ਉੱਤਰਾਖੰਡ 'ਚ ਮੌਨਸੂਨ ਦੀ ਦਸਤਕ: ਸ੍ਰੀ ਹੇਮਕੁੰਟ ਸਾਹਿਬ ਅਤੇ ਚਾਰ ਧਾਮ ਯਾਤਰਾ 'ਤੇ ਸ਼ਰਧਾਲੂਆਂ ਦੀ ਗਿਣਤੀ 30 ਫੀਸਦੀ ਘਟੀ

ਦੇਹਰਾਦੂਨ: ਉੱਤਰਾਖੰਡ ਵਿੱਚ ਸਰਗਰਮ ਹੋਏ ਦੱਖਣ-ਪੱਛਮੀ ਮੌਨਸੂਨ ਕਾਰਨ ਸਿੱਖਾਂ ਦੇ ਪਵਿੱਤਰ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਅਤੇ ਚਾਰ ਧਾਮ ਯਾਤਰਾ 'ਤੇ ਇਸ ਦਾ ਸਿੱਧਾ ਅਸਰ ਦੇਖਣ ਨੂੰ ਮਿਲ ਰਿਹਾ ਹੈ. ਮੌਨਸੂਨ ਦੀ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਪਿਛਲੇ ਪੰਜ ਦਿਨਾਂ ਦੌਰਾਨ ਇਨ੍ਹਾਂ ਧਾਰਮਿਕ ਸਥਾਨਾਂ 'ਤੇ ਪਹੁੰਚਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਵਿੱਚ 30 ਫੀਸਦੀ ਦੀ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਵਿੱਚ ਸਭ ਤੋਂ ਵੱਧ ਪ੍ਰਭਾਵ ਕੇਦਾਰਨਾਥ ਯਾਤਰਾ 'ਤੇ ਪਿਆ ਹੈ.

ਸੂਬੇ ਵਿੱਚ ਪਹਿਲੀ ਜੁਲਾਈ ਤੋਂ ਮੌਨਸੂਨ ਦੇ ਪੂਰੀ ਤਰ੍ਹਾਂ ਸਰਗਰਮ ਹੋਣ ਤੋਂ ਬਾਅਦ ਲਗਾਤਾਰ ਹੋ ਰਹੇ ਮੀਂਹ ਕਾਰਨ ਯਾਤਰੀਆਂ ਦੀ ਆਮਦ ਦਿਨ-ਬ-ਦਿਨ ਘਟ ਰਹੀ ਹੈ. ਸਰਕਾਰੀ ਅੰਕੜਿਆਂ ਅਨੁਸਾਰ, 1 ਜੁਲਾਈ ਨੂੰ ਸ੍ਰੀ ਹੇਮਕੁੰਟ ਸਾਹਿਬ ਅਤੇ ਚਾਰ ਧਾਮਾਂ ਵਿੱਚ ਨਤਮਸਤਕ ਹੋਣ ਵਾਲੇ ਸ਼ਰਧਾਲੂਆਂ ਦੀ ਕੁੱਲ ਗਿਣਤੀ 27,232 ਸੀ, ਜੋ ਕਿ 5 ਜੁਲਾਈ ਤੱਕ ਘਟ ਕੇ ਮਹਿਜ਼ 19,202 ਰਹਿ ਗਈ ਹੈ.