*ਸਕਾਟਲੈਂਡ ਦੀ ਸਟ੍ਰਲਿੰਗ ਯੂਨੀਵਰਸਿਟੀ ਤੋਂ ਭਾਰਤੀ ਵਿਦਿਆਰਥਣ ਅਰਮਾਨਪ੍ਰੀਤ ਨੇ ਅੱਵਲ ਦਰਜੇ ਨਾਲ ਡਿਗਰੀ ਹਾਸਲ ਕੀਤੀ*

 ਗਲਾਸਗੋ,(ਹਰਜੀਤ ਸਿੰਘ ਦੁਸਾਂਝ) - ਸਕਾਟਲੈਂਡ ਦੀ ਸਟ੍ਰਲਿੰਗ ਯੂਨੀਵਰਸਿਟੀ ਵਿੱਚ ਪੜ੍ਹ ਰਹੀ ਭਾਰਤੀ ਵਿਦਿਆਰਥਣ ਅਰਮਾਨਪ੍ਰੀਤ ਕੌਰ ਨੇ ਆਪਣੀ ਮਿਹਨਤ ਅਤੇ ਸਮਰਪਣ ਨਾਲ ਬੈਚਲਰ ਆਫ ਆਰਟਸ (ਆਨਰਜ਼) ਬਿਜ਼ਨਸ ਸਟਡੀਜ਼ ਵਿੱਚ ਅੱਵਲ ਦਰਜੇ ਨਾਲ ਡਿਗਰੀ ਪ੍ਰਾਪਤ ਕੀਤੀ ਹੈ। ਯੂਨੀਵਰਸਿਟੀ ਦੇ ਵਿਦੇਸ਼ੀ ਵਿਦਿਆਰਥੀਆਂ ਵਿੱਚੋਂ ਉਸਨੇ ਪਹਿਲਾ ਸਥਾਨ ਪ੍ਰਾਪਤ ਕੀਤਾ। 

          ਉਸਨੇ ਆਪਣੇ ਕੋਰਸ ਵਿੱਚ ਪਹਿਲਾ ਗ੍ਰੇਡ ਹਾਸਲ ਕੀਤਾ, ਜਿਸ ਵਿੱਚ ਉਸ ਦੀ ਖੋਜ ਦਾ ਵਿਸ਼ਾ ਸੀ &ldquoਅਨਿਸ਼ਚਿਤਤਾ ਦੀਆਂ ਸਥਿਤੀਆਂ ਵਿੱਚ ਛੋਟੇ ਅਤੇ ਦਰਮਿਆਨੇ ਉਦਯੋਗਾਂ ਦੇ ਨੇਤਾਵਾਂ ਲਈ ਨਿਊਰੋਲੀਡਰਸ਼ਿਪ ਦੇ ਸਿਧਾਂਤ ਫ਼ੈਸਲਾ ਲੈਣ ਦੀ ਪ੍ਰਕਿਰਿਆ ਨੂੰ ਕਿਵੇਂ ਬਿਹਤਰ ਬਣਾ ਸਕਦੇ ਹਨ?&rdquo। ਇਸ ਅਧਿਐਨ ਵਿੱਚ ਉਸ ਨੇ ਇਹ ਸਮਝਣ ਦੀ ਕੋਸ਼ਿਸ਼ ਕੀਤੀ ਕਿ ਨਿਊਰੋਸਾਇੰਸ ਅਧਾਰਿਤ ਲੀਡਰਸ਼ਿਪ ਤਰੀਕੇ ਕਿਵੇਂ ਕਾਰੋਬਾਰੀ ਅਣਿਸ਼ਚਿਤਤਾ ਵਿੱਚ ਬਿਹਤਰ ਫ਼ੈਸਲੇ ਕਰਨ ਵਿੱਚ ਮਦਦਗਾਰ ਹੋ ਸਕਦੇ ਹਨ।
    ਅਰਮਾਨਪ੍ਰੀਤ ਨੇ ਆਪਣੀ ਪੜ੍ਹਾਈ ਦੇ ਨਾਲ-ਨਾਲ ਯੂਨੀਵਰਸਿਟੀ ਦੀਆਂ ਵੱਖ-ਵੱਖ ਸਿੱਖਿਆਕ ਅਤੇ ਵਿਦਿਆਰਥੀ ਸੋਸਾਇਟੀਆਂ ਵਿੱਚ ਵੀ ਸਰਗਰਮ ਭੂਮਿਕਾ ਨਿਭਾਈ। ਉਸ ਨੇ ਕਈ ਸਮਾਗਮਾਂ, ਵਿਦਿਆਰਥੀ ਪ੍ਰੋਜੈਕਟਾਂ ਅਤੇ ਟੀਮ ਗਤੀਵਿਧੀਆਂ ਦੇ ਆਯੋਜਨ ਵਿੱਚ ਯੋਗਦਾਨ ਪਾਇਆ ਅਤੇ ਲੀਡਰਸ਼ਿਪ ਦੀਆਂ ਜ਼ਿੰਮੇਵਾਰੀਆਂ ਵੀ ਸੰਭਾਲੀਆਂ।
    ਅਰਮਾਨਪ੍ਰੀਤ ਦੇ ਯੂਨੀਵਰਸਿਟੀ ਵਿੱਚ ਅਣਮੁੱਲੇ ਯੋਗਦਾਨ ਲਈ ਉਸ ਨੂੰ ਯੂਨੀਵਰਸਿਟੀ ਦੇ &lsquoਸਾਲਟਾਇਰ ਪੁਰਸਕਾਰ&rsquo ਨਾਲ ਵੀ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਉਸ ਨੇ ਸਕਾਟਲੈਂਡ ਦੇ ਛੋਟੇ ਅਤੇ ਦਰਮਿਆਨੇ ਉਦਯੋਗਾਂ ਨਾਲ ਜੁੜੀਆਂ ਅਸਲ ਕਾਰੋਬਾਰੀ ਸਮੱਸਿਆਵਾਂ ਉੱਤੇ ਕੰਮ ਕਰਕੇ ਵਿਹਾਰਕ ਤਜਰਬਾ ਵੀ ਪ੍ਰਾਪਤ ਕੀਤਾ।
    ਇਸ ਸ਼ਾਨਦਾਰ ਉਪਲਬਧੀ ਨਾਲ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਢਿੱਲਵਾਂ ਕਸਬੇ ਦੀ ਰਹਿਣ ਵਾਲੀ ਅਰਮਾਨਪ੍ਰੀਤ ਕੌਰ ਨੇ ਨਾ ਸਿਰਫ਼ ਆਪਣੀ ਮਾਤਾ ਰਣਜੀਤ ਕੌਰ ਢਿੱਲੋਂ ਅਤੇ ਪਿਤਾ ਕਿਰਪਾਲ ਸਿੰਘ ਢਿੱਲੋਂ ਨਾਮ ਰੌਸ਼ਨ ਕੀਤਾ, ਸਗੋਂ ਵਿਦੇਸ਼ਾਂ ਵਿੱਚ ਭਾਰਤ ਦਾ ਮਾਣ ਵਧਾਇਆ ਹੈ ।
ਤਸਵੀਰ: ਅਰਮਾਨਪ੍ਰੀਤ ਕੌਰ ਡਿਗਰੀ ਹਾਸਲ ਕਰਨ ਉਪਰੰਤ