ਇਰਾਨ ਦੇ ਸਾਬਕਾ ਸੁਪਰੀਮ ਲੀਡਰ ਅਲੀ ਖਾਮੇਨੇਈ ਨੂੰ ਅੰਤਿਮ ਵਿਦਾਈ, 100 ਤੋਂ ਵੱਧ ਦੇਸ਼ਾਂ ਦੇ ਪ੍ਰਤੀਨਿਧੀ ਤਹਿਰਾਨ ਪਹੁੰਚੇ

ਤਹਿਰਾਨ- ਇਰਾਨ ਦੇ ਸਾਬਕਾ ਸੁਪਰੀਮ ਲੀਡਰ ਆਯਤੁੱਲਾ ਅਲੀ ਖਾਮੇਨੇਈ ਦੀਆਂ ਅੰਤਿਮ ਰਸਮਾਂ ਤਹਿਰਾਨ ਵਿੱਚ ਸ਼ੁਰੂ ਹੋ ਗਈਆਂ ਹਨ। ਇਸ ਮੌਕੇ 100 ਤੋਂ ਵੱਧ ਦੇਸ਼ਾਂ ਦੇ ਪ੍ਰਤੀਨਿਧੀ ਅਤੇ ਕਈ ਵਿਦੇਸ਼ੀ ਮਹਿਮਾਨ ਸ਼ਰਧਾਂਜਲੀ ਭੇਟ ਕਰਨ ਲਈ ਪਹੁੰਚੇ ਹਨ, ਜਦਕਿ ਇਰਾਨ ਦੀ ਉੱਚ ਸਿਆਸੀ ਅਤੇ ਧਾਰਮਿਕ ਲੀਡਰਸ਼ਿਪ ਵੀ ਸਮਾਗਮ ਵਿੱਚ ਸ਼ਾਮਲ ਹੋਈ।

ਇਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਸਮੇਤ ਕਈ ਸੀਨੀਅਰ ਆਗੂਆਂ ਨੇ ਖਾਮੇਨੇਈ ਨੂੰ ਸ਼ਰਧਾਂਜਲੀ ਦਿੱਤੀ। ਹਾਲਾਂਕਿ ਉਨ੍ਹਾਂ ਦੇ ਪੁੱਤਰ ਮੋਜਤਬਾ ਖਾਮੇਨੇਈ ਸੁਰੱਖਿਆ ਕਾਰਨਾਂ ਕਰਕੇ ਸਮਾਗਮ ਵਿੱਚ ਸ਼ਾਮਲ ਨਹੀਂ ਹੋਏ।

ਸਮਾਗਮ ਵਿੱਚ ਪਾਕਿਸਤਾਨ, ਇਰਾਕ, ਅਰਮੀਨੀਆ, ਤਾਜਿਕਿਸਤਾਨ ਅਤੇ ਜਾਰਜੀਆ ਸਮੇਤ ਕਈ ਦੇਸ਼ਾਂ ਦੇ ਉੱਚ ਪੱਧਰੀ ਪ੍ਰਤੀਨਿਧੀ ਮੌਜੂਦ ਰਹੇ। ਦੂਜੇ ਪਾਸੇ ਰੂਸ, ਚੀਨ, ਭਾਰਤ ਅਤੇ ਤੁਰਕੀ ਨੇ ਆਪਣੇ ਸਿਖਰਲੇ ਆਗੂਆਂ ਦੀ ਥਾਂ ਹੇਠਲੇ ਪੱਧਰ ਦੇ ਸਰਕਾਰੀ ਪ੍ਰਤੀਨਿਧੀ ਭੇਜੇ। ਭਾਰਤ ਵੱਲੋਂ ਵਿਦੇਸ਼ ਰਾਜ ਮੰਤਰੀ ਪਬਿਤਰ ਮਾਰਗੇਰੀਟਾ ਅਤੇ ਬਿਹਾਰ ਦੇ ਰਾਜਪਾਲ ਸਈਦ ਅਤਾ ਹਸਨੈਨ ਨੇ ਦੇਸ਼ ਦੀ ਨੁਮਾਇੰਦਗੀ ਕੀਤੀ।

ਖਾਮੇਨੇਈ ਦਾ ਪਾਰਥਿਵ ਸਰੀਰ ਤਹਿਰਾਨ ਦੇ ਇਮਾਮ ਖੋਮੇਨੀ ਗ੍ਰੈਂਡ ਮੋਸੱਲਾ ਵਿੱਚ ਲੋਕਾਂ ਦੇ ਦਰਸ਼ਨਾਂ ਲਈ ਰੱਖਿਆ ਗਿਆ ਹੈ। ਅੰਤਿਮ ਯਾਤਰਾ ਤਹਿਰਾਨ ਤੋਂ ਬਾਅਦ ਕੋਮ, ਇਰਾਕ ਦੇ ਕਰਬਲਾ ਅਤੇ ਨਜਫ ਰਾਹੀਂ ਮਸ਼ਹਦ ਪਹੁੰਚੇਗੀ, ਜਿੱਥੇ 9 ਜੁਲਾਈ ਨੂੰ ਉਨ੍ਹਾਂ ਨੂੰ ਦਫ਼ਨਾਇਆ ਜਾਵੇਗਾ।

ਅੰਤਿਮ ਰਸਮਾਂ ਨੂੰ ਧਿਆਨ ਵਿੱਚ ਰੱਖਦਿਆਂ ਤਹਿਰਾਨ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਸ਼ਹਿਰ ਦੀਆਂ ਮੁੱਖ ਸੜਕਾਂ, ਸਰਕਾਰੀ ਇਮਾਰਤਾਂ ਅਤੇ ਧਾਰਮਿਕ ਸਥਾਨਾਂ 'ਤੇ ਵੱਡੀ ਗਿਣਤੀ ਵਿੱਚ ਫੌਜ ਅਤੇ ਪੁਲਿਸ ਤਾਇਨਾਤ ਕੀਤੀ ਗਈ ਹੈ। ਆਮ ਲੋਕਾਂ ਦੀ ਸਹੂਲਤ ਲਈ ਮੈਟਰੋ ਅਤੇ ਸਰਕਾਰੀ ਬੱਸ ਸੇਵਾਵਾਂ ਮੁਫ਼ਤ ਕੀਤੀਆਂ ਗਈਆਂ ਹਨ, ਜਦਕਿ ਦੂਜੇ ਸ਼ਹਿਰਾਂ ਤੋਂ ਆਉਣ ਵਾਲੇ ਸ਼ਰਧਾਲੂਆਂ ਲਈ ਵਿਸ਼ੇਸ਼ ਰੇਲਗੱਡੀਆਂ ਅਤੇ ਰਿਹਾਇਸ਼ ਦਾ ਵੀ ਪ੍ਰਬੰਧ ਕੀਤਾ ਗਿਆ ਹੈ।