ੀ ਆਦਿ ਖੇਤੀਬਾੜੀ ਕਾਰੋਬਾਰੀਆਂ ਤੇ ਸ਼ਿਕੰਜਾ ਕੱਸਿਆ ਗਿਆ ਹੈ ਤਾਂ ਜੋ ਮਜ਼ਦੂਰਾਂ ਤੇ ਹੋ ਰਹੇ ਸ਼ੋਸ਼ਣ ਨੂੰ ਰੋਕਿਆ ਜਾ ਸਕੇ। ਦੂਜੇ ਪਾਸੇ ਪੁਲਿਸ ਵੱਲੋਂ ਕੀਤੀਆਂ ਜਾ ਰਹੀਆਂ ਕਾਰਵਾਈਆਂ ਤੇ ਜਿੱਥੇ ਮਜ਼ਦੂਰ ਤੇ ਆਮ ਲੋਕਾਂ ਵਿੱਚ ਖੁਸ਼ੀ ਪਾਈ ਜਾ ਰਹੀ ਹੈ ਉੱਥੇ ਜਿਹੜੇ ਖੇਤੀਬਾੜੀ ਕਾਰੋਬਾਰੀਆਂ ਨੂੰ ਨਾਮੋਸੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।