ਪੰਜਾਬ ਦੇ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਦੇ ਨਾਲ ਸਬੰਧਿਤ ਹਰਪ੍ਰੀਤ ਕੌਰ ਇਟਲੀ ਦੇ ਸਨਬੋਨੀਫਾਚੋ ਪੁਲਿਸ ਸਟੇਸ਼ਨ ਵਿੱਚ ਆਪਣੀਆਂ ਸੇਵਾਵਾਂ ਪ੍ਰਦਾਨ ਕਰੇਗੀ

 
ਰੋਮ ਇਟਲੀ 5 ਜੁਲਾਈ (ਗੁਰਸ਼ਰਨ ਸਿੰਘ ਸੋਨੀ) ਇਟਲੀ ਖਾਸ ਕਰਕੇ ਸਨਬੋਨੀਫਾਚੋ ਇਲਾਕੇ ਵਿੱਚ ਵਸਦੇ ਭਾਰਤੀ ਭਾਈਚਾਰੇ ਲਈ ਇਹ ਬਹੁਤ ਹੀ ਮਾਣ ਅਤੇ ਖੁਸ਼ੀ ਵਾਲੀ ਖਬਰ ਹੈ ਕਿ ਪੰਜਾਬ ਦੇ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਕੇ ਸਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜੱਦੀ ਪਿੰਡ ਖਟਕੜ ਕਲਾਂ ਨਾਲ਼ ਸਬੰਧਿਤ ਇਟਲੀ ਰਹਿੰਦੇ ਪਰਿਵਾਰ ਦੀ ਹੋਣਹਾਰ ਧੀ ਹਰਪ੍ਰੀਤ ਕੌਰ ਹੁਣ ਵੈਰੋਨਾ ਨੇੜਲੇ ਸਨਬੋਨੀਫਾਚੋ ਪੁਲਿਸ ਸਟੇਸ਼ਨ ਵਿਖੇ ਆਪਣੀਆਂ ਵਡਮੁੱਲੀਆਂ ਸੇਵਾਵਾਂ ਪ੍ਰਦਾਨ ਕਰੇਗੀ। ਇਟਲੀ ਪੁਲਿਸ ਵਿੱਚ ਹਰਪ੍ਰੀਤ ਕੌਰ ਦੀ ਭਰਤੀ ਸਾਲ 2022 ਵਿੱਚ ਹੋਈ ਸੀ।ਵਿੱਦਿਆ ਪੱਖੋਂ ਇਸ ਲੜਕੀ ਨੇ ਉੱਚੀ ਪੱਧਰੀ ਸਿੱਖਿਆ ਭਾਵ ਕਾਨੂੰਨਨ ਖੇਤਰ ਵਿੱਚ ਲਾਅ ਦੀ ਡਿਗਰੀ ਹਾਸਿਲ ਕੀਤੀ ਹੋਈ ਹੈ ਅਤੇ ਉਹ ਇਟਾਲੀਅਨ ਮਿਲਟਰੀ ਵਿੱਚ ਵੀ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਚੁੱਕੀ ਹੈ।ਉਹ ਖਟਕੜ ਕਲਾਂ ਪਿੰਡ ਦੇ ਸਵੱਰਗੀ ਸ:ਹਰਦੀਪ ਸਿੰਘ ਅਤੇ ਮਾਤਾ ਬਲਵਿੰਦਰ ਕੌਰ ਦੀ ਧੀ ਹੈ ਇਸ ਲੜਕੀ ਦਾ ਜਨਮ ਇਟਲੀ ਵਿੱਚ ਹੀ ਹੋਇਆ ਸੀ।ਕਈ ਔਖੀਆਂ ਅਤੇ ਸਖਤ ਪ੍ਰੀਖਿਆਵਾਂ ਵਿੱਚ ਲੰਘਦਿਆਂ ਇਸ ਹੋਣਹਾਰ ਲੜਕੀ ਹਰਪ੍ਰੀਤ ਕੌਰ ਨੇ ਆਖਿਰ ਆਪਣੇ ਸੁਪਨਿਆਂ ਨੂੰ ਸੱਚ ਕਰ ਦਿਖਾਇਆਂ ਅਤੇ ਇਟਲੀ ਦੇ ਪੁਲਿਸ ਵਿਭਾਗ ਵਿੱਚ ਨੌਕਰੀ ਹਾਸਿਲ ਕਰਕੇ ਆਪਣੇ ਮਾਤਾ ਪਿਤਾ ਦੇ ਨਾਲ ਨਾਲ਼ ਪੂਰੇ ਭਾਰਤ ਦੇਸ਼ ਦਾ ਨਾਂ ਚਮਕਾਇਆ ਹੈ।ਹਰਪ੍ਰੀਤ ਕੌਰ ਅੱਜ ਕੱਲ ਆਪਣੇ ਪਤੀ ਅਮ੍ਰਿਤਪਾਲ ਸਿੰਘ ਸੰਧੂ ਦੇ ਨਾਲ਼ ਵਿਚੈਂਸਾ ਨੇੜਲੇ ਸ਼ਹਿਰ ਆਰਜੀਨਿਆਨੋ ਵਿਖੇ ਰਹਿੰਦੀ ਹੈ।ਸ:ਅਮ੍ਰਿਤਪਾਲ ਸਿੰਘ ਸੰਧੂ ਜਲੰਧਰ ਜਿਲੇ ਦੇ ਪਿੰਡ ਤਲਵੰਡੀ ਮਾਦੋ ਸਬੰਧਿਤ ਹਨ।ਹਰਪ੍ਰੀਤ ਕੌਰ ਦੀ ਸਨਬੋਨੀਫਾਚੋ ਪੁਲਿਸ ਸਟੇਸ਼ਨ ਵਿਖੇ ਨਿਯੁਕਤੀ ਨਾਲ਼ ਜਿੱਥੇ ਭਾਰਤੀ ਭਾਈਚਾਰੇ ਅੰਦਰ ਖੁਸ਼ੀ ਦੀ ਲਹਿਰ ਦਿਖਾਈ ਦੇ ਰਹੀ ਹੈ,ਉੱਥੇ ਸ਼ਹਿਰ ਦੇ ਨਵੇਂ ਨਵੇਂ ਬਣੇ ਮੇਅਰ ਲਿਓਨਾਰਦੋ ਫਰੀਗੋ ਸਮੇਤ ਅਨੇਕਾਂ ਇਟਾਲੀਅਨ ਸ਼ਖਸ਼ੀਅਤਾਂ ਅਤੇ ਉੱਚ ਅਧਿਕਾਰੀਆਂ ਨੇ ਹਰਪ੍ਰੀਤ ਕੌਰ ਦੀ ਇਸ ਨਿਯੁਕਤੀ ਦਾ ਭਰਪੂਰ ਸੁਆਗਤ ਕਰਦਿਆਂ ਅਥਾਂਹ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਜਿਕਰਯੋਗ ਹੈ ਇਸ ਤੋ ਪਹਿਲਾਂ ਵੀ ਇਟਲੀ ਵਿੱਚ ਵਸਦੇ ਭਾਰਤੀ ਭਾਈਚਾਰੇ ਦੇ ਬੱਚਿਆਂ ਵੱਲੋਂ ਸਰਕਾਰੀ ਤੇ ਗੈਰ ਸਰਕਾਰੀ ਅਦਾਰਿਆਂ ਵਿੱਚ ਉੱਚ ਵਿੱਦਿਆ ਹਾਸਲ ਕਰਕੇ ਨੌਕਰੀਆਂ ਪ੍ਰਾਪਤ ਕਰ ਕੇ ਸੇਵਾਵਾਂ ਨਿਭਾ ਰਹੇ ਹਨ ਤੇ ਉਨ੍ਹਾਂ ਲੋਕਾਂ ਦੇ ਮੂੰਹ ਬੰਦ ਕਰ ਦਿੱਤੇ ਹਨ ਜੋ ਇਟਲੀ ਵਾਰੇ ਕਦੇ ਮੰਦਾ ਚੰਗਾ ਬੋਲਦੇ ਸਨ ਕਿ ਇਟਲੀ ਵਿੱਚ ਬੱਚਿਆਂ ਦਾ ਭਵਿੱਖ ਬਹੁਤਾ ਚੰਗਾ ਨਹੀਂ ਹੈ ਪਰ ਬੱਚਿਆਂ ਦਾ ਭਵਿੱਖ ਮਾਪਿਆਂ ਦੇ ਸਹਿਯੋਗ ਨਾਲ ਬਣਦਾ ਹੈ ਤਾਂ ਹੀ ਬੱਚੇ ਚੰਗੀ ਉੱਚ ਵਿੱਦਿਆ ਹਾਸਲ ਕਰ ਸਕਦੇ ਹਨ ਤੇ ਚੰਗੀਆਂ ਨੌਕਰੀਆਂ ਪ੍ਰਾਪਤ ਕਰ ਸਕਦੇ ਹਨ ।