ਦਿੱਲੀ-ਹਲਵਾਰਾ ਏਅਰ ਇੰਡੀਆ ਦੀ ਉਡਾਣ ਦੌਰਾਨ ਦੋਹਰੀ ਰੁਕਾਵਟ, ਤਕਨੀਕੀ ਖ਼ਰਾਬੀ ਮਗਰੋਂ ਮੌਸਮ ਨੇ ਵੀ ਪਾਈ ਅੜਚਣ

ਨਵੀਂ ਦਿੱਲੀ- ਦਿੱਲੀ ਤੋਂ ਹਲਵਾਰਾ ਲਈ ਰਵਾਨਾ ਹੋਈ ਏਅਰ ਇੰਡੀਆ ਦੀ ਉਡਾਣ AI-481 ਨੂੰ ਸ਼ਨੀਵਾਰ ਨੂੰ ਇੱਕੋ ਸਫ਼ਰ ਦੌਰਾਨ ਦੋ ਵੱਖ-ਵੱਖ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਪਹਿਲਾਂ ਜਹਾਜ਼ ਵਿੱਚ ਤਕਨੀਕੀ ਖ਼ਰਾਬੀ ਦਾ ਸੰਕੇਤ ਮਿਲਣ ਕਾਰਨ ਉਸ ਨੂੰ ਸੁਰੱਖਿਆ ਦੇ ਮੱਦੇਨਜ਼ਰ ਦਿੱਲੀ ਹਵਾਈ ਅੱਡੇ ਵਾਪਸ ਮੋੜਨਾ ਪਿਆ। ਇਸ ਤੋਂ ਬਾਅਦ ਯਾਤਰੀਆਂ ਨੂੰ ਦੂਜੇ ਜਹਾਜ਼ ਰਾਹੀਂ ਭੇਜਿਆ ਗਿਆ, ਪਰ ਹਲਵਾਰਾ ਪਹੁੰਚਣ ਸਮੇਂ ਖ਼ਰਾਬ ਮੌਸਮ ਕਾਰਨ ਲੈਂਡਿੰਗ ਵਿੱਚ ਵੀ ਦਿੱਕਤ ਆਈ।

ਜਾਣਕਾਰੀ ਅਨੁਸਾਰ, ਉਡਾਣ ਆਪਣੇ ਨਿਰਧਾਰਤ ਸਮੇਂ 'ਤੇ ਦਿੱਲੀ ਤੋਂ ਰਵਾਨਾ ਹੋਈ ਸੀ, ਪਰ ਉਡਾਣ ਭਰਨ ਤੋਂ ਕਰੀਬ 15 ਮਿੰਟ ਬਾਅਦ ਜਹਾਜ਼ ਦੇ ਸਿਸਟਮ ਵਿੱਚ ਤਕਨੀਕੀ ਗੜਬੜ ਦਾ ਸੰਕੇਤ ਮਿਲਿਆ। ਪਾਇਲਟ ਨੇ ਸੁਰੱਖਿਆ ਨੂੰ ਪਹਿਲ ਦਿੰਦਿਆਂ ਜਹਾਜ਼ ਨੂੰ ਦਿੱਲੀ ਵਾਪਸ ਲਿਜਾਣ ਦਾ ਫ਼ੈਸਲਾ ਕੀਤਾ ਅਤੇ ਜਹਾਜ਼ ਨੂੰ ਸਵੇਰੇ ਲਗਭਗ 7 ਵਜੇ ਸੁਰੱਖਿਅਤ ਉਤਾਰ ਦਿੱਤਾ ਗਿਆ।

ਇਸ ਉਪਰੰਤ ਏਅਰ ਇੰਡੀਆ ਦੀ ਤਕਨੀਕੀ ਟੀਮ ਨੇ ਜਹਾਜ਼ ਦੀ ਜਾਂਚ ਕੀਤੀ, ਜਦਕਿ ਯਾਤਰੀਆਂ ਦੀ ਸਹੂਲਤ ਲਈ ਇੱਕ ਹੋਰ ਜਹਾਜ਼ ਦਾ ਪ੍ਰਬੰਧ ਕੀਤਾ ਗਿਆ। ਨਵੀਂ ਉਡਾਣ ਸਵੇਰੇ ਕਰੀਬ 9 ਵਜੇ ਹਲਵਾਰਾ ਲਈ ਰਵਾਨਾ ਹੋਈ।

ਹਲਵਾਰਾ ਹਵਾਈ ਅੱਡੇ ਦੇ ਨੇੜੇ ਪਹੁੰਚਣ 'ਤੇ ਤੇਜ਼ ਮੀਂਹ ਅਤੇ ਖ਼ਰਾਬ ਮੌਸਮ ਕਾਰਨ ਪਹਿਲੀ ਵਾਰ ਲੈਂਡਿੰਗ ਸੰਭਵ ਨਾ ਹੋ ਸਕੀ। ਪਾਇਲਟ ਨੇ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਦਿਆਂ ਜਹਾਜ਼ ਨੂੰ ਕੁਝ ਸਮੇਂ ਲਈ ਹਵਾ ਵਿੱਚ ਹੀ ਕੰਟਰੋਲ ਹੇਠ ਰੱਖਿਆ ਅਤੇ ਮੌਸਮ ਵਿੱਚ ਸੁਧਾਰ ਦੀ ਉਡੀਕ ਕੀਤੀ। ਦੋ ਚੱਕਰ ਲਗਾਉਣ ਤੋਂ ਬਾਅਦ ਦੂਜੀ ਕੋਸ਼ਿਸ਼ ਵਿੱਚ ਜਹਾਜ਼ ਨੂੰ ਸੁਰੱਖਿਅਤ ਢੰਗ ਨਾਲ ਹਲਵਾਰਾ ਹਵਾਈ ਅੱਡੇ 'ਤੇ ਉਤਾਰ ਲਿਆ ਗਿਆ।

ਇਸ ਘਟਨਾ ਦੌਰਾਨ ਤਕਨੀਕੀ ਖ਼ਰਾਬੀ ਅਤੇ ਮੌਸਮੀ ਰੁਕਾਵਟਾਂ ਕਾਰਨ ਯਾਤਰੀਆਂ ਵਿੱਚ ਕੁਝ ਸਮੇਂ ਲਈ ਚਿੰਤਾ ਦਾ ਮਾਹੌਲ ਬਣਿਆ ਰਿਹਾ। ਹਾਲਾਂਕਿ ਪਾਇਲਟ ਅਤੇ ਏਅਰਲਾਈਨ ਵੱਲੋਂ ਸੁਰੱਖਿਆ ਨੂੰ ਪਹਿਲ ਦਿੰਦਿਆਂ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਆਪਣੀ ਮੰਜ਼ਿਲ ਤੱਕ ਪਹੁੰਚਾਇਆ ਗਿਆ।