ਫ਼ੀਫ਼ਾ ਫੁੱਟਬਾਲ ਵਿਸ਼ਵ ਕੱਪ 2026 ਦੁਨੀਆਂ ਦੀ ਸੱਭ ਤੋਂ ਵੱਡੀ ਆਬਾਦੀ ਵਾਲਾ ਭਾਰਤ ਦੁਨੀਆਂ ਦੇ ਸਭ ਤੋਂ ਵੱਡੇ ਟੂਰਨਾਮੈਂਟ ਦਾ ਹਿੱਸਾ ਕਿਉਂ ਨਹੀਂ ਬਣ ਸਕਿਆ ?

   ਦੁਨੀਆਂ ਦਾ ਸੱਭ ਤੋਂ ਵੱਡਾ ਖੇਡ ਟੂਰਨਾਮੈਂਟ ਫ਼ੀਫ਼ਾ ਫੁੱਟਬਾਲ ਵਿਸ਼ਵ ਕੱਪ ਹੁੰਦਾ ਹੈ, ਜੋ ਕਿ ਦੁਨੀਆਂ ਭਰ ਵਿੱਚ ਸਭ ਤੋਂ ਵੱਧ ਦੇਖਿਆ ਜਾਂਦਾ ਹੈ। ਪਿਛਲਾ ਫ਼ੀਫ਼ਾ ਫੁੱਟਬਾਲ ਵਿਸ਼ਵ ਕੱਪ 2022 'ਚ ਕਤਰ ਵਿੱਚ ਕਰਵਾਇਆ ਗਿਆ ਸੀ ਅਤੇ ਇਸ ਨੂੰ 5 ਅਰਬ ਤੋਂ ਵੱਧ ਲੋਕਾਂ ਨੇ ਦੇਖਿਆ ਸੀ। ਇਸ ਵਾਰ 2026 ਦਾ ਵਿਸ਼ਵ ਕੱਪ ਅਮਰੀਕਾ, ਕਨੇਡਾ ਅਤੇ ਮੈਕਸੀਕੋ ਵਿੱਚ ਖੇਡਿਆ ਜਾ ਰਿਹਾ ਹੈ, ਵਿੱਚ ਇਹ ਰਿਕਾਰਡ ਟੁੱਟਣ ਦੀ ਉਮੀਦ ਜਤਾਈ ਜਾ ਰਹੀ ਹੈ। ਦੁਨੀਆ ਦੀ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਭਾਰਤ ਕ੍ਰਿਕਟ ਵਿੱਚ ਵਿਸ਼ਵ ਸ਼ਕਤੀ ਮੰਨਿਆ ਜਾਂਦਾ ਹੈ। ਪਰ ਜਦੋਂ ਗੱਲ ਫੁੱਟਬਾਲ ਦੀ ਆਉਂਦੀ ਹੈ ਤਾਂ 1.4 ਅਰਬ ਲੋਕਾਂ ਵਾਲਾ ਇਹ ਦੇਸ਼ ਅਜੇ ਤੱਕ ਫ਼ੀਫ਼ਾ ਵਰਲਡ ਕੱਪ ਦੇ ਮੰਚ &rsquoਤੇ ਆਪਣੀ ਥਾਂ ਨਹੀਂ ਬਣਾ ਸਕਿਆ। 
ਇਹ ਸਵਾਲ ਅਕਸਰ ਖੇਡ ਪ੍ਰੇਮੀਆਂ ਦੇ ਮਨ ਵਿੱਚ ਉੱਠਦਾ ਹੈ ਕਿ ਇੰਨੀ ਵੱਡੀ ਆਬਾਦੀ ਅਤੇ ਖੇਡਾਂ ਲਈ ਜਜ਼ਬੇ ਦੇ ਬਾਵਜੂਦ ਭਾਰਤ ਫੁੱਟਬਾਲ ਵਿੱਚ ਪਿੱਛੇ ਕਿਉਂ ਹੈ?
     ਫੁੱਟਬਾਲ ਦੇ ਵਿਕਾਸ ਲਈ ਹਜ਼ਾਰਾਂ ਮੈਦਾਨ, ਉੱਚ ਪੱਧਰੀ ਕੋਚਿੰਗ ਸੈਂਟਰ ਅਤੇ ਜ਼ਮੀਨੀ ਪੱਧਰ &lsquoਤੇ ਪ੍ਰੋਗਰਾਮਾਂ ਦੀ ਲੋੜ ਹੁੰਦੀ ਹੈ। ਭਾਰਤ ਦੇ ਕਈ ਹਿੱਸਿਆਂ ਵਿੱਚ ਬੱਚਿਆਂ ਲਈ ਸਹੀ ਟ੍ਰੇਨਿੰਗ ਸਹੂਲਤਾਂ ਅਤੇ ਮਿਆਰੀ ਮੈਦਾਨਾਂ ਦੀ ਘਾਟ ਹੈ। ਨਤੀਜੇ ਵਜੋਂ ਕਈ ਪ੍ਰਤਿਭਾਵਾਂ ਸ਼ੁਰੂਆਤੀ ਪੜਾਅ ਵਿੱਚ ਹੀ ਖਤਮ ਹੋ ਜਾਂਦੀਆਂ ਹਨ। ਫੁੱਟਬਾਲ ਮਹਾਸੱਤੀਆਂ ਜਿਵੇਂ ਬ੍ਰਾਜ਼ੀਲ, ਅਰਜਨਟੀਨਾ, ਜਰਮਨੀ, ਸਪੇਨ, ਫਰਾਂਸ, ਇੰਗਲੈਂਡ ਆਦਿ ਦੇਸ਼ਾਂ ਵਿੱਚ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਪੇਸ਼ੇਵਰ ਅਕੈਡਮੀਆਂ ਨਾਲ ਜੋੜ ਦਿੱਤਾ ਜਾਂਦਾ ਹੈ। ਭਾਰਤ ਵਿੱਚ ਇਹ ਪ੍ਰਣਾਲੀ ਹਾਲੇ ਵੀ ਸੀਮਤ ਹੈ ਅਤੇ ਬਹੁਤ ਘੱਟ ਖਿਡਾਰੀ ਅੰਤਰਰਾਸ਼ਟਰੀ ਮਿਆਰ ਤੱਕ ਪਹੁੰਚਦੇ ਹਨ। ਭਾਰਤੀ ਖਿਡਾਰੀਆਂ ਨੂੰ ਉੱਚ ਪੱਧਰੀ ਅੰਤਰਰਾਸ਼ਟਰੀ ਲੀਗਾਂ ਵਿੱਚ ਖੇਡਣ ਦੇ ਮੌਕੇ ਘੱਟ ਮਿਲਦੇ ਹਨ। ਯੂਰਪ ਦੀਆਂ ਵੱਡੀਆਂ ਲੀਗਾਂ ਵਿੱਚ ਭਾਰਤੀ ਖਿਡਾਰੀਆਂ ਦੀ ਮੌਜੂਦਗੀ ਲਗਭਗ ਨਾ ਮਾਤਰ ਹੈ, ਜਿਸ ਕਾਰਨ ਉਨ੍ਹਾਂ ਨੂੰ ਵਿਸ਼ਵ ਪੱਧਰ ਦੇ ਮੁਕਾਬਲੇ ਦਾ ਅਨੁਭਵ ਨਹੀਂ ਮਿਲਦਾ। ਵਰਲਡ ਕੱਪ ਲਈ ਕੁਆਲੀਫਾਈ ਕਰਨ ਵਾਸਤੇ ਫੁੱਟਬਾਲ ਸੰਸਾਰ ਕੱਪ ਵਿੱਚ ਭਾਗ ਲੈ ਰਹੀਆਂ ਏਸ਼ੀਆ ਦੀਆਂ ਮਜ਼ਬੂਤ ਟੀਮਾਂ ਜਿਵੇਂ ਜਪਾਨ, ਦੱਖਣੀ ਕੋਰੀਆ, ਇਰਾਨ, ਕਤਰ ਅਤੇ ਸਾਉਦੀ ਅਰਬ ਨੂੰ ਹਰਾਉਣਾ ਪੈਂਦਾ ਹੈ। ਭਾਰਤ ਦੀ ਫ਼ੀਫ਼ਾ ਰੈਂਕਿੰਗ ਲੰਬੇ ਸਮੇਂ ਤੋਂ ਇਨ੍ਹਾਂ ਟੀਮਾਂ ਨਾਲੋਂ ਕਾਫ਼ੀ ਹੇਠਾਂ ਰਹੀ ਹੈ, ਜਿਸ ਕਾਰਨ ਕੁਆਲੀਫਿਕੇਸ਼ਨ ਮੁਸ਼ਕਲ ਬਣ ਜਾਂਦੀ ਹੈ। ਭਾਰਤ ਦੀ ਸਭ ਤੋਂ ਵਧੀਆ ਫ਼ੀਫ਼ਾ ਰੈਂਕਿੰਗ 1996 ਵਿੱਚ 94ਵੀਂ ਰਹੀ ਸੀ। ਭਾਰਤ ਦੀ ਤਾਜ਼ਾ ਰੈਕਿੰਗ 138ਵੀਂ ਹੈ ਅਤੇ ਏਸ਼ੀਆ ਦੀਆਂ ਸਿਖਰਲੀਆਂ ਟੀਮਾਂ ਤੋਂ ਅਜੇ ਵੀ ਕਾਫ਼ੀ ਪਿੱਛੇ ਹੈ।  
    ਸੁਨੀਲ ਛੇਤਰੀ ਨੂੰ ਭਾਰਤੀ ਫੁੱਟਬਾਲ ਦਾ ਸਭ ਤੋਂ ਵੱਡਾ ਆਧੁਨਿਕ ਖਿਡਾਰੀ ਮੰਨਿਆ ਜਾਂਦਾ ਹੈ। ਉਹ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਦੇ ਸਾਲ ਦੇ ਸਰਵੋਤਮ ਖਿਡਾਰੀ ਦਾ ਖਿਤਾਬ ਸੱਤ ਵਾਰ ਜਿੱਤ ਚੁੱਕੇ ਹਨ ਅਤੇ ਅੰਤਰਰਾਸ਼ਟਰੀ ਫੁੱਟਬਾਲ ਵਿੱਚ ਭਾਰਤ ਲਈ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀ ਹਨ। ਪਰ ਉਹ ਵੀ ਭਾਰਤ ਨੂੰ ਇਸ ਮੁਕਾਮ 'ਤੇ ਨਹੀਂ ਲਿਜਾ ਸਕੇ। ਬਹੁਤ ਘੱਟ ਲੋਕ ਜਾਣਦੇ ਹਨ ਕਿ ਭਾਰਤ ਨੂੰ 1950 ਦੇ ਫ਼ੀਫ਼ਾ ਵਰਲਡ ਕੱਪ ਲਈ ਸੱਦਾ ਮਿਲਿਆ ਸੀ। ਪਰ ਵਿੱਤੀ ਸਮੱਸਿਆਵਾਂ, ਯਾਤਰਾ ਖਰਚਿਆਂ ਅਤੇ ਤਿਆਰੀ ਦੀ ਕਮੀ ਕਾਰਨ ਭਾਰਤ ਦੀ ਟੀਮ ਨੇ ਟੂਰਨਾਮੈਂਟ ਵਿੱਚ ਹਿੱਸਾ ਨਹੀਂ ਲਿਆ। ਇਹ ਭਾਰਤੀ ਫੁੱਟਬਾਲ ਦੇ ਇਤਿਹਾਸ ਦਾ ਸਭ ਤੋਂ ਵੱਡਾ ਗੁਆਚਿਆ ਮੌਕਾ ਮੰਨਿਆ ਜਾਂਦਾ ਹੈ। ਹਾਲਾਂਕਿ ਭਾਰਤੀ ਫੁੱਟਬਾਲ ਟੀਮ 1948, 1952, 1956 ਅਤੇ 1960 ਦੀਆਂ ਉਲੰਪਿਕ ਖੇਡਾਂ ਵਿੱਚ ਖੇਡ ਚੁੱਕੀ ਹੈ ਅਤੇ 1956 ਦੀਆਂ ਮੈਲਬੌਰਨ ਉਲੰਪਿਕ ਵਿੱਚ ਸੈਮੀਫਾਈਨਲ ਤੱਕ ਦਾ ਸਫ਼ਰ ਤਹਿ ਕੀਤਾ।
     ਪਿਛਲੇ ਕੁਝ ਸਾਲਾਂ ਵਿੱਚ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਅਤੇ ਇੰਡੀਅਨ ਸੁਪਰ ਲੀਗ ਨੇ ਫੁੱਟਬਾਲ ਦੇ ਵਿਕਾਸ ਲਈ ਕਈ ਯਤਨ ਕੀਤੇ ਹਨ। ਨੌਜਵਾਨ ਅਕੈਡਮੀਆਂ, ਵਿਦੇਸ਼ੀ ਕੋਚਾਂ ਅਤੇ ਲੀਗ ਪ੍ਰਣਾਲੀ ਵਿੱਚ ਸੁਧਾਰ ਨਾਲ ਭਾਰਤੀ ਫੁੱਟਬਾਲ ਅੱਗੇ ਵੱਧ ਰਿਹਾ ਹੈ। ਹਾਲਾਂਕਿ ਮਾਹਿਰਾਂ ਦਾ ਮੰਨਣਾ ਹੈ ਕਿ ਵਰਲਡ ਕੱਪ ਤੱਕ ਪਹੁੰਚਣ ਲਈ ਭਾਰਤ ਨੂੰ ਅਜੇ ਵੀ ਕਈ ਸਾਲਾਂ ਦੀ ਲਗਾਤਾਰ ਯੋਜਨਾ, ਨਿਵੇਸ਼ ਅਤੇ ਗਰਾਸਰੂਟ ਵਿਕਾਸ ਦੀ ਲੋੜ ਹੈ।
      ਭਾਰਤ ਦਾ ਵਰਲਡ ਕੱਪ ਵਿੱਚ ਨਾ ਪਹੁੰਚਣਾ ਆਬਾਦੀ ਦੀ ਕਮੀ ਕਾਰਨ ਨਹੀਂ, ਸਗੋਂ ਫੁੱਟਬਾਲ ਢਾਂਚੇ, ਨਿਵੇਸ਼, ਯੁਵਾ ਵਿਕਾਸ ਅਤੇ ਅੰਤਰਰਾਸ਼ਟਰੀ ਮੁਕਾਬਲੇ ਦੇ ਅਨੁਭਵ ਦੀ ਘਾਟ ਕਾਰਨ ਹੈ। ਜੇਕਰ ਦੇਸ਼ ਲੰਬੇ ਸਮੇਂ ਲਈ ਸਹੀ ਰਣਨੀਤੀ &rsquoਤੇ ਕੰਮ ਕਰਦਾ ਹੈ ਤਾਂ ਆਉਣ ਵਾਲੀਆਂ ਦਹਾਕਿਆਂ ਵਿੱਚ ਭਾਰਤ ਨੂੰ ਫ਼ੀਫ਼ਾ ਵਰਲਡ ਕੱਪ ਵਿੱਚ ਦੇਖਣਾ ਅਸੰਭਵ ਨਹੀਂ ਮੰਨਿਆ ਜਾਂਦਾ।
                                                              ਹਰਜੀਤ ਸਿੰਘ ਦੁਸਾਂਝ ਪੁਆਦੜਾ