* ਪ੍ਰਵਾਸੀ ਵਿਰੋਧੀ ਸਿਆਸਤ ਤੇ ਹਿੰਸਕ ਘਟਨਾਵਾਂ ਕਾਰਨ ਘੱਟਗਿਣਤੀਆਂ ਵਿਚ ਵਧਿਆ ਡਰ *ਪ੍ਰਧਾਨ ਮੰਤਰੀ ਸਟਾਰਮਰ ਨੇ ਪ੍ਰਗਟਾਈ ਚਿੰਤਾ *ਸਿਹਤ ਕਰਮਚਾਰੀਆਂ 'ਤੇ ਵੀ ਨਸਲਵਾਦ ਦੀ ਮਾਰ: ਨਰਸਾਂ ਨਾਲ ਵਿਤਕਰੇ ਦੇ ਮਾਮਲਿਆਂ ਵਿਚ 55% ਵਾਧਾ

 ਬ੍ਰਿਟੇਨ, ਜਿਸ ਨੂੰ ਦੁਨੀਆ ਭਰ ਵਿੱਚ ਵੱਖ-ਵੱਖ ਨਸਲਾਂ, ਧਰਮਾਂ ਅਤੇ ਸੱਭਿਆਚਾਰਾਂ ਦੇ ਸਫ਼ਲ ਸੁਮੇਲ ਦੀ ਇੱਕ ਉੱਤਮ ਮਿਸਾਲ ਵਜੋਂ ਦੇਖਿਆ ਜਾਂਦਾ ਰਿਹਾ ਹੈ, ਅੱਜ ਇਤਿਹਾਸ ਦੇ ਇੱਕ ਬੇਹੱਦ ਨਾਜ਼ੁਕ ਅਤੇ ਚਿੰਤਾਜਨਕ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਹਾਲੀਆ ਦਿਨਾਂ ਵਿੱਚ ਸਾਊਥੈਂਪਟਨ, ਬੇਲਫਾਸਟ ਅਤੇ ਐਡਿਨਬਰਗ ਵਰਗੇ ਸ਼ਹਿਰਾਂ ਵਿੱਚ ਹੋਈਆਂ ਨਸਲੀ ਹਿੰਸਾ ਦੀਆਂ ਘਟਨਾਵਾਂ ਅਤੇ ਅਸ਼ਵੇਤ ਤੇ ਏਸ਼ੀਆਈ ਭਾਈਚਾਰੇ ਵਿਰੁੱਧ ਵਧ ਰਹੀ ਨਫ਼ਰਤ ਇਹ ਸਾਫ਼ ਇਸ਼ਾਰਾ ਕਰਦੀ ਹੈ ਕਿ ਦੇਸ਼ ਵਿੱਚ ਨਸਲਵਾਦ ਦੀ ਬਿਮਾਰੀ ਇੱਕ ਵਾਰ ਫਿਰ ਭਿਆਨਕ ਰੂਪ ਵਿੱਚ ਸਿਰ ਚੁੱਕ ਰਹੀ ਹੈ।
ਸਾਊਥੈਂਪਟਨ ਵਿਖੇ ਇੱਕ ਬ੍ਰਿਟਿਸ਼ ਮੂਲ ਦੇ ਸਿੱਖ ਵੱਲੋਂ ਇੱਕ ਗੋਰੇ ਵਿਅਕਤੀ ਦੀ ਹੱਤਿਆ ਦੇ ਮਾਮਲੇ ਵਿੱਚ ਸਜ਼ਾ ਸੁਣਾਏ ਜਾਣ ਤੋਂ ਬਾਅਦ ਹਿੰਸਕ ਪ੍ਰਦਰਸ਼ਨ ਸ਼ੁਰੂ ਹੋ ਗਏ ਸਨ। ਇਸ ਮਾਮਲੇ ਨਾਲ ਜੁੜੀ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਸੱਜੇ-ਪੱਖੀ ਕਾਰਕੁਨਾਂ ਵੱਲੋਂ ਪ੍ਰਦਰਸ਼ਨ ਕੀਤੇ ਗਏ ਸਨ।
ਬੇਲਫਾਸਟ ਉੱਤਰੀ ਆਇਰਲੈਂਡ ਦੀ ਰਾਜਧਾਨੀ ਬੇਲਫਾਸਟ ਵਿੱਚ ਇੱਕ ਸੂਡਾਨੀ ਪ੍ਰਵਾਸੀ ਵੱਲੋਂ ਸਥਾਨਕ ਗੋਰੇ ਵਿਅਕਤੀ 'ਤੇ ਕੀਤੇ ਗਏ ਜਾਨਲੇਵਾ ਹਮਲੇ ਤੋਂ ਬਾਅਦ ਦੰਗੇ ਭੜਕ ਗਏ ਸਨ। ਨਕਾਬਪੋਸ਼ ਹਮਲਾਵਰਾਂ ਨੇ ਘੱਟਗਿਣਤੀਆਂ ਦੇ ਘਰਾਂ ਅਤੇ ਕਾਰੋਬਾਰਾਂ ਨੂੰ ਨਿਸ਼ਾਨਾ ਬਣਾਇਆ ਸੀ, ਜਿਸ ਕਾਰਨ ਕਈ ਪਰਿਵਾਰਾਂ ਨੂੰ ਆਪਣੇ ਘਰ ਛੱਡਣੇ ਪਏ ਸਨ।
ਸਕਾਟਲੈਂਡ ਵਿੱਚ ਵੀ ਇੱਕ 36 ਸਾਲਾ ਵਿਅਕਤੀ 'ਤੇ ਮੁਸਲਿਮ ਵਿਰੋਧੀ ਨਫ਼ਰਤ ਤੋਂ ਪ੍ਰੇਰਿਤ ਹੋ ਕੇ ਕਈ ਹਮਲੇ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਸੀ।
ਬੰਗਲਾਦੇਸ਼ ਤੋਂ 5 ਸਾਲ ਦੀ ਉਮਰ ਵਿੱਚ ਬ੍ਰਿਟੇਨ ਆਏ 44 ਸਾਲਾ ਮੁਸਲਿਮ ਪ੍ਰਾਈਵੇਟ ਹਾਇਰ ਡਰਾਈਵਰ ਅਲੀ ਹੈਦਰ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਇਸ ਸਮੇਂ ਹਰ ਗੈਰ-ਗੋਰੇ ਵਿਅਕਤੀ ਦੀ ਜਾਨ ਖ਼ਤਰੇ ਵਿੱਚ ਹੈ। ਅਸੀਂ ਆਪਣੀ ਵਿਰਾਸਤ ਅਤੇ ਪਛਾਣ ਨੂੰ ਪਿਆਰ ਕਰਦੇ ਹਾਂ, ਪਰ ਕਈ ਵਾਰ ਅਜਿਹੇ ਦਿਨ ਹੁੰਦੇ ਹਨ ਜਦੋਂ ਮੈਨੂੰ ਲੱਗਦਾ ਹੈ ਕਿ ਕਾਸ਼ ਮੈਂ ਆਪਣੀ ਭੂਰੀ ਚਮੜੀ ਨੂੰ ਲੁਕਾ ਸਕਦਾ।"
ਉਨ੍ਹਾਂ ਦੱਸਿਆ ਕਿ ਸਵਾਰੀਆਂ ਹੁਣ ਉਨ੍ਹਾਂ ਨੂੰ ਸਿੱਧੇ ਤੌਰ 'ਤੇ ਕਹਿੰਦੀਆਂ ਹਨ ਕਿ ਮੁਸਲਮਾਨ ਪੱਛਮੀ ਸੱਭਿਆਚਾਰ ਦੇ ਅਨੁਕੂਲ ਨਹੀਂ ਹਨ।
ਨੈੱਟਵਰਕ ਆਫ਼ ਸਿੱਖ ਆਰਗੇਨਾਈਜ਼ੇਸ਼ਨ ਦੇ ਡਿਪਟੀ ਡਾਇਰੈਕਟਰ ਹਰਦੀਪ ਸਿੰਘ ਨੇ ਦੱਸਿਆ ਕਿ ਸੋਸ਼ਲ ਮੀਡੀਆ ਹੁਣ "ਜ਼ਹਿਰ ਦਾ ਖੂਹ" ਬਣ ਚੁੱਕਾ ਹੈ। ਉਨ੍ਹਾਂ ਨੂੰ ਖੁਦ ਇੱਕ ਨਫ਼ਰਤੀ ਈਮੇਲ ਮਿਲੀ ਹੈ ਜਿਸ ਵਿੱਚ ਸਿੱਖ ਧਰਮ ਨੂੰ ਖ਼ਤਮ ਕਰਨ ਦੀ ਗੱਲ ਕਹੀ ਗਈ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਇੰਨੀ ਨਫ਼ਰਤ ਨਹੀਂ ਦੇਖੀ। ਇਹ ਸਿਰਫ਼ ਇੱਕ ਵਿਅਕਤੀ ਦਾ ਦਰਦ ਨਹੀਂ, ਬਲਕਿ ਬ੍ਰਿਟਿਸ਼ ਲੋਕਤੰਤਰ ਅਤੇ ਸਮਾਜਿਕ ਤਾਣੇ-ਬਾਣੇ ਦੇ ਮੂੰਹ 'ਤੇ ਇੱਕ ਵੱਡੀ ਚਪੇੜ ਹੈ।
ਸਿੱਖ ਸੰਸਥਾਵਾਂ ਦਾ ਮੰਨਣਾ ਹੈ ਕਿ ਇਸ ਮੌਜੂਦਾ ਸੰਕਟ ਦੀ ਜੜ੍ਹ ਸਿਰਫ਼ ਕੁਝ ਅਪਰਾਧਿਕ ਘਟਨਾਵਾਂ ਵਿੱਚ ਨਹੀਂ, ਬਲਕਿ ਉਸ ਪ੍ਰਵਾਸੀ ਵਿਰੋਧੀ ਰਾਜਨੀਤੀ ਵਿੱਚ ਹੈ, ਜਿਸ ਨੂੰ ਸਿਆਸੀ ਲਾਹੇ ਲਈ ਹਵਾ ਦਿੱਤੀ ਜਾ ਰਹੀ ਹੈ।
2016 ਦੇ ਬ੍ਰੈਗਜ਼ਿਟ ਤੋਂ ਬਾਅਦ ਸ਼ੁਰੂ ਹੋਈ ਇਹ ਖੇਡ ਹੁਣ ਸੱਜੇ-ਪੱਖੀ ਪੌਪੁਲਿਸਟ ਆਗੂਆਂ ਦੀ ਅਗਵਾਈ ਵਿੱਚ ਸਿਖਰਾਂ 'ਤੇ ਪਹੁੰਚ ਚੁੱਕੀ ਹੈ। ਨਾਇਜਲ ਫ਼ਰਾਜ ਵਰਗੇ ਨੇਤਾਵਾਂ ਵੱਲੋਂ ਵਰਤੀ ਜਾ ਰਹੀ ਭੜਕਾਊ ਭਾਸ਼ਾ ਅਤੇ ਰਿਫਾਰਮ ਯੂਕੇ ਵਰਗੀਆਂ ਪਾਰਟੀਆਂ ਦਾ ਉਭਾਰ ਸਮਾਜ ਵਿੱਚ ਵੰਡੀਆਂ ਪਾਉਣ ਦਾ ਕੰਮ ਕਰ ਰਿਹਾ ਹੈ। ਜਦੋਂ ਸਿਆਸੀ ਆਗੂ ਵੋਟਾਂ ਦੀ ਖ਼ਾਤਰ ਬਹੁਗਿਣਤੀ ਆਬਾਦੀ ਅੰਦਰ ਇਹ ਡਰ ਪੈਦਾ ਕਰਦੇ ਹਨ ਕਿ ਪ੍ਰਵਾਸੀ ਉਨ੍ਹਾਂ ਦੇ ਰੁਜ਼ਗਾਰ, ਸੱਭਿਆਚਾਰ ਅਤੇ ਸੁਰੱਖਿਆ ਲਈ ਖ਼ਤਰਾ ਹਨ, ਤਾਂ ਉਸ ਦਾ ਨਤੀਜਾ ਅਜਿਹੇ ਨਫ਼ਰਤੀ ਅਪਰਾਧਾਂ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ।
ਹੈਰਾਨੀ ਅਤੇ ਅਫ਼ਸੋਸ ਦੀ ਗੱਲ ਇਹ ਹੈ ਕਿ ਇਹ ਨਫ਼ਰਤ ਹੁਣ ਦੇਸ਼ ਦੀ ਰੀੜ੍ਹ ਦੀ ਹੱਡੀ ਮੰਨੇ ਜਾਂਦੇ ਸਿਹਤ ਖੇਤਰ ਤੱਕ ਵੀ ਪਹੁੰਚ ਚੁੱਕੀ ਹੈ। ਵਿਦੇਸ਼ੀ ਨਰਸਾਂ ਅਤੇ ਡਾਕਟਰਾਂ ਨੇ ਬ੍ਰਿਟੇਨ ਦੇ ਸਿਹਤ ਢਾਂਚੇ ਨੂੰ ਹਮੇਸ਼ਾ ਸੰਭਾਲਿਆ ਹੈ, ਪਰ ਅੱਜ ਉਨ੍ਹਾਂ ਨੂੰ ਹੀ ਨਸਲੀ ਟਿੱਪਣੀਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਰੌਇਲ ਕਾਲਜ ਆਫ਼ ਨਰਸਿੰਗ ਦੇ ਅੰਕੜੇ, ਅਨੁਸਾਰ ਸਾਲ 2022 ਤੋਂ ਬਾਅਦ ਸਿਹਤ ਕਰਮਚਾਰੀਆਂ ਨਾਲ ਹੋਣ ਵਾਲੇ ਨਸਲੀ ਵਿਤਕਰੇ ਦੇ ਮਾਮਲਿਆਂ ਵਿੱਚ 55% ਦਾ ਵਾਧਾ ਦਰਜ ਕੀਤਾ ਗਿਆ ਹੈ। ਕਈ ਵਿਦੇਸ਼ੀ ਜਾਂ ਅਸ਼ਵੇਤ ਨਰਸਾਂ ਨੂੰ ਮਰੀਜ਼ਾਂ ਵੱਲੋਂ ਇਲਾਜ ਕਰਨ ਤੋਂ ਮਨ੍ਹਾ ਕੀਤਾ ਜਾ ਰਿਹਾ ਹੈ।
ਪੁਲਿਸ ਅਨੁਸਾਰ ਇੰਗਲੈਂਡ ਅਤੇ ਵੇਲਜ਼ ਵਿੱਚ ਮਾਰਚ 2025 ਨੂੰ ਖ਼ਤਮ ਹੋਏ ਸਾਲ ਦੌਰਾਨ ਨਸਲੀ ਤੌਰ 'ਤੇ ਪ੍ਰੇਰਿਤ ਅਪਰਾਧਾਂ ਵਿੱਚ 6% ਦਾ ਵਾਧਾ ਹੋਇਆ ਹੈ, ਜਿਸ ਵਿੱਚ ਕੁੱਲ 82,490 ਘਟਨਾਵਾਂ ਦਰਜ ਕੀਤੀਆਂ ਗਈਆਂ।
ਬ੍ਰਿਟਿਸ਼ ਸੋਸ਼ਲ ਐਟੀਟਿਊਡਜ਼ ਦੇ ਸਰਵੇ ਮੁਤਾਬਕ, ਸਾਲ 2022 ਵਿੱਚ 50% ਲੋਕ ਮੰਨਦੇ ਸਨ ਕਿ ਪ੍ਰਵਾਸ ਨਾਲ ਦੇਸ਼ ਦੀ ਆਰਥਿਕਤਾ ਅਤੇ ਸੱਭਿਆਚਾਰ ਨੂੰ ਫਾਇਦਾ ਹੁੰਦਾ ਹੈ, ਪਰ 2025 ਤੱਕ ਇਹ ਅੰਕੜਾ ਘਟ ਕੇ ਸਿਰਫ਼ 32% ਰਹਿ ਗਿਆ ਹੈ।
ਬ੍ਰਿਟੇਨ ਵਿੱਚ ਸਾਲ 2023 ਦੌਰਾਨ ਰਿਕਾਰਡ 9,44,000 ਨੈੱਟ ਪ੍ਰਵਾਸ ਦਰਜ ਕੀਤਾ ਗਿਆ ਸੀ, ਜਿਸ ਨੂੰ ਸਖ਼ਤ ਨਿਯਮਾਂ ਰਾਹੀਂ 2025 ਵਿੱਚ ਘਟਾ ਕੇ 1,71,000 ਕੀਤਾ ਗਿਆ। ਇਸ ਦੇ ਬਾਵਜੂਦ, ਛੋਟੀਆਂ ਬੇੜੀਆਂ ਰਾਹੀਂ ਗੈਰ-ਕਾਨੂੰਨੀ ਤੌਰ 'ਤੇ ਆਉਣ ਵਾਲੇ ਸ਼ਰਨਾਰਥੀਆਂ ਦੀ ਗਿਣਤੀ 2025 ਵਿੱਚ 13% ਵਧ ਕੇ 41,000 ਹੋ ਗਈ।
ਸੱਜੇ-ਪੱਖੀ ਪੌਪੁਲਿਸਟ ਆਗੂ ਨਾਇਜਲ ਫ਼ਰਾਜ ਦੀ ਪਾਰਟੀ 'ਰਿਫਾਰਮ ਯੂਕੇ' ਇਸ ਮੁੱਦੇ ਨੂੰ ਲੈ ਕੇ ਸੁਰਖੀਆਂ ਵਿੱਚ ਹੈ ਅਤੇ ਉਹ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਵਿੱਚੋਂ ਕੱਢਣ ਦੀ ਵਕਾਲਤ ਕਰ ਰਹੀ ਹੈ। ਦੂਜੇ ਪਾਸੇ, ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਫ਼ਰਾਜ 'ਤੇ ਦੋਸ਼ ਲਾਇਆ ਹੈ ਕਿ ਉਹ ਦੇਸ਼ ਵਿੱਚ ਵੰਡੀਆਂ ਪਾਉਣ ਲਈ ਦੁਖਾਂਤਕ ਘਟਨਾਵਾਂ ਦਾ ਸਿਆਸੀ ਲਾਹਾ ਲੈ ਰਹੇ ਹਨ।
ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਨੇ ਵੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਪ੍ਰਵਾਸ ਪ੍ਰਣਾਲੀ ਨੂੰ ਜਲਦੀ ਠੀਕ ਨਾ ਕੀਤਾ ਗਿਆ, ਤਾਂ ਦਹਾਕਿਆਂ ਪਹਿਲਾਂ ਬ੍ਰਿਟੇਨ ਵਿੱਚ ਆ ਕੇ ਵੱਸੇ ਕਾਨੂੰਨੀ ਨਾਗਰਿਕਾਂ ਨੂੰ ਵੀ ਇਸ ਨਫ਼ਰਤ ਅਤੇ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਹਾਲਾਂਕਿ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਇਸ ਨਸਲਵਾਦ ਦੀ ਸਖ਼ਤ ਨਿੰਦਾ ਕੀਤੀ ਹੈ, ਪਰ ਸਿਰਫ਼ ਬਿਆਨਬਾਜ਼ੀ ਨਾਲ ਇਸ ਡੂੰਘੀ ਹੁੰਦੀ ਜਾ ਰਹੀ ਖੱਡ ਨੂੰ ਨਹੀਂ ਭਰਿਆ ਜਾ ਸਕਦਾ। ਬ੍ਰਿਟਿਸ਼ ਸਰਕਾਰ ਅਤੇ ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਨੂੰ ਇਹ ਸਮਝਣਾ ਹੋਵੇਗਾ ਕਿ ਪ੍ਰਵਾਸ ਪ੍ਰਣਾਲੀ ਦੀਆਂ ਕਮੀਆਂ ਨੂੰ ਸੁਧਾਰਨਾ ਇੱਕ ਪ੍ਰਸ਼ਾਸਨਿਕ ਮੁੱਦਾ ਹੈ, ਪਰ ਇਸ ਦੀ ਆੜ ਵਿੱਚ ਦੇਸ਼ ਦੇ ਕਾਨੂੰਨੀ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਦੀ ਇਜਾਜ਼ਤ ਕਿਸੇ ਨੂੰ ਨਹੀਂ ਦਿੱਤੀ ਜਾ ਸਕਦੀ।
ਗੁਰਦੁਆਰਾ ਸਿੰਘ ਸਭਾ ਡਰਬੀ ਦੇ ਪ੍ਰਧਾਨ ਰਘਬੀਰ ਸਿੰਘ ਦਾ ਕਹਿਣਾ ਹੈ ਕਿ ਬ੍ਰਿਟੇਨ ਦੀ ਖ਼ੁਸ਼ਹਾਲੀ ਅਤੇ ਵਿਕਾਸ ਵਿੱਚ ਪ੍ਰਵਾਸੀ ਪੰਜਾਬੀਆਂ ਤੇ ਸਿੱਖਾਂ ਦਾ ਖ਼ੂਨ-ਪਸੀਨਾ ਸ਼ਾਮਲ ਹੈ। ਜੇਕਰ ਬ੍ਰਿਟਿਸ਼ ਸਮਾਜ ਨੇ ਸਮਾਂ ਰਹਿੰਦੇ ਇਸ ਵਧਦੀ ਨਫ਼ਰਤ ਅਤੇ ਸੌੜੀ ਸਿਆਸਤ ਨੂੰ ਨਾ ਨਕਾਰਿਆ, ਤਾਂ ਉਹ ਨਾ ਸਿਰਫ਼ ਆਪਣੀ ਅਮਨ-ਸ਼ਾਂਤੀ ਗੁਆ ਬੈਠੇਗਾ, ਬਲਕਿ ਉਸ ਸਹਿਣਸ਼ੀਲ ਅਤੇ ਸੱਭਿਅਕ ਦੇਸ਼ ਦੀ ਪਛਾਣ ਵੀ ਹਮੇਸ਼ਾ ਲਈ ਖ਼ਤਮ ਹੋ ਜਾਵੇਗੀ ਜਿਸ ਨੂੰ ਬਣਾਉਣ ਵਿੱਚ ਦਹਾਕੇ ਲੱਗੇ ਹਨ। ਉਨ੍ਹਾਂ ਕਿਹਾ ਕਿ ਅੱਜ ਲੋੜ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕਰਨ ਅਤੇ ਭਾਈਚਾਰਕ ਸਾਂਝ ਨੂੰ ਮੁੜ ਸੁਰਜੀਤ ਕਰਨ ਦੀ ਹੈ, ਤਾਂ ਜੋ ਕੋਈ ਵੀ ਨਾਗਰਿਕ ਆਪਣੀ ਚਮੜੀ ਦੇ ਰੰਗ ਜਾਂ ਧਰਮ ਕਾਰਨ ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਨਾ ਕਰੇ।