ਹਿੰਦੂ, ਸਿੱਖ ਤੇ ਮੁਸਲਿਮ ਭਾਈਚਾਰੇ ਵਿਰੁੱਧ ਟਿੱਪਣੀ ਕਰਨ ਵਾਲੇ ਬ੍ਰਾਇਨ ਟੈਮਾਕੀ ਦੇ ਹਥਿਆਰ ਜ਼ਬਤ *ਸਿੱਖ ਭਾਈਚਾਰਾ ਨੇ ਨਿਊਜ਼ੀਲੈਂਡ ਦੇ ਸੰਸਦ ਮੈਂਬਰਾਂ ਤੋਂ ਕੀਤੀ ਸਖ਼ਤ ਕਾਨੂੰਨ ਦੀ ਮੰਗ

 
ਨਿਊਜ਼ੀਲੈਂਡ ਵਿੱਚ ਡੇਸਟਿਨੀ ਚਰਚ ਦੇ ਮੁਖੀ ਬ੍ਰਾਇਨ ਟੈਮਾਕੀ ਦੇ ਹਥਿਆਰ ਜ਼ਬਤ ਕੀਤੇ ਜਾਣ ਅਤੇ ਉਨ੍ਹਾਂ ਦਾ ਫਾਇਰਆਰਮ ਲਾਇਸੈਂਸ ਮੁਅੱਤਲ ਕੀਤੇ ਜਾਣ ਦੀ ਘਟਨਾ ਨੇ ਦੇਸ਼ ਵਿੱਚ ਬੋਲਣ ਦੀ ਆਜ਼ਾਦੀ, ਨਫ਼ਰਤ ਭਰੇ ਭਾਸ਼ਣ ਅਤੇ ਸਮਾਜਿਕ ਸਦਭਾਵਨਾ ਦੇ ਗੰਭੀਰ ਸਵਾਲਾਂ ਨੂੰ ਮੁੜ ਸੁਰਖੀਆਂ ਵਿੱਚ ਲਿਆ ਦਿੱਤਾ ਹੈ। ਪੁਲਿਸ ਅਤੇ ਫਾਇਰਆਰਮਜ਼ ਸੇਫਟੀ ਅਥਾਰਟੀ ਵੱਲੋਂ ਚੁੱਕਿਆ ਗਿਆ ਇਹ ਕਦਮ ਸਪੱਸ਼ਟ ਕਰਦਾ ਹੈ ਕਿ ਸਰਕਾਰ ਜਨਤਕ ਸੁਰੱਖਿਆ ਅਤੇ ਸਮਾਜਿਕ ਭਾਈਚਾਰੇ ਨੂੰ ਖ਼ਤਰੇ ਵਿੱਚ ਪਾਉਣ ਵਾਲੀ ਬਿਆਨਬਾਜ਼ੀ ਨੂੰ ਬਰਦਾਸ਼ਤ ਨਹੀਂ ਕਰੇਗੀ।
ਬ੍ਰਾਇਨ ਟੈਮਾਕੀ ਨੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਗਈ ਵੀਡੀਓ ਵਿੱਚ ਹਿੰਦੂ, ਸਿੱਖ ਅਤੇ ਮੁਸਲਿਮ ਭਾਈਚਾਰਿਆਂ ਦੇ 'ਸਫ਼ਾਏ' ਅਤੇ ਉਨ੍ਹਾਂ ਦੇ ਧਾਰਮਿਕ ਸਥਾਨਾਂ ਨੂੰ ਨੁਕਸਾਨ ਪਹੁੰਚਾਉਣ ਦੀ ਗੱਲ ਕੀਤੀ ਸੀ। ਹਾਲਾਂਕਿ ਟੈਮਾਕੀ ਨੇ ਆਪਣੀ ਸਫ਼ਾਈ ਵਿੱਚ ਕਿਹਾ ਸੀ ਕਿ ਉਨ੍ਹਾਂ ਦੇ ਸ਼ਬਦਾਂ ਦਾ ਮਤਲਬ ਹਿੰਸਾ ਨਹੀਂ ਬਲਕਿ ਦੇਸ਼ ਨਿਕਾਲਾ ਸੀ, ਪਰ ਲੋਕਤੰਤ੍ਰਿਕ ਦੇਸ਼ਾਂ ਵਿੱਚ ਅਜਿਹੀ ਭਾਸ਼ਾ ਵੀ ਕਿਸੇ ਭਾਈਚਾਰੇ ਵਿਰੁੱਧ ਨਫ਼ਰਤ ਅਤੇ ਡਰ ਦਾ ਮਾਹੌਲ ਪੈਦਾ ਕਰਨ ਲਈ ਕਾਫ਼ੀ ਹੁੰਦੀ ਹੈ। ਖ਼ਾਸਕਰ ਜਦੋਂ ਕੋਈ ਜਨਤਕ ਪ੍ਰਭਾਵ ਰੱਖਣ ਵਾਲਾ ਵਿਅਕਤੀ ਅਜਿਹੀ ਬਿਆਨਬਾਜ਼ੀ ਕਰਦਾ ਹੈ, ਤਾਂ ਉਸ ਦੇ ਸਮਰਥਕਾਂ ਵੱਲੋਂ ਹਿੰਸਕ ਕਾਰਵਾਈਆਂ ਦਾ ਖ਼ਤਰਾ ਕਈ ਗੁਣਾ ਵਧ ਜਾਂਦਾ ਹੈ।
ਇਸ ਮਾਮਲੇ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਗਾਮੀ ਨਿਊਜ਼ੀਲੈਂਡ ਫੇਰੀ ਨਾਲ ਜੋੜ ਕੇ ਟੈਮਾਕੀ ਵਲੋ ਰਾਜਨੀਤਿਕ ਰੰਗਤ ਦੇਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ। ਟੈਮਾਕੀ ਦਾ ਇਹ ਦਾਅਵਾ ਕਿ ਸਰਕਾਰ ਭਾਰਤ ਨੂੰ ਖੁਸ਼ ਕਰਨ ਲਈ ਇਹ ਸਭ ਕਰ ਰਹੀ ਹੈ। ਉਨ੍ਹਾਂ ਨੇ ਪੁਲਿਸ ਦੇ ਇਸ ਨੋਟਿਸ ਨੂੰ "ਡਿਪਲੋਮੈਟਿਕ ਲਵ ਲੈਟਰ" (ਰਾਜਨੀਤਿਕ ਪ੍ਰੇਮ ਪੱਤਰ) ਦੱਸਿਆ ਹੈ।
ਟੈਮਾਕੀ ਦੇ ਇਸ ਬਿਆਨ ਦੀ ਨਿਊਜ਼ੀਲੈਂਡ ਦੇ ਵੱਖ-ਵੱਖ ਧਾਰਮਿਕ ਅਤੇ ਨਸਲੀ ਸੰਗਠਨਾਂ ਵੱਲੋਂ ਸਖ਼ਤ ਨਿਖੇਧੀ ਕੀਤੀ ਗਈ ਹੈ। 'ਫੈਡਰੇਸ਼ਨ ਆਫ ਇਸਲਾਮਿਕ ਐਸੋਸੀਏਸ਼ਨਜ਼', 'ਨਿਊਜ਼ੀਲੈਂਡ ਸੈਂਟਰਲ ਸਿੱਖ ਐਸੋਸੀਏਸ਼ਨ' ਅਤੇ 'ਨਿਊਜ਼ੀਲੈਂਡ ਇੰਡੀਅਨ ਸੈਂਟਰਲ ਐਸੋਸੀਏਸ਼ਨ' ਨੇ ਇਸ ਦਾ ਤਿੱਖਾ ਵਿਰੋਧ ਕੀਤਾ ਹੈ।
ਨਸਲੀ ਭਾਈਚਾਰਿਆਂ ਦੇ ਮੰਤਰੀ ਮਾਰਕ ਮਿਸ਼ੇਲ ਨੇ ਟੈਮਾਕੀ ਨੂੰ ਇੱਕ "ਡਰਪੋਕ ਗੁੰਡਾ" ਦੱਸਿਆ, ਜਦਕਿ ਰੇਸ ਰਿਲੇਸ਼ਨਜ਼ ਕਮਿਸ਼ਨਰ ਮੇਲਿਸਾ ਡਰਬੀ ਨੇ ਇਸ ਬਿਆਨ 'ਤੇ ਡੂੰਘੇ ਦੁੱਖ ਅਤੇ ਹੈਰਾਨੀ ਦਾ ਪ੍ਰਗਟਾਵਾ ਕੀਤਾ।
ਇਥੇ ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਦੀ ਪਛਾਣ ਦੁਨੀਆ ਭਰ ਵਿੱਚ ਇੱਕ ਸ਼ਾਂਤੀਪੂਰਨ, ਬਹੁ-ਸੱਭਿਆਚਾਰਕ ਅਤੇ ਸਹਿਣਸ਼ੀਲ ਸਮਾਜ ਵਜੋਂ ਹੈ। ਇਸ ਦੇਸ਼ ਨੇ ਪਹਿਲਾਂ ਵੀ ਕਈ ਨਸਲੀ ਅਤੇ ਧਾਰਮਿਕ ਚੁਣੌਤੀਆਂ ਦਾ ਸਾਹਮਣਾ ਬੜੀ ਸੰਵੇਦਨਸ਼ੀਲਤਾ ਅਤੇ ਸਖ਼ਤੀ ਨਾਲ ਕੀਤਾ ਹੈ। ਸਿੱਖ, ਹਿੰਦੂ ਅਤੇ ਮੁਸਲਿਮ ਭਾਈਚਾਰਿਆਂ ਦੇ ਆਗੂਆਂ ਦੇ ਨਾਲ-ਨਾਲ ਦੇਸ਼ ਦੇ ਮੰਤਰੀਆਂ ਅਤੇ ਨਸਲੀ ਸਬੰਧਾਂ ਦੇ ਕਮਿਸ਼ਨਰ ਵੱਲੋਂ ਇਸ ਬਿਆਨ ਦੀ ਇਕਸੁਰ ਵਿੱਚ ਨਿੰਦਾ ਕਰਨਾ ਸਾਬਤ ਕਰਦਾ ਹੈ ਕਿ ਸਮਾਜ ਦਾ ਵੱਡਾ ਹਿੱਸਾ ਨਫ਼ਰਤ ਦੀ ਰਾਜਨੀਤੀ ਨੂੰ ਪੂਰੀ ਤਰ੍ਹਾਂ ਨਕਾਰਦਾ ਹੈ।
ਨਿਊਜ਼ੀਲੈਂਡ ਦੇ ਸਿੱਖ ਭਾਈਚਾਰੇ ਦਾ ਮੰਨਣਾ ਹੈ ਕਿ ਇਹ ਘਟਨਾ ਨਿਊਜ਼ੀਲੈਂਡ ਦੇ ਸਿਆਸਤਦਾਨਾਂ ਅਤੇ ਕਾਨੂੰਨ ਘੜਨ ਵਾਲਿਆਂ ਲਈ ਵੀ ਇੱਕ ਸੁਨੇਹਾ ਹੈ। ਦੇਸ਼ ਵਿੱਚ ਨਫ਼ਰਤ ਭਰੇ ਭਾਸ਼ਣ ਅਤੇ ਹਿੰਸਾ ਨੂੰ ਉਕਸਾਉਣ ਵਿਰੁੱਧ ਕਾਨੂੰਨਾਂ ਨੂੰ ਹੋਰ ਮਜ਼ਬੂਤ ਕਰਨ ਦੀ ਮੰਗ ਲੰਬੇ ਸਮੇਂ ਤੋਂ ਹੋ ਰਹੀ ਹੈ, ਜਿਸ 'ਤੇ ਸਿਆਸੀ ਪਾਰਟੀਆਂ ਨੂੰ ਮੱਤਭੇਦ ਭੁਲਾ ਕੇ ਇਕਜੁੱਟ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਨਿਊਜ਼ੀਲੈਂਡ ਵਿੱਚ ਨਫ਼ਰਤ ਭਰੇ ਭਾਸ਼ਣ ਅਤੇ ਹਿੰਸਾ ਨੂੰ ਉਕਸਾਉਣ ਵਿਰੁੱਧ ਕਾਨੂੰਨਾਂ ਨੂੰ ਹੋਰ ਮਜ਼ਬੂਤ ਤੇ ਸਖ਼ਤ ਬਣਾਇਆ ਜਾਵੇ, ਤਾਂ ਜੋ ਭਵਿੱਖ ਵਿੱਚ ਕੋਈ ਵੀ ਅਜਿਹੀ ਬਿਆਨਬਾਜ਼ੀ ਨਾ ਕਰ ਸਕੇ।
ਨਿਊਜ਼ੀਲੈਂਡ ਸੈਂਟਰਲ ਸਿੱਖ ਐਸੋਸੀਏਸ਼ਨ' ਦਾ ਕਹਿਣਾ ਹੈ ਕਿ
'ਬੋਲਣ ਦੀ ਆਜ਼ਾਦੀ' ਇੱਕ ਬਹੁਤ ਵੱਡਾ ਅਧਿਕਾਰ ਹੈ, ਪਰ ਇਹ ਆਜ਼ਾਦੀ ਕਿਸੇ ਦੂਜੇ ਨੂੰ ਜਿਊਣ ਅਤੇ ਆਪਣੇ ਧਰਮ ਦਾ ਪਾਲਣ ਕਰਨ ਦੀ ਆਜ਼ਾਦੀ ਖੋਹਣ ਦਾ ਹੱਕ ਨਹੀਂ ਦਿੰਦੀ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦਾ ਇਹ ਕਦਮ ਸ਼ਲਾਘਾਯੋਗ ਹੈ, ਜੋ ਇਹ ਯਾਦ ਦਿਵਾਉਂਦਾ ਹੈ ਕਿ ਅਮਨ-ਕਾਨੂੰਨ ਦੀ ਨਜ਼ਰ ਵਿੱਚ ਸਭ ਬਰਾਬਰ ਹਨ ਅਤੇ ਸਮਾਜਿਕ ਸਾਂਝ ਨੂੰ ਤੋੜਨ ਦੀ ਕਿਸੇ ਵੀ ਕੋਸ਼ਿਸ਼ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ।
ਪੁਲਿਸ ਅਤੇ ਫਾਇਰਆਰਮਜ਼ ਸੇਫਟੀ ਅਥਾਰਟੀ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਫਿਲਹਾਲ ਕਿਸੇ ਵਿਅਕਤੀਗਤ ਕੇਸ 'ਤੇ ਜ਼ਿਆਦਾ ਟਿੱਪਣੀ ਨਹੀਂ ਕੀਤੀ ਜਾ ਸਕਦੀ।