ਫ਼ਿਲਮ 'ਸਤਲੁਜ' 'ਤੇ ਪਾਬੰਦੀ ਦਾ ਮਾਮਲਾ: ਹਰਸਿਮਰਤ ਕੌਰ ਬਾਦਲ ਨੇ 'ਆਪ' ਸਰਕਾਰ 'ਤੇ ਸਾਧਿਆ ਤਿੱਖਾ ਨਿਸ਼ਾਨਾ

ਮਾਨਸਾ: ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਅਤੇ ਬਠਿੰਡਾ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਆਮ ਆਦਮੀ ਪਾਰਟੀ (ਆਪ) ਦੀ ਅਗਵਾਈ ਵਾਲੀ ਪੰਜਾਬ ਸਰਕਾਰ 'ਤੇ ਵੱਡੇ ਸਿਆਸੀ ਦੋਸ਼ ਲਾਏ ਹਨ। ਸੋਮਵਾਰ ਨੂੰ ਮਾਨਸਾ ਜ਼ਿਲ੍ਹੇ ਵਿੱਚ ਵੱਖ-ਵੱਖ ਜਨਤਕ ਇਕੱਠਾਂ ਨੂੰ ਸੰਬੋਧਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦਾਅਵਾ ਕੀਤਾ ਕਿ 'ਆਪ' ਸਰਕਾਰ ਨੇ ਇੱਕ ਪ੍ਰਮੁੱਖ ਓ.ਟੀ.ਟੀ. (OTT) ਪਲੇਟਫਾਰਮ ਤੋਂ ਫ਼ਿਲਮ 'ਸਤਲੁਜ' ਨੂੰ ਹਟਵਾਉਣ ਲਈ ਕੇਂਦਰ ਸਰਕਾਰ ਤੱਕ ਪਹੁੰਚ ਕੀਤੀ ਹੈ।

ਅਕਾਲੀ ਆਗੂ ਨੇ ਇਸ ਫ਼ਿਲਮ ਦੇ ਪ੍ਰਸਾਰਣ 'ਤੇ ਲਾਈਆਂ ਗਈਆਂ ਸਾਰੀਆਂ ਰੋਕਾਂ ਅਤੇ ਪਾਬੰਦੀਆਂ ਨੂੰ ਤੁਰੰਤ ਖ਼ਤਮ ਕਰਨ ਦੀ ਮੰਗ ਕੀਤੀ ਹੈ।

ਮੀਡੀਆ ਨਾਲ ਗੱਲਬਾਤ ਦੌਰਾਨ ਹਰਸਿਮਰਤ ਕੌਰ ਬਾਦਲ ਨੇ ਆਖਿਆ ਕਿ ਮੌਜੂਦਾ ਸਰਕਾਰ ਦਾ ਇਹ ਕਦਮ ਬੇਹੱਦ ਚਿੰਤਾਜਨਕ ਹੈ। ਉਨ੍ਹਾਂ ਦੋਸ਼ ਲਾਇਆ ਕਿ 'ਆਪ' ਸਰਕਾਰ ਸਿੱਖ ਜਗਤ ਅਤੇ ਪੰਜਾਬੀ ਭਾਈਚਾਰੇ ਦੀਆਂ ਭਾਵਨਾਵਾਂ ਦੇ ਉਲਟ ਭੁਗਤ ਰਹੀ ਹੈ।

ਉਨ੍ਹਾਂ ਅੱਗੇ ਕਿਹਾ ਕਿ ਇਹ ਫ਼ਿਲਮ ਦੁਨੀਆ ਨੂੰ ਉਸ ਭਿਆਨਕ ਦੌਰ ਦੇ ਸੱਚ ਤੋਂ ਜਾਣੂ ਕਰਵਾਉਣਾ ਚਾਹੁੰਦੀ ਹੈ, ਜਦੋਂ ਕਾਂਗਰਸ ਸ਼ਾਸਨ ਦੌਰਾਨ ਪੰਜਾਬ ਦੇ ਨੌਜਵਾਨਾਂ ਦੀ ਇੱਕ ਪੂਰੀ ਪੀੜ੍ਹੀ ਨੂੰ ਕਥਿਤ ਤੌਰ 'ਤੇ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਬਾਦਲ ਮੁਤਾਬਕ ਅਜਿਹੇ ਸੱਚ ਨੂੰ ਦਬਾਉਣ ਦੀ ਕੋਸ਼ਿਸ਼ ਕਰਕੇ ਸਰਕਾਰ ਸਿੱਖ ਮਾਨਸਿਕਤਾ ਨੂੰ ਠੇਸ ਪਹੁੰਚਾ ਰਹੀ ਹੈ।