ਸ੍ਰੀ ਹਰਿਮੰਦਰ ਸਾਹਿਬ ਵਿਖੇ ਕੁਝ ਸ਼ਰਧਾਲੂਆਂ ਨੇ ਮੁੱਖ ਮੰਤਰੀ ਦੀ ਤਸਵੀਰ ਵਾਲੇ ਆਈਡੀ ਕਾਰਡ ਉਤਾਰੇ, ਅਕਾਲ ਤਖ਼ਤ ਦੇ ਆਦੇਸ਼ ਮਗਰੋਂ ਦਿਖਿਆ ਅਸਰ
_04Jul26053752AM.jfif)
ਅੰਮ੍ਰਿਤਸਰ- ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਨੀਵਾਰ ਨੂੰ ਉਸ ਵੇਲੇ ਇੱਕ ਵੱਖਰਾ ਦ੍ਰਿਸ਼ ਦੇਖਣ ਨੂੰ ਮਿਲਿਆ, ਜਦੋਂ ਕੁਝ ਸਿੱਖ ਨੌਜਵਾਨਾਂ ਨੇ 'ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ' ਤਹਿਤ ਦਰਸ਼ਨਾਂ ਲਈ ਆਏ ਸ਼ਰਧਾਲੂਆਂ ਨੂੰ ਮੁੱਖ ਮੰਤਰੀ ਦੀ ਤਸਵੀਰ ਵਾਲੇ ਪਛਾਣ ਪੱਤਰ (ਆਈਡੀ ਕਾਰਡ) ਗਲੇ ਵਿੱਚ ਪਾ ਕੇ ਅੰਦਰ ਨਾ ਜਾਣ ਦੀ ਅਪੀਲ ਕੀਤੀ।
ਮਿਲੀ ਜਾਣਕਾਰੀ ਅਨੁਸਾਰ, ਇਹ ਅਪੀਲ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਪਲਾਜ਼ਾ ਕੰਪਲੈਕਸ ਵਿੱਚ ਕੀਤੀ ਗਈ। ਨੌਜਵਾਨਾਂ ਨੇ ਸ਼ਰਧਾਲੂਆਂ ਨੂੰ ਕਿਹਾ ਕਿ ਜੇਕਰ ਉਨ੍ਹਾਂ ਕੋਲ ਯੋਜਨਾ ਨਾਲ ਸਬੰਧਤ ਪਛਾਣ ਪੱਤਰ ਹਨ ਤਾਂ ਉਹ ਉਨ੍ਹਾਂ ਨੂੰ ਗਲੇ ਵਿੱਚ ਪਾਉਣ ਦੀ ਬਜਾਏ ਜੇਬ ਵਿੱਚ ਰੱਖ ਲੈਣ।
ਇਹ ਘਟਨਾਕ੍ਰਮ ਉਸ ਸਮੇਂ ਸਾਹਮਣੇ ਆਇਆ ਹੈ ਜਦੋਂ ਵਿਵਾਦਤ ਵੀਡੀਓ ਮਾਮਲੇ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਕੀਤੇ ਗਏ ਆਦੇਸ਼ ਨੂੰ ਲੈ ਕੇ ਧਾਰਮਿਕ ਅਤੇ ਸਿਆਸੀ ਪੱਧਰ 'ਤੇ ਚਰਚਾ ਜਾਰੀ ਹੈ। ਕੁਝ ਲੋਕਾਂ ਨੇ ਇਸ ਆਦੇਸ਼ ਦੇ ਹਵਾਲੇ ਨਾਲ ਸ਼ਰਧਾਲੂਆਂ ਨੂੰ ਅਜਿਹਾ ਕਰਨ ਦੀ ਅਪੀਲ ਕੀਤੀ।
ਇਸ ਦੌਰਾਨ ਕਈ ਸ਼ਰਧਾਲੂਆਂ ਨੇ ਨੌਜਵਾਨਾਂ ਦੀ ਅਪੀਲ ਮੰਨਦਿਆਂ ਆਪਣੇ ਆਈਡੀ ਕਾਰਡ ਗਲੇ ਤੋਂ ਉਤਾਰ ਕੇ ਜੇਬ ਵਿੱਚ ਰੱਖ ਲਏ, ਜਦਕਿ ਹੋਰ ਸ਼ਰਧਾਲੂ ਆਮ ਤਰ੍ਹਾਂ ਦਰਸ਼ਨਾਂ ਲਈ ਅੱਗੇ ਵਧਦੇ ਰਹੇ।
ਫਿਲਹਾਲ ਇਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸਿਵਲ ਪ੍ਰਸ਼ਾਸਨ ਵੱਲੋਂ ਕੋਈ ਅਧਿਕਾਰਤ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ। ਇਸ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨਾਂ ਅਤੇ ਹੋਰ ਧਾਰਮਿਕ ਗਤੀਵਿਧੀਆਂ ਆਮ ਵਾਂਗ ਜਾਰੀ ਰਹੀਆਂ।