ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਭਰਿਆ SIR ਫਾਰਮ, ਚੋਣ ਵਿਭਾਗ ਨੇ ਵੋਟਰਾਂ ਨੂੰ ਵੀ ਕੀਤੀ ਅਪੀਲ

ਚੰਡੀਗੜ੍ਹ,- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ Sukhbir Singh Badal ਨੇ ਪੰਜਾਬ ਵਿੱਚ ਚੱਲ ਰਹੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR)-2026 ਮੁਹਿੰਮ ਤਹਿਤ ਆਪਣਾ ਗਣਨਾ (Enumeration) ਫਾਰਮ ਭਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਪੰਜਾਬ ਦੀ ਮੁੱਖ ਚੋਣ ਅਧਿਕਾਰੀ Anindita Mitra ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਰਾਹੀਂ ਸਾਂਝੀ ਕੀਤੀ।
ਚੋਣ ਵਿਭਾਗ ਨੇ ਸੂਬੇ ਦੇ ਸਾਰੇ ਯੋਗ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬੂਥ ਲੈਵਲ ਅਫ਼ਸਰ (BLO) ਦੀ ਸਹਾਇਤਾ ਨਾਲ ਸਮੇਂ ਸਿਰ SIR ਫਾਰਮ ਭਰ ਕੇ ਵੋਟਰ ਸੂਚੀ ਦੀ ਤਸਦੀਕ ਪ੍ਰਕਿਰਿਆ ਨੂੰ ਪੂਰਾ ਕਰਨ। ਵਿਭਾਗ ਅਨੁਸਾਰ ਇਸ ਮੁਹਿੰਮ ਦਾ ਮੁੱਖ ਉਦੇਸ਼ ਵੋਟਰ ਸੂਚੀ ਨੂੰ ਸਹੀ, ਅੱਪਡੇਟ ਅਤੇ ਗਲਤੀ-ਰਹਿਤ ਬਣਾਉਣਾ ਹੈ।
ਚੋਣ ਅਧਿਕਾਰੀਆਂ ਮੁਤਾਬਕ SIR-2026 ਤਹਿਤ ਸੂਬੇ ਭਰ ਵਿੱਚ ਘਰ-ਘਰ ਜਾ ਕੇ ਵੋਟਰਾਂ ਦੀ ਜਾਣਕਾਰੀ ਦੀ ਤਸਦੀਕ ਅਤੇ ਗਣਨਾ ਫਾਰਮ ਵੰਡਣ ਦਾ ਕੰਮ ਜਾਰੀ ਹੈ। 1 ਜੁਲਾਈ ਤੱਕ ਦੇ ਅੰਕੜਿਆਂ ਅਨੁਸਾਰ, ਪੰਜਾਬ ਦੇ ਕੁੱਲ 2 ਕਰੋੜ 14 ਲੱਖ 61 ਹਜ਼ਾਰ 43 ਵੋਟਰਾਂ ਵਿੱਚੋਂ 2 ਕਰੋੜ 9 ਲੱਖ 12 ਹਜ਼ਾਰ 619 ਵੋਟਰਾਂ ਨੂੰ SIR ਫਾਰਮ ਵੰਡੇ ਜਾ ਚੁੱਕੇ ਹਨ, ਜੋ ਕਿ ਲਗਭਗ 97.44 ਫ਼ੀਸਦੀ ਬਣਦਾ ਹੈ।
ਚੋਣ ਵਿਭਾਗ ਨੇ ਦੱਸਿਆ ਕਿ ਭਰੇ ਹੋਏ ਫਾਰਮ ਇਕੱਠੇ ਕਰਨ ਅਤੇ ਉਨ੍ਹਾਂ ਨੂੰ ਡਿਜੀਟਲ ਰੂਪ ਵਿੱਚ ਦਰਜ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਚੁੱਕੀ ਹੈ। ਹਾਲਾਂਕਿ, ਹੁਣ ਤੱਕ ਜਮ੍ਹਾਂ ਹੋਏ ਫਾਰਮਾਂ ਦੀ ਅਧਿਕਾਰਤ ਗਿਣਤੀ ਜਾਰੀ ਨਹੀਂ ਕੀਤੀ ਗਈ ਹੈ। ਵਿਭਾਗ ਨੇ ਵੋਟਰਾਂ ਨੂੰ ਨਿਰਧਾਰਤ ਸਮੇਂ ਅੰਦਰ ਇਹ ਪ੍ਰਕਿਰਿਆ ਪੂਰੀ ਕਰਨ ਦੀ ਅਪੀਲ ਦੁਹਰਾਈ ਹੈ।