ਅਮਰਨਾਥ ਯਾਤਰਾ ਦਾ ਆਗਾਜ਼, ਪਹਿਲੇ ਦਿਨ 4,800 ਤੋਂ ਵੱਧ ਸ਼ਰਧਾਲੂਆਂ ਦਾ ਜਥਾ ਰਵਾਨਾ

ਸ਼੍ਰੀਨਗਰ,- ਬਾਬਾ ਅਮਰਨਾਥ ਦੀ ਸਾਲਾਨਾ ਪਵਿੱਤਰ ਯਾਤਰਾ ਸ਼ੁੱਕਰਵਾਰ ਤੋਂ ਸ਼ੁਰੂ ਹੋ ਗਈ ਹੈ। ਇਸ ਸਾਲ 28 ਅਗਸਤ ਤੱਕ ਚੱਲਣ ਵਾਲੀ ਯਾਤਰਾ ਦੌਰਾਨ ਲੱਖਾਂ ਸ਼ਰਧਾਲੂ 3,888 ਮੀਟਰ ਦੀ ਉਚਾਈ 'ਤੇ ਸਥਿਤ ਪਵਿੱਤਰ ਗੁਫ਼ਾ ਵਿੱਚ ਕੁਦਰਤੀ ਰੂਪ ਨਾਲ ਬਣੇ ਹਿਮ ਸ਼ਿਵਲਿੰਗ ਦੇ ਦਰਸ਼ਨ ਕਰਨਗੇ।

ਯਾਤਰਾ ਦੇ ਪਹਿਲੇ ਦਿਨ ਜੰਮੂ ਦੇ ਭਗਵਤੀ ਨਗਰ ਬੇਸ ਕੈਂਪ ਤੋਂ 4,822 ਸ਼ਰਧਾਲੂਆਂ ਦਾ ਪਹਿਲਾ ਜਥਾ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਰਵਾਨਾ ਕੀਤਾ ਗਿਆ। ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨ੍ਹਾ ਨੇ ਹਰੀ ਝੰਡੀ ਦੇ ਕੇ ਯਾਤਰਾ ਦੀ ਸ਼ੁਰੂਆਤ ਕਰਵਾਈ। ਸ਼ਰਧਾਲੂ 259 ਵਾਹਨਾਂ ਦੇ ਕਾਫ਼ਲੇ ਰਾਹੀਂ ਬਾਲਟਾਲ ਅਤੇ ਪਹਿਲਗਾਮ ਬੇਸ ਕੈਂਪਾਂ ਲਈ ਰਵਾਨਾ ਹੋਏ।

ਲਗਾਤਾਰ ਮੀਂਹ ਅਤੇ ਖ਼ਰਾਬ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਪ੍ਰਸ਼ਾਸਨ ਨੇ ਸ਼ਰਧਾਲੂਆਂ ਨੂੰ ਦਰਸ਼ਨ ਕਰਨ ਤੋਂ ਬਾਅਦ ਬਿਨਾਂ ਦੇਰੀ ਹੇਠਾਂ ਪਰਤਣ ਦੀ ਸਲਾਹ ਦਿੱਤੀ ਹੈ। ਯਾਤਰਾ ਮਾਰਗ 'ਤੇ ਹਰ ਦੋ ਕਿਲੋਮੀਟਰ ਬਾਅਦ ਆਕਸੀਜਨ ਬੂਥ ਸਥਾਪਤ ਕੀਤੇ ਗਏ ਹਨ, ਜਦਕਿ ਦੋਵੇਂ ਰੂਟਾਂ 'ਤੇ ਵੱਡੀਆਂ ਐਲਈਡੀ ਸਕ੍ਰੀਨਾਂ ਰਾਹੀਂ ਮੌਸਮ ਅਤੇ ਯਾਤਰਾ ਸਬੰਧੀ ਤਾਜ਼ਾ ਜਾਣਕਾਰੀ ਮੁਹੱਈਆ ਕਰਵਾਈ ਜਾ ਰਹੀ ਹੈ।

ਸ਼ਰਧਾਲੂਆਂ ਲਈ ਦੋ ਰਸਤੇ ਉਪਲਬਧ ਹਨ। ਇੱਕ 48 ਕਿਲੋਮੀਟਰ ਲੰਬਾ ਨੁਨਵਾਨ-ਪਹਿਲਗਾਮ ਮਾਰਗ ਹੈ, ਜਦਕਿ ਦੂਜਾ 14 ਕਿਲੋਮੀਟਰ ਦਾ ਛੋਟਾ ਬਾਲਟਾਲ ਮਾਰਗ ਹੈ।

ਇਸ ਦੌਰਾਨ ਮੌਸਮ ਵਿੱਚ ਸੁਧਾਰ ਤੋਂ ਬਾਅਦ ਦੂਜੇ ਦਿਨ ਸਵੇਰੇ ਭਗਵਤੀ ਨਗਰ ਬੇਸ ਕੈਂਪ ਤੋਂ 3,865 ਸ਼ਰਧਾਲੂਆਂ ਦਾ ਇੱਕ ਹੋਰ ਜਥਾ ਵੀ ਰਵਾਨਾ ਕੀਤਾ ਗਿਆ। ਇਨ੍ਹਾਂ ਵਿੱਚੋਂ 1,735 ਸ਼ਰਧਾਲੂ 115 ਵਾਹਨਾਂ ਰਾਹੀਂ ਬਾਲਟਾਲ ਅਤੇ 2,130 ਸ਼ਰਧਾਲੂ 86 ਵਾਹਨਾਂ ਰਾਹੀਂ ਪਹਿਲਗਾਮ ਰੂਟ ਲਈ ਰਵਾਨਾ ਹੋਏ।

ਪ੍ਰਸ਼ਾਸਨ ਨੇ ਪੂਰੀ ਯਾਤਰਾ ਦੌਰਾਨ ਸੁਰੱਖਿਆ, ਸਿਹਤ ਸਹੂਲਤਾਂ ਅਤੇ ਆਫ਼ਤ ਪ੍ਰਬੰਧਨ ਲਈ ਵਿਸ਼ੇਸ਼ ਪ੍ਰਬੰਧ ਕੀਤੇ ਹਨ ਤਾਂ ਜੋ ਸ਼ਰਧਾਲੂਆਂ ਦੀ ਯਾਤਰਾ ਸੁਰੱਖਿਅਤ ਅਤੇ ਸੁਚਾਰੂ ਢੰਗ ਨਾਲ ਸੰਪੰਨ ਹੋ ਸਕੇ।